ਇਸ ਬਾਰੇ ਐਸਬੀਐਸ ਨਾਲ ਗੱਲਬਾਤ ਕਰਦਿਆਂ ਕੋਰੈਕਟਿਵ ਸਰਵਿਸਿਜ਼ ਤੋਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ "ਵਰਦੀ ਸਬੰਧੀ ਨਵੀਂ ਨੀਤੀ ਨਸ਼ਰ ਕੀਤੀ ਜਾ ਚੁੱਕੀ ਹੈ ਭਾਵ ਇਹ ਅਮਲ ਵਿੱਚ ਆ ਚੁੱਕੀ ਹੈ। ਜੋ ਕਰਚਮਾਰੀ ਦਸਤਾਰ ਪਹਿਨਣਾ ਚਾਹੁੰਦੇ ਹਨ, ਉਹ ਵਿਭਾਗ ਦੇ ਪੋਰਟਲ ’ਤੇ ਜਾ ਕੇ ਇਸ ਨੂੰ ਹਾਸਲ ਕਰ ਸਕਦੇ ਹਨ।"
ਉਨ੍ਹਾਂ ਦੱਸਿਆ ਕਿ ਯੂਨੀਫਾਰਮ ਕਮੇਟੀ ਨੇ ਇਹ ਤੈਅ ਕੀਤਾ ਹੈ ਕਿ ਦਸਤਾਰ ਦਾ ਕੱਪੜਾ 100% ਸੂਤੀ ਹੋਵੇਗਾ ਅਤੇ ਆਕਾਰ ਦੇ ਪੱਖ ਤੋਂ ਇਹ 5 ਮੀਟਰ ਹੋਵੇਗੀ। ਜੇਕਰ ਕੋਈ ਵਿਅਕਤੀ ਵੱਡੇ ਆਕਾਰ ਦੀ ਦਸਤਾਰ ਬੰਨਣਾ ਚਾਹੁੰਦਾ ਹੈ ਤਾਂ ਯੂਨੀਫਾਰਮ ਪੋਰਟਲ ’ਤੇ ਇਸ ਸਬੰਧੀ ਫੀਡਬੈਕ ਅਤੇ ਸੁਝਾਅ ਵੀ ਦਿੱਤੇ ਜਾ ਸਕਦੇ ਹਨ।
ਦਸਤਾਰ ਦੇ ਰੰਗ ਦਾ ਜ਼ਿਕਰ ਕਰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਦਸਤਾਰਧਾਰੀਆਂ ਵਿੱਚ ਇੱਕਸਾਰਤਾ ਲਿਆਉਣ ਦੇ ਮਕਸਦ ਨਾਲ ਨੇਵੀ ਬਲਿਊ ਰੰਗ ਹੀ ਚੁਣਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਦਸਤਾਰ ਨੂੰ ਵਰਦੀ ਦਾ ਹਿੱਸਾ ਬਣਾਉਣ ਦਾ ਫੈਸਲਾ ਨਿਊ ਸਾਊਥ ਵੇਲਜ਼ ਦੇ ਬਹੁ-ਸੱਭਿਆਚਾਰਕ ਕਾਨੂੰਨ ਤਹਿਤ ਲਿਆ ਗਿਆ ਹੈ ਅਤੇ ਇਸ ਦੇ ਲਈ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਨਾਲ ਵੀ ਸਲਾਹ-ਮਸ਼ਵਰਾ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਨਵੀਂ ਨੀਤੀ ਵਿੱਚ ਸਟਾਫ ਦੀਆਂ ਮੁਸਲਿਮ ਮਹਿਲਾਵਾਂ ਲਈ ਹਿਜਾਬ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।



