ਸਟਾਲਿਨਵੀਰ ਪੰਜਾਬੀ ਸੱਭਿਆਚਾਰ ਦੇ ਅਸਲ ਪੱਖ ਤੇ ਲੋਕਧਾਰਾ ਨੂੰ ਨਿੱਕੇ-ਵੱਡੇ ਪਰਦੇ ਉੱਤੇ ਰੂਪਮਾਨ ਕਰਨ ਲਈ ਜਾਣਿਆ ਜਾਂਦਾ ਹੈ।
ਉਸ ਦੁਆਰਾ ਨਿਰਦੇਸ਼ਤ ਗੀਤਾਂ ਵਿੱਚ ਪੰਜਾਬ ਦੇ ਪਿੰਡਾਂ ਦੀ ਅਸਲ, ਸੋਹਣੀ ਤੇ ਵਿਲੱਖਣ ਤਸਵੀਰ ਪੇਸ਼ ਕੀਤੀ ਜਾਂਦੀ ਹੈ।
ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਦੌਰਾਨ ਉਸਨੇ ਆਖਿਆ ਕਿ ਉਸਨੂੰ ਮਾਣ ਹੈ ਕਿ ਉਸਨੂੰ ਆਪਣੀ ਕਲਾ ਰਾਹੀਂ ਕੁਝ ਵੱਖਰਾ ਅਤੇ ਵਧੀਆ ਸਿਰਜਣ ਦਾ ਮੌਕਾ ਮਿਲਿਆ।
"ਮੈਂ ਭੀੜ ਤੋਂ ਕਾਫ਼ੀ ਵੱਖਰਾ ਸੀ। ਸ਼ਾਇਦ ਇਸੇ ਕਰਕੇ ਪੰਜਾਬੀ ਸੰਗੀਤ ਜਗਤ ਦੇ ਵੱਡੇ ਨਾਵਾਂ ਨੇ ਮੇਰੇ ਉੱਤੇ ਭਰੋਸਾ ਕੀਤਾ ਅਤੇ ਇੱਕ ਵੱਡੇ ਦਰਸ਼ਕ ਵਰਗ ਨੇ ਮੇਰੇ ਕੰਮ ਨੂੰ ਸਰਾਹਿਆ," ਉਸਨੇ ਕਿਹਾ।
ਸਟਾਲਿਨਵੀਰ ਇੱਕ 'ਸੰਭਾਵਨਾ-ਭਰਪੂਰ' ਨਿਰਦੇਸ਼ਕ ਵਜੋਂ ਪਹਿਚਾਣ ਬਣਾ ਰਿਹਾ ਹੈ ਜਿਸਦਾ ਸਿਹਰਾ ਉਹ ਆਪਣੇ ਲੇਖਕ ਪਿਤਾ (ਮਰਹੂਮ) ਪ੍ਰਗਟ ਸਿੰਘ 'ਲਿਦੜਾਂ' ਨੂੰ ਦਿੰਦਾ ਹੈ।
ਗਾਇਕ ਹਰਜੀਤ ਹਰਮਨ ਨਾਲ਼ ਸਾਂਝ-ਭਿਆਲੀ ਦਾ ਜ਼ਿਕਰ ਕਰਦਾ ਉਹ ਇਸਨੂੰ ਆਪਣੇ ਕੈਰੀਅਰ ਲਈ ਸ਼ੁਭ-ਸ਼ਗਨ ਤੇ ਉਸਾਰੂ-ਤਜ਼ੁਰਬਾ ਮੰਨਦਾ ਹੈ।
ਫਿਲਮ ਅਕੈਡਮੀ ਬੰਬਈ ਤੋਂ ਤਿੰਨ ਸਾਲ ਨਿਰਦੇਸ਼ ਤੇ ਪੋਸਟ ਪ੍ਰੋਡਕਸ਼ਨ ਦੇ ਗੁਰ ਸਿੱਖਣ ਵਾਲੇ ਸਟਾਲਿਨਵੀਰ ਨੂੰ ਆਪਣੇ ਪਿਤਾ ਦੇ ਲਿਖੇ ਤੇ ਹਰਜੀਤ ਹਰਮਨ ਦੇ ਗਾਏ ਗੀਤ 'ਜੱਟੀ' ਤੋਂ ਕਾਫ਼ੀ ਮਕਬੂਲਤ ਮਿਲੀ ਤੇ ਉਸ ਪਿਛੋਂ ਸ਼ੁਰੂ ਹੋਇਆ ਉਸਦਾ ਇਹ ਸਫ਼ਰ ਅੱਜ ਵੀ ਜਾਰੀ ਹੈ ਜਿਸ ਤਹਿਤ ਉਹ ਹੁਣ ਤੱਕ 100 ਤੋਂ ਵੀ ਵੱਧ ਗੀਤਾਂ ਦਾ ਹਿੱਸਾ ਬਣ ਚੁੱਕਿਆ ਹੈ।
ਉਹ ਬਤੌਰ ਕਨਸੈਪਟ ਲੇਖਕ ਪੰਜਾਬ ਦੇ ਕਈ ਨਾਮੀ ਗਾਇਕਾਂ ਜਿਵੇਂ ਹਰਜੀਤ ਹਰਮਨ ਦੇ ਗੀਤ 'ਜੱਟੀ', ਵੀਤ ਬਲਜੀਤ ਦੇ ਗੀਤ ‘ਬੇਰੀ ਵਿਹੜੇ ਵਿੱਚ’, ਰਵਿੰਦਰ ਗਰੇਵਾਲ ਦੇ ਗੀਤ ‘ਅੱਖ ਬਦਲੀ’, ਗੀਤਾ ਜ਼ੈਲਦਾਰ ਦੇ ਗੀਤ ‘ਮੰਜੀ’, ਹਰਭਜਨ ਮਾਨ ਦੇ ਗੀਤ ‘ਸਾਉਣ’, ਜੱਸ ਬਾਜਵਾ ਦੇ ਗੀਤ ‘ਤੇਰਾ ਟਾਇਮ’ ਅਤੇ ਕੁਲਵਿੰਦਰ ਬਿੱਲਾ ਦੇ ਗੀਤ ‘ਸੁੱਚਾ ਸੂਰਮਾ’ ਆਦਿ ਦਾ ਵੀਡੀਓ ਫ਼ਿਲਮਾਂਕਣ ਕਰ ਚੁੱਕਿਆ ਹੈ। ਭਵਿੱਖ ਵਿੱਚ ਵੀ ਉਹ ਕਈ ਨਾਮਵਰ ਗਾਇਕਾਂ ਦੇ ਵੀਡੀਓ ਨਿਰਦੇਸ਼ਤ ਕਰਨ ਜਾ ਰਿਹਾ ਹੈ।

ਸਟਾਲਿਨਵੀਰ ਨੂੰ ਸਾਹਿਤਕ ਗੁੜ੍ਹਤੀ ਆਪਣੇ ਪਰਿਵਾਰ ਵਿੱਚੋਂ ਮਿਲੀ ਤੇ ਉਹ ਇਸਨੂੰ ਨਿਖਾਰਨ ਲਈ ਸਦਾ ਯਤਨਸ਼ੀਲ ਰਿਹਾ।
ਆਪਣੇ ਕਾਲਜ ਦੇ ਸਮੇਂ ਦੌਰਾਨ ਉਸਨੇ ਇੱਕ ਕਾਵਿ ਸੰਗ੍ਰਹਿ ‘ਬੱਦਲਾਂ ਉਹਲੇ ਮੱਘਦਾ ਸੂਰਜ’ ਪਾਠਕਾਂ ਦੇ ਰੂਬਰੂ ਕੀਤਾ।
ਉਸਨੂੰ ਫੋਟੋਗਰਾਫੀ ਦਾ ਵੀ ਸ਼ੌਕ ਹੈ, ਉਸਦੀਆਂ ਖਿੱਚੀਆਂ ਫੋਟੋਆਂ ਨਾ ਸਿਰਫ਼ ਉਸਦੇ ਸ਼ੋਸ਼ਲ ਮੀਡੀਆ ਪੇਜਾਂ ਬਲਕਿ ਪੰਜਾਬ ਦੇ ਨਾਮੀ ਅਖਬਾਰਾਂ ਤੇ ਰਸਾਲਿਆਂ ਦਾ ਵੀ ਹਿੱਸਾ ਬਣ ਰਹੀਆਂ ਹਨ।
ਐਸ ਬੀ ਐਸ ਪੰਜਾਬੀ ਨਾਲ ਇੰਟਰਵਿਊ ਵਿੱਚ ਉਸ ਨੇ ਆਪਣੇ 'ਚਿੜੀ ਦੀ ਚੁੰਝ' ਜਿੱਡੇ ਪਿੰਡ 'ਲਿੱਦੜਾਂ' ਦਾ ਵੀ ਜਿਕਰ ਕੀਤਾ।
ਸਟਾਲਿਨਵੀਰ ਆਪਣੇ ਕੰਮ ਅਤੇ ਉਸ ਤੋਂ ਮਿਲਦੇ ਇਵਜ਼ਾਨੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ।
ਉਸਨੇ ਦੱਸਿਆ ਕਿ ਉਸ ਵਿੱਚ ਪੰਜਾਬੀ ਸੰਗੀਤ ਖੇਤਰ ਨਾਲ਼ ਜੁੜੇ ਬਹੁਤੇ ਲੋਕਾਂ ਵਾਂਗ ਵਿਦੇਸ਼ ਖ਼ਾਸਕਰ ਕੈਨੇਡਾ ਜਾਣ ਦੀ ਤੜਫ ਨਹੀਂ ਹੈ। ਉਹ ਆਪਣੇ ਪਿੰਡ ਵਿੱਚ ਚੜ੍ਹਦੇ-ਛਿਪਦੇ ਸੂਰਜ, ਖੇਤਾਂ-ਫਸਲਾਂ, ਵਗਦੇ ਪਾਣੀਆਂ, ਪਸ਼ੂ-ਪੰਛੀਆ ਤੇ ਨਿਆਣਿਆਂ-ਸਿਆਣਿਆਂ ਦੇ ਅੰਗ-ਸੰਗ ਵਿਚਰਦਿਆਂ ਜ਼ਿਆਦਾ ਖੁਸ਼ੀ ਮਹਿਸੂਸ ਕਰਦਾ ਹੈ।
ਇਸ ਇੰਟਰਵਿਊ ਦੌਰਾਨ ਉਸਨੇ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਨੂੰ ਯਾਦ ਕਰਦਿਆਂ ਉਸ ਦੀ ਪੰਜਾਬੀ ਸੰਗੀਤ ਜਗਤ ਨੂੰ ਦੇਣ ਦਾ ਵੀ ਜ਼ਿਕਰ ਕੀਤਾ।
"ਸਿੱਧੂ ਦੇ ਗੀਤ ਆਪਣੇ ਖਿੱਤੇ ਦੇ ਲੋਕਾਂ ਉੱਤੇ ਰਹਿੰਦੀ ਦੁਨੀਆਂ ਤੱਕ ਅਸਰ ਪਾਉਂਦੇ ਰਹਿਣਗੇ। ਸਿੱਧੂ ਨੇ ਆਪਣੇ ਆਪ ਵਿੱਚ ਪੰਜਾਬ ਦਾ ਇੱਕ ਪਿੰਡ ਸਮਾਇਆ ਹੋਇਆ ਸੀ। ਟਿੱਬਿਆਂ ਦਾ ਪੁੱਤ ਜਦ ਤੁਰਦਾ ਸੀ, ਵਿਚਰਦਾ ਸੀ ਤਾਂ ਸਾਨੂੰ ਉਸ ਵਿੱਚੋਂ ਇੱਕ ਪੂਰੇ ਪਿੰਡ ਦੀ ਹਸਤੀ ਮਹਿਸੂਸ ਹੁੰਦੀ ਸੀ," ਉਸਨੇ ਕਿਹਾ।
ਸਟਾਲਿਨਵੀਰ ਨਾਲ਼ ਪੂਰੀ ਇੰਟਰਵਿਊ ਸੁਣਨ ਲਈ ਇਸ ਆਡੀਓ ਲਿੰਕ ਉੱਤੇ ਕਲਿੱਕ ਕਰੋ.........




