ਵਿਕਟੋਰੀਆ ਰਾਜ ਨੇ ਕੋਵਿਡ-19 ਵਾਲੀਆਂ ਸਖਤ ਬੰਦਸ਼ਾਂ ਦੁਬਾਰਾ ਲਾਗੂ ਕਰ ਦਿੱਤੀਆਂ ਹਨ। ਇਹਨਾਂ ਵਿੱਚ ਅੰਦਰੂਨੀ ਇਕੱਠਾਂ ਨੂੰ ਪੰਜ ਵਿਅਤੀਆਂ, ਬਾਹਰੀ ਇਕੱਠਾਂ ਨੂੰ 10 ਅਤੇ ਖਾਣਾ ਖਾਣ ਵਾਲੀਆਂ ਥਾਵਾਂ ਨੂੰ 20 ਗਾਹਕਾਂ ਤੱਕ ਮੁੜ ਤੋਂ ਸੀਮਤ ਕਰ ਦਿੱਤਾ ਹੈ।ਅਜਿਹਾ ਰਾਜ ਵਿੱਚ ਕੋਵਿਡ-19 ਦੇ ਕਈ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਕੀਤਾ ਗਿਆ ਹੈ - ਰਾਜ ਵਿੱਚ ਕੇਸਾਂ ਦੀ ਗਿਣਤੀ 1800 ਤੋਂ ਉੱਪਰ ਹੋ ਚੁੱਕੀ ਹੈ।
ਮਹਾਂਮਾਰੀ ਦੇ ਦੂਜੇ ਗੇੜ ਦੇ ਸ਼ੁਰੂ ਹੋਣ ਦੇ ਫਿਕਰ ਨਾਲ 19 ਮਈ ਰਾਤ ਤੋਂ ਵਿਕਟੋਰੀਆ ਰਾਜ ਵਿੱਚ ‘ਸਟੇਟ ਆਫ ਐਮਰਜੈਂਸੀ’ ਨੂੰ ਚਾਰ ਹੋਰ ਹਫਤਿਆਂ ਲਈ ਵਧਾ ਦਿੱਤਾ ਗਿਆ ਹੈ।
ਰਾਜ ਦੀ ਸਿਹਤ ਮੰਤਰੀ ਜੈਨੀ ਮਿਕਾਕੋਸ ਨੇ ਦੱਸਿਆ ਹੈ ਕਿ ਨਵੇਂ ਕੇਸ ਪਰਿਵਾਰਾਂ ਅਤੇ ਸਮੂਹਾਂ ਵਿੱਚੋਂ ਪੈਦਾ ਹੋਏ ਹਨ।
ਪੁਲਿਸ ਵਲੋਂ ਸਖਤੀ ਨਾਲ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਲੋਕ ਨਿਯਮਾਂ ਦੀ ਪਾਲਣਾਂ ਕਰਨ, ਖਾਸ ਕਰਕੇ ਸੈਰ-ਸਪਾਟੇ ਵਾਲੀਆਂ ਥਾਵਾਂ ਉੱਤੇ। ਬਹੁਤ ਜਲਦੀ ਹੀ ਸਕੂਲਾਂ ਵਿੱਚ ਛੁੱਟੀਆਂ ਦੇ ਨਾਲ ਨਾਲ ਬਰਫਬਾਰੀ ਵਾਲੇ ਯਾਤਰੀ ਮੌਸਮ ਦੀ ਸ਼ੁਰੂਆਤ ਵੀ ਹੋਣ ਵਾਲੀ ਹੈ।
500 ਪੁਲਿਸ ਅਫਸਰਾਂ ਦੀ ਟੀਮ ਘਰਾਂ ਉੱਤੇ ਨਿਗਰਾਨੀ ਕਰਦੇ ਹੋਏ ਉਲੰਘਣਾਂ ਕਰਨ ਵਾਲੇ ਵਿਅਕਤੀਆਂ ਨੂੰ 1600 ਡਾਲਰ ਅਤੇ ਅਦਾਰਿਆਂ ਨੂੰ 9,900 ਡਾਲਰਾਂ ਦੇ ਜੁਰਮਾਨੇ ਕਰ ਸਕੇਗੀ ।
ਪੁਲਿਸ ਮੰਤਰੀ ਲੀਸਾ ਨੈਵਿਲ ਨੇ ਕਿਹਾ ਹੈ ਕਿ ਇਸ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕਿ ਹੁਣ ਤੱਕ ਪੁਲਿਸ ਨੇ 77 ਹਜਾਰ ਛਾਪੇ ਮਾਰੇ ਹਨ।
ਦਾ ਆਸਟ੍ਰੇਲੀਅਨ ਮੈਡੀਕਲ ਐਸੋਸਿਏਸ਼ਨ ਵਲੋਂ ਵੀ ਰਾਜ ਵਿੱਚ ਹੰਗਾਮੀ ਪੱਧਰ ਤੇ ਕਾਰਵਾਈ ਉਲੀਕੀ ਗਈ ਹੈ ਤਾਂ ਕਿ ਲੱਗੀਆਂ ਹੋਈਆਂ ਬੰਦਸ਼ਾਂ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਇਸ ਦੇ ਪ੍ਰਧਾਨ ਟੋਨੀ ਬਾਰਟੋਨੀ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਲੱਗੀਆਂ ਬੰਦਸ਼ਾਂ ਕਾਰਨ ਨਿਵਾਸੀ ਅੱਕ ਚੁੱਕੇ ਹਨ। ਪਰ ਉਹਨਾਂ ਨੇ ਏ ਬੀ ਸੀ ਨਾਲ ਗੱਲ ਕਰਦੇ ਹੋਏ ਇਸ ਗੱਲ ਦੀ ਚਿਤਾਵਨੀ ਦਿੱਤੀ ਕਿ ਇਹ ਵਾਇਰਸ ਹਾਲੇ ਵੀ ਬਹੁਤ ਖਤਰਨਾਕ ਹੈ।
ਕੂਈਨਜ਼ਲੈਂਡ ਦੇ ਸਿਹਤ ਵਿਭਾਗ ਨੇ ਵੀ ਹੁਣ ਆਪਣੇ ਸਾਰੇ 31 ਲੋਕਲ ਖੇਤਰਾਂ ਨੂੰ ਉੱਚ-ਖੱਤਰੇ ਵਾਲੇ ਖੇਤਰ ਐਲਾਨ ਦਿੱਤਾ ਹੈ। ਖਾਸ ਕਰਕੇ, ਗਰੇਟਰ ਮੈਲਬਰਨ ਦੇ ਨੇੜਲੇ ਇਲਾਇਆਂ ਉੱਤੇ ਚੋਕਸੀ ਹੋਰ ਵਧਾ ਦਿੱਤੀ ਗਈ ਹੈ।
ਵਿਕਟੋਰੀਆਂ ਨਾਲ ਲਗਦੇ ਇਲਾਕਿਆਂ ਤੋਂ ਕੂਈਨਜ਼ਲੈਂਡ ਆਉਣ ਵਾਲੇ ਵਿਅਕਤੀਆਂ ਨੂੰ 14 ਦਿਨਾਂ ਦੀ ਲਾਜ਼ਮੀ ਇਕੱਲਤਾ ਧਾਰਨ ਕਰਨੀ ਹੋਵੇਗੀ।
ਲੇਬਰ ਦੇ ਸਿਹਤ ਮਾਮਲਿਆਂ ਦੇ ਬੁਲਾਰੇ ਕਰਿਸ ਬੋਵਨ ਨੇ ਏ ਬੀ ਸੀ ਨਾਲ ਗੱਲ ਕਰਦੇ ਹੋਏ ਕਿਹਾ ਹੈ ਕਿ ਇਸ ਵਾਇਸਰ ਦੇ ਪੂਰਨ ਖਾਤਮੇ ਨੂੰ ਅਜੇ ਕਾਫੀ ਲੰਬਾ ਸਮਾਂ ਲੱਗੇਗਾ।
ਨਾਲ ਹੀ ਸ਼੍ਰੀ ਬੋਵਨ ਨੇ ਰਾਜਾਂ ਅਤੇ ਪ੍ਰਦੇਸ਼ਾਂ ਦੇ ਨੇਤਾਵਾਂ ਵਲੋਂ ਇਸ ਵਾਇਰਸ ਨੂੰ ਠੱਲਣ ਪ੍ਰਤੀ ਕੀਤੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ, ਜਿਹਨਾਂ ਵਿੱਚ ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਵੀ ਸ਼ਾਮਲ ਹਨ।
ਪਰ ਕਈ ਅਧਿਕਾਰੀਆਂ ਨੂੰ ਰਾਜਾਂ ਵਿਚਲੀਆਂ ਸਰਹੱਦਾਂ ਨੂੰ ਖੋਲ੍ਹਣ ਪ੍ਰਤੀ ਹੋ ਰਹੀ ਦੇਰੀ ਦੀ ਵੀ ਚਿੰਤਾ ਲੱਗੀ ਹੋਈ ਹੈ। ਕੂਈਨਜ਼ਲੈਂਡ ਦੇ ਵਿਰੋਧੀ ਧਿਰ ਦੇ ਨੇਤਾ ਡੇਬ ਫਰੈਕਲਿੰਗਟਨ ਨੇ ਰਾਜ ਦੀਆਂ ਸਰਹੱਦਾਂ 1 ਜੂਲਾਈ ਤੋਂ ਖੋਲ੍ਹਣ ਦੀ ਮੰਗ ਕੀਤੀ ਹੈ, ਕਿਉਂਕਿ ਵਪਾਰਾਂ ਅਤੇ ਨੌਕਰੀਆਂ ਨੂੰ ਬਹੁਤ ਨੁਕਸਾਨ ਪਹੁੰਚ ਚੁੱਕਿਆ ਹੈ।
ਫੈਡਰਲ ਰਿਸੋਰਸਿਸ ਮੰਤਰੀ ਕੀਥ ਪਿੱਟ ਨੇ ਵੀ ਰਾਜਾਂ ਅਤੇ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਫੈਡਰਲ ਸਰਕਾਰ ਦੀਆਂ ਸਿਫਾਰਸ਼ਾਂ ਤਹਿਤ ਆਪਣੀਆਂ ਸਰਹੱਦਾਂ ਨੂੰ ਜਲਦ ਹੀ ਖੋਲ੍ਹ ਦੇਣ।
ਸਕਾਈ ਨਿਊਜ਼ ਨਾਲ ਗੱਲ ਕਰਦੇ ਹੋਏ ਸ਼੍ਰੀ ਪਿੱਟ ਨੇ ਕਿਹਾ ਕਿ ਅਜਿਹਾ ਕਰਨ ਨਾਲ ਅਰਥ-ਵਿਵਸਥਾ ਨੂੰ ਮੁੜ ਤੋਂ ਬੱਲ ਮਿਲੇਗਾ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ
ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।