ਕੁਈਨਜ਼ਲੈਂਡ ਦੇ ਵਸਨੀਕ, ਸਵਰਨ ਸੰਧੂ, ਪੇਸ਼ੇ ਵਜੋਂ ਇੱਕ ਚਾਰਟਡ ਅਕਾਊਂਟੈਂਟ ਹਨ ਅਤੇ ਆਪਣੀ ਫਰਮ ਜ਼ਰੀਏ ਉਹ ਦੂਜੀਆਂ ਕੰਪਨੀਆਂ ਨੂੰ ਵੀ ਅਕਾਊਂਟਸ ਨਾਲ਼ ਜੁੜੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ।
ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਵਿੱਚ ਸ਼੍ਰੀ ਸੰਧੂ ਨੇ ਦੱਸਿਆ ਕਿ ਭਾਰਤ ਰਹਿੰਦਿਆਂ ਉਨ੍ਹਾਂ ਜ਼ਿੰਦਗੀ ਵਿੱਚ ਕਈ ਉਤਾਰ-ਚੜ੍ਹਾਅ ਦੇਖੇ।
"ਮੇਰੇ ਪਰਿਵਾਰ ਵਿੱਚ ਹੋਈਆਂ ਦੁਖਦ ਮੌਤਾਂ ਕਾਰਨ ਮੇਰਾ ਮਨ ਬਹੁਤ ਬੇਚੈਨ ਰਹਿੰਦਾ ਸੀ। ਪਰਿਵਾਰ ਵਿੱਚ ਹੋਏ ਕਤਲਾਂ ਲਈ ਜ਼ਿੰਮੇਵਾਰ ਲੋਕਾਂ ਪ੍ਰਤੀ ਮੇਰੇ ਮਨ ਚ ਬਹੁਤ ਰੋਸ ਸੀ," ਉਨ੍ਹਾਂ ਦੱਸਿਆ।
"ਮੇਰੀ ਸਮਝ ਤੋਂ ਇਹ ਬਾਹਰ ਸੀ ਕਿ ਇਨਸਾਨ ਵਿੱਚ ਇੱਕ-ਦੂਜੇ ਪ੍ਰਤੀ ਨਫਰਤ ਕਿਓਂ ਹੈ। ਸਭ ਧਰਮ ਸ਼ਾਂਤੀ ਦੀ ਸਿਖਿਆ ਦਿੰਦੇ ਹਨ ਪਰ ਇਸਦੇ ਬਾਵਜੂਦ ਏਨੀ ਕਤਲੋਗਾਰਤ ਕਿਓਂ ਹੈ? ਇਹਨਾਂ ਸਵਾਲਾਂ ਦਾ ਜੁਆਬ ਲੱਭਣ ਲਈ ਹੀ ਮੈਂ ਚੁੱਪ ਦੇ ਅਭਿਆਸ ਵੱਲ ਖਿੱਚਿਆ ਗਿਆ ਜਿਥੋਂ ਮੇਰੇ ਮਨ ਨੂੰ ਕਾਫੀ ਸਕੂਨ ਮਿਲਿਆ।"
ਸ਼੍ਰੀ ਸੰਧੂ, ਪਿਛਲੇ ਕਾਫੀ ਸਮੇਂ ਤੋਂ "ਵਿਪਾਸਨਾ" ਨਾਂ ਦੀ ਵਿਧੀ ਨਾਲ਼ ਜੁੜੇ ਹੋਏ ਹਨ, ਜੋ ਚੁੱਪ ਅਤੇ ਮੈਡੀਟੇਸ਼ਨ ਦੇ ਅਭਿਆਸ ਨਾਲ਼ ਮਨ ਨੂੰ ਟਿਕਾਓਣ ਤੇ ਸ਼ਾਂਤੀ ਦਾ ਅਨੁਭਵ ਕਰਨ ਦੇ ਨਾਲ਼-ਨਾਲ਼ ਆਪਣਾ "ਮੂਲ" ਪਹਿਚਾਨਣ ਦੀ ਲੋੜ 'ਤੇ ਵੀ ਜ਼ੋਰ ਦਿੰਦੀ ਹੈ।
"ਜੇ ਤੁਸੀਂ ਕਿਸੇ ਕਿਸਮ ਦੇ ਮਾਨਸਿਕ ਤਣਾਅ ਜਾਂ ਚਿੰਤਾ ਤੋਂ ਗ੍ਰਸਤ ਹੋ ਤਾਂ ਮੈਡੀਟੇਸ਼ਨ ਜ਼ਰੂਰ ਕਰੋ। ਕੁਝ ਮਿੰਟਾਂ ਲਈ ਚੁੱਪ ਰਹਿਣ ਦੀ ਸਾਧਨਾ ਨਾਲ਼ ਬਹੁਤ ਸਾਰੇ ਲੋਕਾਂ ਨੂੰ ਅੰਦਰੂਨੀ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਪਰ ਇਸ ਅਹਿਸਾਸ ਨੂੰ ਕਰਿਆਂ ਹੀ ਜਾਣਿਆ ਜਾ ਸਕਦਾ ਹੈ।"

ਸ਼੍ਰੀ ਸੰਧੂ ਮੁਤਾਬਿਕ ਤਨ ਅਤੇ ਮਨ, ਦੋਨਾਂ ਦੀ ਸਿਹਤ ਲਈ 'ਮੈਡੀਟੇਸ਼ਨ' ਕਾਫੀ ਜ਼ਰੂਰੀ ਹੈ।
"ਖਿਆਲ-ਰਹਿਤ ਜਾਂ ਧਿਆਨ-ਰਹਿਤ ਹੋਣ ਲਈ ਧਿਆਨ ਕਰਨਾ ਇੱਕ ਵਧੀਆ ਉਪਾਅ ਹੈ। ਇਸਦੀ 5-10 ਮਿੰਟ ਦੇ ਅਭਿਆਸ ਤੋਂ ਸ਼ੁਰੂ ਕਰਕੇ ਕਈ ਦਿਨਾਂ ਤੱਕ ਨਿਯਮਿਤ ਰੂਪ ਨਾਲ਼ ਪਾਲਣਾ ਕੀਤੀ ਜਾ ਸਕਦੀ ਹੈ," ਉਨ੍ਹਾਂ ਕਿਹਾ।
"ਬਹੁਤ ਜਲਦ ਤੁਸੀਂ ਖ਼ੁਦ ਮਹਿਸੂਸ ਕਰੋਗੇ ਕਿ ਇਹ ਅਭਿਆਸ ਜ਼ਿੰਦਗੀ ਪ੍ਰਤੀ ਇੱਕ ਸਕਾਰਾਤਮਕ ਰਵੱਈਆ ਪੈਦਾ ਕਰਨ ਵਿੱਚ ਸਹਾਈ ਸਿੱਧ ਹੁੰਦਾ ਹੈ।"
ਵਿਪਾਸਨਾ ਬਾਰੇ ਹੋਰ ਜਾਣਕਾਰੀ ਲਈ ਇਥੇ ਸੰਪਰਕ ਕਰੋ।
ਸ਼੍ਰੀ ਸੰਧੂ ਨਾਲ਼ ਪੂਰੀ ਗੱਲਬਾਤ ਸੁਨਣ ਲਈ ਇਸ ਆਡੀਓ ਲਿੰਕ ਉੱਤੇ ਕਲਿਕ ਕਰੋ:




