ਵਿਕਟੋਰੀਆ ਦੇ ਪ੍ਰੀਮੀਅਰ ਡੇਨਿਅਲ ਐਂਡਰਿਊਜ਼ ਨੇ ਵਿਕਟੋਰੀਆ ਦੀ ਭਾਰਤ ਪ੍ਰਤੀ ਰਣਨੀਤੀ ਦਾ ਖੁਲਾਸਾ ਕੀਤਾ ਹੈ, ਜਿਸ ਦਾ ਨਾਮ ਉਹਨਾਂ ਨੇ ‘ਸਾਡਾ ਸਾਂਝਾ ਭਵਿੱਖ’ ਰੱਖਿਆ ਹੈ। ਇਸ ਨੀਤੀ ਦੁਆਰਾ ਭਾਰਤ ਵਿੱਚ ਨਿਰਯਾਤ ਦਾ ਵਾਧਾ ਕਰਨਾ, ਸੂਬੇ ਵਿੱਚ ਹੋਰ ਵੀ ਜਿਆਦਾ ਅੰਤਰ-ਰਾਸ਼ਟਰੀ ਸਿਖਿਆਰਥੀਆਂ ਨੂੰ ਸੱਦਣਾ ਅਤੇ ਨਾਲ ਹੀ ਵਧੇਰੇ ਮਾਤਰਾ ਵਿੱਚ ਸੈਲਾਨੀਆਂ ਨੂੰ ਵੀ ਇੱਥੇ ਆਉਣ ਲਈ ਪ੍ਰੇਰਤ ਕਰਨਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸਾਰੇ ਕਾਸੇ ਦਾ ਸਿੱਧਾ ਮੰਤਵ, ਵਿਕਟੋਰੀਆ ਵਿੱਚ ਵਪਾਰ ਅਤੇ ਨੋਕਰੀਆਂ ਨੂੰ ਵਧਾਉਣਾ ਹੀ ਹੈ। ਸ਼੍ਰੀ ਐਡਰਿਊਜ਼ ਨੇ ਇਸ ਬਾਬਤ ਪੂਰੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸੂਬਾ, ਸੰਸਾਰ ਦੀ ਉੱਭਰ ਰਹੀ ਅਰਥ ਵਿਵਸਥਾ ਵਿੱਚ ਕਿਸ ਤਰਾਂ ਨਾਲ ਨਿਵੇਸ਼ ਕਰਨਾ ਚਾਹ ਰਿਹਾ ਹੈ।
ਪ੍ਰੀਮਿਅਰ ਸਾਲ 2027 ਤੱਕ ਸੂਬੇ ਵਿਚ ਪੋਸਟ ਗਰੈਜੂਏਟ ਸਿਖਿਆਰਥੀਆਂ ਦੀ ਮਾਤਰਾ ਵੀ ਲੱਗਭਗ 25 ਫੀਸਦੀ ਤੱਕ ਵਧਾਉਣਾਂ ਚਾਹੁੰਦੇ ਹਨ।
ਵਿਕਟੋਰੀਆ ਸੂਬੇ ਦੇ ਵਪਾਰ ਮੰਤਰੀ ਫਿਲ ਡੈਲੀਕਾਡੀਸ ਨੇ ਕਿਹਾ ਕਿ ਇਸ ਨੀਤੀ ਨਾਲ ਦੁਵੱਲੇ ਸਬੰਧਾਂ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਵੇਗੀ।
ਇਸ ਦੇ ਨਾਲ ਹੀ ਇੰਡੀਆ ਬਿਸਨਸ ਕਾਂਉਂਸਲ ਨੇ ਵੀ ਇਸ ਨੀਤੀ ਦੀ ਪਿੱਠ ਠੋਕੀ ਹੈ। ਇਸ ਦੇ ਵਾਈਸ ਚੇਅਰ ਜਿੰਮ ਵਿਰਘੀਜ਼ ਨੇ ਕਿਹਾ ਹੈ ਕਿ ਇਹ ਬਹੁਤ ਹੀ ਸਕਾਰਾਤਮਕ ਕਦਮ ਹੈ।
ਮਾਈਂਡ ਬਲੋਇੰਗ ਫਿਲਮਸ ਦੀ ਡਾਇਰੈਕਟ ਮਿਤੂ ਭੋਮਿਕ ਲੈਂਗੇ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ।
ਇਸ ਡਾਇਰੈਕਟਰ ਦਾ ਇਹ ਵੀ ਮੰਨਣਾ ਹੈ ਕਿ ਭਾਰਤ ਦੇ ਬਹੁਤ ਹੀ ਪੀਡੇ ਅਤੇ ਹਲਚੱਲ ਵਾਲੇ ਫਿਲਮੀਂ ਉਦਿਯੋਗ ਨਾਲ ਸਬੰਧ ਸੁਧਾਰਨੇ ਬਹੁਤ ਹੀ ਲਾਹੇਵੰਦ ਹੋਣਗੇ।
ਇਸ ਦੇ ਨਾਲ ਹੀ ਜਿੰਮ ਵਿਰਘੀਜ਼ ਨੇ ਇਹ ਵੀ ਕਿਹਾ ਹੈ ਕਿ ਇੱਥੇ ਆਉਣ ਵਾਲੇ ਭਾਰਤੀਆਂ ਦੇ ਸਵਾਗਤ ਦੇ ਨਾਲ ਨਾਲ, ਉਹਨਾਂ ਦੀ ਸੁਰੱਖਿਆ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਉਹ ਕਹਿੰਦੇ ਹਨ ਕਿ ਇੱਥੇ ਆਣ ਵਾਲਿਆਂ ਨੂੰ ਆਸਟ੍ਰੇਲੀਆਨ ਭਾਈਚਾਰੇ ਵਿੱਚ ਸ਼ਾਮਲ ਕਰਨਾਂ ਸਿਖਰਲੀ ਤਰਜੀਹ ਹੋਣੀ ਚਾਹੀਦੀ ਹੈ।
ਪ੍ਰੀਮੀਅਰ ਐਂਡਰੀਊਜ਼ ਸੋਮਵਾਰ 15 ਜਨਵਰੀ ਨੂੰ ਆਪਣੇ ਪਲੇਠੇ, ਭਾਰਤੀ ਦੇ ਦੋਰੇ ਤੇ ਜਾ ਰਹੇ ਹਨ।