27 ਸਾਲਾ ਸਿਮਰਨਜੀਤ ਸਿੰਘ ਭੁੱਲਰ ਨੂੰ 30 ਅਪ੍ਰੈਲ ਵਾਲੇ ਦਿਨ ਕੋਬਰਾਮ ਵਿੱਚ ਰਾਤ 9 ਵਜੇ ਦੇ ਕਰੀਬ ਆਖਰੀ ਵਾਰ ਦੇਖਿਆ ਗਿਆ ਸੀ ਜਦਕਿ ਉਸ ਦੀ ਰਿਹਾਇਸ਼ ਸ਼ੈਪਰਟਨ ਵਿੱਚ ਸੀ।
ਖਾਸ ਨੁੱਕਤੇ:
- ਪੁਲਿਸ ਵੱਲੋਂ ਸਿਮਰਨਜੀਤ ਸਿੰਘ ਭੁੱਲਰ ਦੀ ਇੱਕ ਲਾਪਤਾ ਵਿਅਕਤੀ ਵਜੋਂ ਕੀਤੀ ਜਾ ਰਹੀ ਹੈ ਭਾਲ਼।
- ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਿਸ ਨੇ ਜਾਂਚ ਵਿੱਚ ਇੱਕ ਪੰਜਾਬੀ ਪੁਲਿਸ ਅਫਸਰ ਨੂੰ ਕੀਤਾ ਸ਼ਾਮਲ।
- ਸਿਮਰਨਜੀਤ ਦੀ ਕਾਰ ਲੱਭਣ ਪਿੱਛੋਂ ਪੁਲਿਸ ਨੇ ਇਸਨੂੰ ਫੋਰੈਂਸਿੱਕ ਜਾਂਚ ਲਈ ਭੇਜਿਆ।
ਭੁੱਲਰ ਦੇ ਪੰਜਾਬ ਰਹਿੰਦੇ ਪਰਿਵਾਰ ਵੱਲੋਂ ਉਸਦੀ ਗੁੰਮਸ਼ੁਦਗੀ ਨੂੰ ਚਿੰਤਾ ਨੀ ਨਜ਼ਰ ਨਾਲ਼ ਦੇਖਿਆ ਜਾ ਰਿਹਾ ਹੈ।
3 ਮਈ ਐਤਵਾਰ ਨੂੰ ਸਿਮਰਨਜੀਤ ਦੀ ਸਲੇਟੀ ਰੰਗੀ 2010 ਫੋਰਡ ਫੈਲਕਨ ਕਾਰ ਵਿਕਟੋਰੀਆ ਦੇ ਖੇਤਰੀ ਇਲਾਕੇ ਮੂਕਾਟਾ ਤੋਂ ਮਿਲੀ ਸੀ।
ਪੁਲਿਸ ਦਾ ਕਹਿਣਾ ਹੈ ਕਿ ਕਾਰ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਲੱਗਦਾ ਹੈ ਕਿ ਜਦੋਂ ਇਹ ਸੜਕ ਤੋਂ ਖਤਾਨਾਂ ਵੱਲ ਗਈ ਸੀ ਤਾਂ ਇਸ ਨੂੰ ਕੁੱਝ ਨੁਕਸਾਨ ਵੀ ਹੋਇਆ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਵਿਕਟੋਰੀਆ ਪੁਲਿਸ ਦੀ ਅਫਸਰ ਪਰਮਿੰਦਰ ਕੌਰ ਜੋ ਕਿ ਕੋਬਰਾਮ ਕਰਾਈਮ ਇੰਨਵੈਸਟੀਗੇਸ਼ਨ ਯੂਨਿਟ ਦੀ ਮਦਦ ਕਰ ਰਹੇ ਹਨ, ਨੇ ਦਸਿਆ ਕਿ ਕਾਰ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਪਰਮਿੰਦਰ ਕੌਰ ਨੇ ਕਿਹਾ ਕਿ ਹਾਲ ਦੀ ਘੜੀ ਪੁਲਿਸ ਉਸ ਨੂੰ ਲਾਪਤਾ ਮੰਨਕੇ ਤਫਤੀਸ਼ ਕਰ ਰਹੀ ਹੈ – “ਪਿਛਲੇ ਦੋ ਦਿਨਾਂ ਤੋਂ ਅਸੀਂ ਬਰੀਕੀ ਨਾਲ ਜਾਂਚ ਕਰਦੇ ਹੋਏ ਸਿਮਰਜੀਤ ਦੇ ਪਿਤਾ ਅਤੇ ਦੋਸਤਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕੀਤੀ ਹੈ।“
ਉਨ੍ਹਾਂ ਕਿਹਾ ਕਿ ਜ਼ਿਆਦਾ ਸਮਾਂ ਬੀਤਣ ਨਾਲ ਪੁਲਿਸ ਵੱਲੋਂ ਉਸਦੀ ਗੁੰਮਸ਼ੁਦਗੀ ਨੂੰ ਚਿੰਤਾ ਦੀ ਦੇਖਿਆ ਜਾ ਰਿਹਾ ਹੈ।
ਪੁਲਿਸ ਨੇ ਉਸਦੀ ਫੋਟੋ ਜਾਰੀ ਕਰਦੇ ਹੋਏ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਪੁਲਿਸ ਨਾਲ ਸੰਪਰਕ ਕਰਨ।
ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾ ਸਕਦੀ ਹੈ। ਇਸ ਸਬੰਧੀ ਸ਼ੈਪਰਟਨ ਪੁਲਿਸ ਨੂੰ 03 5820 5777 ਜਾਂ ਕਰਾਈਮ ਸਟੌਪਰਸ ਨੂੰ 1800 333 000 ਉੱਤੇ ਫੋਨ ਕੀਤਾ ਜਾ ਸਕਦਾ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ