ਔਕਸਫੌਰਡ ਯੂਨਿਵਰਸਿਟੀ ਵਲੋਂ ਤਿਆਰ ਕੀਤੀ ਜਾ ਰਹੀ ਦਵਾਈ ਉੱਤੇ ਕਾਫੀ ਉਮੀਦਾਂ ਲੱਗੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵਲੋਂ ਬੱਚਿਆਂ ਲਈ ਵਰਤੀ ਜਾ ਰਹੀ ਟੀਕਾਕਰਣ ਪ੍ਰਣਾਲੀ ਦੀ ਤਰਜ਼ ਉੱਤੇ ਹੀ ਕਰੋਨਾਵਾਇਰਸ ਦੀ ਦਵਾਈ ਨੂੰ ਆਸਟ੍ਰੇਲੀਅਨ ਲੋਕਾਂ ਉੱਤੇ ਲਾਗੂ ਕੀਤੇ ਜਾਣ ਦੀ ਗੱਲ ਕਹੀ ਗਈ ਹੈ।
ਆਸਟ੍ਰੇਲੀਅਨ ਮੈਡੀਕਲ ਐਸੋਸ਼ਿਏਸ਼ਨ ਨੇ ਕਿਹਾ ਹੈ ਕਿ ਜਿਵੇਂ ਹੀ ਕੋਈ ਦਵਾਈ ਉਪਲਬਧ ਹੁੰਦੀ ਹੈ, ਉਸੀ ਸਮੇਂ ਇਸ ਨੂੰ ਪ੍ਰਾਪਤ ਕਰਨ ਲਈ ਇੱਕ ਤਰਾਂ ਦੀ ਹੌੜ ਜਿਹੀ ਲੱਗ ਜਾਣੀ ਹੈ। ਇਸ ਸੰਸਥਾ ਦੇ ਪ੍ਰਧਾਨ ਓਮਾਰ ਖੋਰਸ਼ੀਦ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਸ ਵਰਤੀ ਜਾ ਰਹੀ ਤੇਜ਼ੀ ਤੋਂ ਕਈ ਪ੍ਰਕਾਰ ਦੇ ਖਤਰੇ ਵੀ ਪੈਦਾ ਹੋ ਸਕਦੇ ਹਨ ਕਿਉਂਕਿ ਅਜਿਹੀਆਂ ਦਵਾਈਆਂ ਨੂੰ ਵਿਕਸਤ ਕਰਨ ਵਿੱਚ ਆਮ ਤੌਰ ਉੱਤੇ ਕਈ ਸਾਲਾਂ ਦਾ ਸਮਾਂ ਲਗਦਾ ਹੈ।
ਫੈਡਰਲ ਸਰਕਾਰ ਵਲੋਂ ਵਾਅਦਾ ਕੀਤਾ ਗਿਆ ਹੈ ਕਿ ਹਰ ਵਿਕਸਤ ਹੋਣ ਵਾਲੀ ਦਵਾਈ ਦੀ ਪੂਰੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਯਕੀਨੀ ਬਣਾਇਆ ਜਾਵੇਗਾ ਕਿ ਉਹ ਹਰ ਪਾਸਿਓਂ ਸੁਰੱਖਿਅਤ ਹੈ। ਨਰਸਿੰਗ ਅਤੇ ਮਿਡਵਾਈਫਰੀ ਅਫਸਰ ਐਲੀਸਨ ਮੈਕਮਿਲਨ ਨੇ ਮੰਗ ਕੀਤੀ ਹੈ ਕਿ ਆਸਟ੍ਰੇਲੀਅਨ ਲੋਕਾਂ ਨੂੰ ਸਪੱਸ਼ਟ ਅਤੇ ਸਹੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।
ਆਸਟ੍ਰੇਲੀਆ ਵਿੱਚ ਵਿਕਸਤ ਹੋਣ ਵਾਲੀ ਦਵਾਈ ਦੀ ਅਜੇ ਵੀ ਪੂਰੀ ਸੰਭਾਵਨਾਂ ਹੈ। ਯੂਨਿਵਰਸਿਟੀ ਆਫ ਕੂਈਨਜ਼ਲੈਂਡ ਵਿੱਚ ਇਸ ਦੇ ਪਹਿਲੇ ਪੜਾਅ ਦੀਆਂ ਅਜਮਾਇਸ਼ਾਂ ਚੱਲ ਰਹੀਆਂ ਹਨ। ਯੂਨਿਵਰਸਿਟੀ ਦੇ ਖੋਜੀਆਂ ਦੀ ਟੀਮ ਦੇ ਮੁਖੀ ਪੌਲ ਯੰਗ ਦਾ ਕਹਿਣਾ ਹੈ ਕਿ ਇਹ ਦਵਾਈ ਅਗਲੇ ਸਾਲ ਦੇ ਮੱਧ ਤੱਕ ਤਿਆਰ ਹੋ ਸਕਦੀ ਹੈ। ਪ੍ਰੋਫੈਸਰ ਯੰਗ ਦਾ ਕਹਿਣਾ ਹੈ ਕਿ ਇਹ ਦਵਾਈ ਪਿਛਲੇ ਕਈ ਸਾਲਾਂ ਤੋਂ ਹੁੰਦੀ ਆ ਰਹੀ ਵਿਆਪਕ ਖੋਜ ਉੱਤੇ ਅਧਾਰਤ ਹੋਵੇਗੀ ਅਤੇ ਸੁਰੱਖਿਆ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਵੇਗਾ।
ਇਸੀ ਤਰਾਂ ਐਡੀਲੇਡ ਦੀ ਫਲਿੰਡਰਜ਼ ਯੂਨਿਵਰਸਿਟੀ ਦੇ ਵਿਗਿਆਨੀ ਵੀ ਅਜਿਹੀ ਦਵਾਈ ਬਨਾਉਣ ਲਈ ਯਤਨ ਕਰ ਰਹੇ ਹਨ ਜਿਸ ਨੂੰ ਕੋਵੈਕਸ-19 ਦਾ ਨਾਮ ਦਿੱਤਾ ਜਾ ਰਿਹਾ ਹੈ। ਖੋਜੀਆਂ ਦੇ ਮੁਖੀ ਨਿਕੋਲਾਈ ਪੈਟਰੋਸਕੀ ਵੀ ਮੰਗ ਕਰ ਰਹੇ ਹਨ ਕਿ ਆਸਟ੍ਰੇਲੀਅਨ ਲੋਕਾਂ ਨੂੰ ਕਰੋਨਾਵਾਇਰਸ ਦੀ ਵਿਕਸਤ ਹੋਣ ਵਾਲੀਆਂ ਦਵਾਈਆਂ ਦੀਆਂ ਵੱਖ ਵੱਖ ਕਿਸਮਾਂ ਬਾਰੇ ਪੂਰੀ ਜਾਣਕਾਰੀ ਮਿਲਣੀ ਚਾਹੀਦੀ ਹੈ।
ਦਸਣਯੋਗ ਹੈ ਕਿ ਆਸਟ੍ਰੇਲੀਆ ਵਿੱਚ ਇਸ ਲਾਗ ਤੋਂ ਮਰਨ ਵਾਲਿਆਂ ਦੀ ਗਿਣਤੀ 500 ਨੂੰ ਟੱਪ ਗਈ ਹੈ। ਵਿਕਟੋਰੀਆ ਵਿੱਚ ਇਸ ਮਹਾਂਮਾਰੀ ਦੇ ਨਵੇਂ ਕੇਸਾਂ ਵਿੱਚ ਕੁੱਝ ਨਰਮੀ ਦੇਖੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਇਸ ਮਹੀਨੇ ਦੇ ਸਭ ਤੋਂ ਘੱਟ, 116 ਨਵੇਂ ਕੇਸ ਦਰਜ ਹੋਏ ਹਨ ਜਦਕਿ 15 ਮੌਤਾਂ ਵੀ ਦਰਜ ਹੋਈਆਂ ਹਨ। ਨਿਊ ਸਾਊਥ ਵੇਲਜ਼ ਵਿੱਚ ਵੀ ਨਵੇਂ ਕੇਸਾਂ ਦੀ ਗਿਣਤੀ ਚਾਰ ਦਰਜ ਕੀਤੀ ਗਈ ਹੈ। ਟੰਗਾਰਾ ਸਕੂਲ ਨੂੰ ਮੁੜ ਤੋਂ ਖੋਲਿਆ ਜਾ ਰਿਹਾ ਹੈ।
ਅਤੇ ਜੇ ਸੰਸਾਰ ਭਰ ਵੱਲ ਨਜ਼ਰ ਮਾਰੀਏ ਤਾਂ ਇਸ ਮਹਾਂਮਾਰੀ ਤੋਂ 23.2 ਮਿਲੀਅਨ ਲੋਕ ਪੀੜਤ ਹੋ ਚੁੱਕੇ ਹਨ, 8 ਲੱਖ ਤੋਂ ਜਿਆਦਾ ਮੌਤਾਂ ਹੋਈਆਂ ਹਨ। ਤਕਰੀਬਨ 15 ਮਿਲੀਅਨ ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋ ਚੁੱਕੇ ਹਨ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।