30 ਦਸੰਬਰ ਤੋਂ ਹੁਣ ਤੱਕ ਸੁਖਵਿੰਦਰ ਕੌਰ ਵਿਕਟੋਰੀਆ ਵਿੱਚ ਜੰਗਲੀ ਅੱਗਾਂ ਤੋਂ ਪੀੜਤ ਪੂਰਬੀ ਗਿਪਸਲੈਂਡ ਦੇ ਹਜ਼ਾਰਾਂ ਹੀ ਲੋਕਾਂ ਲਈ ਖਾਣਾ ਪਕਾ ਚੁੱਕੀ ਹੈ ਅਤੇ ਇਹ ਕੰਮ ਹੁਣ ਵੀ ਜਾਰੀ ਹੈ।
"ਸ਼ੁਰੂ ਦੇ ਦਿਨਾਂ ਵਿੱਚ 100 ਤੱਕ ਦੀ ਗਿਣਤੀ 'ਚ ਹੀ ਲੋਕ ਆ ਰਹੇ ਸਨ ਪਰ ਪਿਛਲੇ ਤਿੰਨ-ਚਾਰ ਦਿਨਾਂ ਦੌਰਾਨ ਕਾਫੀ ਜ਼ਿਆਦਾ ਲੋਕ ਸਾਡੀ ਫ਼ੂਡ ਵੈਨ 'ਤੇ ਆ ਕੇ ਲੰਗਰ ਛਕ ਰਹੇ ਹਨ। ਇਸ ਕਰਕੇ, ਇਹਨੀ ਦਿਨੀ ਅਸੀਂ ਇੱਕ ਹਾਜ਼ਰ ਲੋਕਾਂ ਲਈ ਖਾਣਾ ਤਿਆਰ ਕਰ ਰਹੇ ਹਾਂ," ਸੁਖਵਿੰਦਰ ਕੌਰ ਨੇ ਕਿਹਾ।
"ਮੈਂ ਸਵੇਰੇ ਪੰਜ ਵਜੇ ਰਸੋਈ ਵਿੱਚ ਕੰਮ ਸ਼ੁਰੂ ਕਰਦੀ ਹਾਂ ਜੋ ਕਿ ਰਾਤ 11 ਵਜੇ ਤੱਕ ਜਾਰੀ ਰਹਿੰਦਾ ਹੈ। ਅਸੀਂ ਚਾਰ ਜਣੇ ਰਸੋਈ ਵਿੱਚ ਹੁੰਦੇ ਆਂ ਤੇ ਬਿਨਾ ਰੁਕੇ ਕੰਮ ਕਰਦੇ ਆਂ। ਮੇਰਾ ਕਮਰਾ ਵੀ ਬੱਸ ਨਾਲ ਹੀ ਹੈ ਜਿਥੇ ਮੈਂ ਰਾਤ ਨੂੰ ਸੋਂਦੀ ਆਂ," ਉਹਨਾਂ ਐਸ ਬੀ ਐਸ ਪੰਜਾਬੀ ਨੂੰ ਦੱਸਿਆ।

ਸੁਖਵਿੰਦਰ ਨੇ ਆਸਟ੍ਰੇਲੀਆ ਪੋਸਟ ਦੀ ਆਪਣੀ ਨੌਕਰੀ ਤੋਂ ਛੁੱਟੀ ਲੈ ਕੇ ਸਿੱਖ ਵਲੰਟੀਅਰ ਆਸਟ੍ਰੇਲੀਆ ਦੀ ਟੀਮ ਦੇ ਨਾਲ ਬੈਰਨਸਡੇਲ ਆਉਣ ਦਾ ਫੈਸਲਾ ਕੀਤਾ ਜਿੱਥੇ ਕਿ ਅੱਗ ਤੋਂ ਪੀੜਤ ਲੋਕਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ।
ਅਸਲ 'ਚ ਇਥੇ ਆਉਣ ਤੋਂ ਪਹਿਲਾਂ ਉਹ ਜਨਵਰੀ ਮਹੀਨੇ ਦੌਰਾਨ ਭਾਰਤ ਜਾਣ ਦਾ ਵਿਚਾਰ ਬਣਾ ਰਹੀ ਸੀ ਜਿਥੇ ਕਿ ਉਹਨਾਂ ਦੀ ਵੱਡੀ ਭੈਣ ਗੰਭੀਰ ਬਿਮਾਰ ਹੋਣ ਕਰਕੇ ਕੋਮਾ ਵਿੱਚ ਹੈ। ਪਰੰਤੂ ਅੱਗਾਂ ਦਾ ਸੰਕਟ ਸ਼ੁਰੂ ਹੋਣ 'ਤੇ ਉਹਨਾਂ ਆਪਣਾ ਵਿਚਾਰ ਬਾਦਲ ਲਿਆ।
ਇਹਨਾਂ ਅੱਗਾਂ ਵਿੱਚ ਆਸਟ੍ਰੇਲੀਆ ਭਰ ਵਿੱਚ ਹੁਣ ਤੱਕ 50 ਲੱਖ ਹੈਕਟੇਅਰ ਜ਼ਮੀਨ ਸੜ ਚੁੱਕੀ ਹੈ ਅਤੇ 1,400 ਤੋਂ ਵੱਧ ਘਰ ਤਬਾਹ ਹੋ ਗਏ ਹਨ।
"ਮੈਂ ਆਪਣੀ ਭੈਣ ਨੂੰ ਮਿਲਣ ਭਾਰਤ ਜਾਣਾ ਚਾਹੁੰਦੀ ਸੀ ਜਿੱਥੇ ਮੈਂ ਪਿਛਲੇ ਦੱਸ ਸਾਲ ਤੋਂ ਨਹੀਂ ਗਈ। ਪਰੰਤੂ ਮੈਂ ਸੋਚਿਆ ਕਿ ਜੇ ਮੈਂ ਇਸ ਔਖੀ ਘੜੀ 'ਚ ਆਸਟ੍ਰੇਲੀਆ ਦੇ ਲੋਕਾਂ ਨੂੰ ਛੱਡ ਕੇ ਗਈ ਤਾਂ ਮੈਂ ਆਪਣੇ ਆਪ ਨੂੰ ਚੰਗਾ ਇਨਸਾਨ ਨਹੀਂ ਸਮਝ ਸਕਦੀ।
"ਇਹ ਵੀ ਮੇਰਾ ਹੀ ਪਰਿਵਾਰ ਹੈ 'ਤੇ ਇਸਦੇ ਵੱਲ ਵੀ ਮੇਰੀ ਜਿੰਮੇਵਾਰੀ ਬਣਦੀ ਹੈ," ਉਹਨਾਂ ਕਿਹਾ।
ਸੁਖਵਿੰਦਰ ਕਹਿੰਦੀ ਹੈ ਕਿ ਇਸ ਸੇਵਾ ਨੂੰ ਕਰਣ ਦਾ ਮੌਕਾ ਪਾ ਕੇ ਉਹ ਉਹ ਆਪਣੇ ਆਪ ਨੂੰ ਬੇਹੱਦ ਖੁਸ਼ਨਸੀਬ ਸਮਝਦੀ ਹੈ।
"ਬਹੁਤ ਸਾਰੇ ਲੋਕ ਖਾਣਾ ਖਾ ਕੇ ਇਸਦੀ ਸਿਫਤ ਕਰਦੇ ਹਨ। ਮੈਂ ਵਾਹਿਗੁਰੂ ਦੀ ਸ਼ੁਕਰਗੁਜ਼ਾਰ ਹਾਂ ਕਿ ਇਹ ਸੇਵਾ ਮੈਨੂੰ ਮਿਲੀ। ਮੈਨੂੰ ਸਭ ਤੋਂ ਵੱਧ ਖੁਸ਼ੀ ਉਸ ਵੇਲੇ ਹੁੰਦੀ ਹੈ ਜਦੋਂ ਕਿ ਸਾਰਾ ਬਣਿਆ ਖਾਣਾ ਖਤਮ ਹੋ ਜਾਂਦਾ ਹੈ ਅਤੇ ਕੁਝ ਵੀ ਵਿਅਰਥ ਨਹੀਂ ਹੁੰਦਾ। "
ਸਿੱਖ ਵਲੰਟੀਅਰ ਆਸਟ੍ਰੇਲੀਆ ਦੀ ਟੀਮ ਦੇ ਮੈਂਬਰ ਮਨਪ੍ਰੀਤ ਸਿੰਘ ਕਹਿੰਦੇ ਹਨ ਕਿ ਸੁਖਵਿੰਦਰ ਦੇ ਸੇਵਾ ਭਾਵ ਕਾਰਨ ਉਹ ਕੇਵਲ ਪੂਰੀ ਟੀਮ ਨੂੰ ਹੀ ਨਹੀਂ ਬਲਕਿ ਪੂਰੀ ਭਾਈਚਾਰੇ ਤੇ ਇੱਕ ਬੜਾ ਚੰਗਾ ਪ੍ਰਭਾਵ ਪਾਉਂਦੀ ਹੈ।







