Key Points
- ਜੇਪੀ ਦੀ ਨਿਯੁਕਤੀ ਇੱਕ ਅਧਿਕਾਰਤ ਗਵਾਹ ਵਜੋਂ ਹੁੰਦੀ ਹੈ, ਉਸ ਤੋਂ ਬਾਅਦ ਤੁਸੀਂ ਕਾਨੂੰਨੀ ਦਸਤਾਵੇਜ਼ਾਂ 'ਤੇ ਦਸਤਖਤ ਕਰਨ ਜਾਂ ਕਾਪੀਆਂ ਪਰਮਾਣਿਤ ਕਰਨ ਦੇ ਯੋਗ ਹੁੰਦੇ ਹੋ।
- ਤੁਸੀਂ ਆਪਣੇ ਇਲਾਕੇ ਵਿੱਚ ਤੁਹਾਡੀ ਭਾਸ਼ਾ ਬੋਲਣ ਵਾਲਾ ਜੇਪੀ ਲੱਭ ਸਕਦੇ ਹੋ।
- ਜੇਪੀ ਵਲੰਟੀਅਰ ਹੁੰਦੇ ਹਨ - ਉਹ ਆਪਣੀ ਸੇਵਾ ਲਈ ਪੈਸੇ ਨਹੀਂ ਲੈ ਸਕਦੇ।
ਇੱਕ ਜਸਟਿਸ ਆਫ਼ ਦਾ ਪੀਸ ਜਾਂ ਜੇਪੀ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਸਮੇਂ 'ਤੇ ਤੁਹਾਡੀ ਮਦਦ ਕਰ ਸਕਦਾ ਹੈ। ਉਨ੍ਹਾਂ ਨੂੰ ਤੁਹਾਡੇ ਕਾਨੂੰਨੀ ਦਸਤਾਵੇਜ਼ਾਂ ਵਿੱਚ ਤੁਹਾਡੀ ਸਹਾਇਤਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਜੇਪੀ ਭਾਈਚਾਰੇ ਦੇ ਭਰੋਸੇਯੋਗ ਮੈਂਬਰ ਹੁੰਦੇ ਹਨ, ਜਿਨ੍ਹਾਂ ਨੂੰ ਵਿਅਕਤੀਗਤ ਰਾਜ ਜਾਂ ਪ੍ਰਦੇਸ਼ ਸਰਕਾਰਾਂ ਦੁਆਰਾ ਇੱਕ ਸਖ਼ਤ ਅਰਜ਼ੀ ਪ੍ਰਕਿਰਿਆ ਰਾਹੀਂ ਨਿਯੁਕਤ ਕੀਤਾ ਜਾਂਦਾ ਹੈ।
ਜੇਪੀ ਆਪਣੀਆਂ ਸੇਵਾਵਾਂ ਲਈ ਭੁਗਤਾਨ ਸਵੀਕਾਰ ਨਹੀਂ ਕਰ ਸਕਦੇ। ਉਹ ਵਲੰਟੀਅਰ ਹਨ ਜੋ ਦੂਜਿਆਂ ਦੀ ਮਦਦ ਕਰਨ ਦੀ ਸਾਂਝੀ ਵਚਨਬੱਧਤਾ ਤੋਂ ਭੂਮਿਕਾ ਨਿਭਾਉਂਦੇ ਹਨ।
ਡੀਨ ਬੇਕ ਅਜਿਹੇ ਹੀ ਇੱਕ ਵਿਅਕਤੀ ਹਨ। ਉਹ ਇੱਕ ਜੇਪੀ ਹੋਣ ਦੇ ਨਾਲ ਨਾਲ ਵਿਕਟੋਰੀਅਨ ਪ੍ਰਾਈਡ ਸੈਂਟਰ ਵਿੱਚ ਦਸਤਾਵੇਜ਼ ਸਾਈਨਿੰਗ ਸੈਂਟਰ ਕੋਆਰਡੀਨੇਟਰ ਵੀ ਹਨ।
ਡੀਨ ਕਹਿੰਦੇ ਹਨ, "ਮੈਂ ਜੇਪੀ ਬਣਿਆ ਕਿਉਂਕਿ ਮੇਰੇ ਪਿਤਾ ਇੱਕ ਮੈਜਿਸਟਰੇਟ ਸਨ, ਅਤੇ ਮੈਂ ਕਾਨੂੰਨ ਵਿੱਚ ਪਲਿਆ ਸੀ, ਅਤੇ ਮੈਂ ਹਮੇਸ਼ਾ ਸਵੈ-ਇੱਛਾ ਨਾਲ ਕੰਮ ਕੀਤਾ ਹੈ – ਸਮਾਜ ਨੂੰ ਕੁਝ ਵਾਪਸ ਦੇਣਾ ਸਾਡੇ ਪਰਿਵਾਰਕ ਸਿਧਾਂਤਾਂ ਦਾ ਹਿੱਸਾ ਸੀ। ਇਸ ਲਈ ਮੈਂ ਆਪਣਾ ਹੱਥ ਉੱਪਰ ਕੀਤਾ।"
ਜੇਪੀ ਤੁਹਾਡੇ ਲਈ ਕੀ ਕਰ ਸਕਦੇ ਹਨ ?
ਸੰਖੇਪ ਵਿੱਚ, JPs ਤੁਹਾਡੇ ਕਾਨੂੰਨੀ ਕਾਗਜਾਂ ਵਿੱਚ ਤੁਹਾਡੀ ਮਦਦ ਕਰਦੇ ਹਨ।
ਅਕਸਰ ਦਸਤਾਵੇਜ਼ਾਂ ਉੱਪਰ ਕਾਨੂੰਨੀ ਤੌਰ 'ਤੇ JP ਦੁਆਰਾ ਦਸਤਖ਼ਤ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡੇ ਦਸਤਖ਼ਤ ਪ੍ਰਮਾਣਿਕ ਹਨ ਅਤੇ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਸੱਚੀ ਹੈ, ਅਤੇ ਤੁਹਾਡੇ ਦਸਤਾਵੇਜ਼ਾਂ ਦੀਆਂ ਕੋਈ ਵੀ ਕਾਪੀਆਂ ਸਹੀ ਹਨ।
ਬੇਕ ਕਹਿੰਦੇ ਹਨ ਕਿ ਜੇਪੀ ਤੁਹਾਡੇ ਪਛਾਣ ਦਸਤਾਵੇਜ਼ਾਂ ਦੀਆਂ ਕਾਪੀਆਂ ਨੂੰ ਪ੍ਰਮਾਣਿਤ ਕਰਨ ਲਈ ਬਹੁਤ ਸਿਖਲਾਈ ਪ੍ਰਾਪਤ ਹੁੰਦੇ ਹਨ।
ਪਛਾਣ ਦਸਤਾਵੇਜ਼ਾਂ ਦੀਆਂ ਕਾਪੀਆਂ ਪ੍ਰਮਾਣਿਤ ਕਰਨ ਲਈ, ਤੁਹਾਨੂੰ ਅਸਲ ਦਸਤਾਵੇਜ਼ ਜਿਵੇਂ ਕਿ ਆਪਣਾ ਡਰਾਈਵਿੰਗ ਲਾਇਸੈਂਸ, ਪਾਸਪੋਰਟ, ਜਨਮ ਸਰਟੀਫਿਕੇਟ, ਮੈਡੀਕੇਅਰ ਕਾਰਡ ਜਾਂ ਅਕਾਦਮਿਕ ਰਿਕਾਰਡ ਪੇਸ਼ ਕਰਨ ਦੀ ਲੋੜ ਹੁੰਦੀ ਹੈ।

“ਅਸੀਂ ਇੱਕ ਕਾਨੂੰਨੀ ਘੋਸ਼ਣਾ ਪੱਤਰ 'ਤੇ ਤੁਹਾਡੇ ਦਸਤਖ਼ਤ ਵੀ ਦੇਖਦੇ ਹਾਂ, ਅਤੇ ਜੇਕਰ ਤੁਹਾਨੂੰ ਅਦਾਲਤ ਲਈ ਇੱਕ ਹਲਫ਼ਨਾਮਾ ਤਿਆਰ ਕਰਨਾ ਪੈਂਦਾ ਹੈ, ਤਾਂ ਅਸੀਂ ਤੁਹਾਡੇ ਲਈ ਵੀ ਇਸਦੀ ਗਵਾਹੀ ਦੇ ਸਕਦੇ ਹਾਂ।”
ਬੇਵਰਲੀ ਐਲੀ, ACT ਜਸਟਿਸ ਆਫ ਦਾ ਪੀਸ ਐਸੋਸੀਏਸ਼ਨ ਦੀ ਪ੍ਰਧਾਨ ਹਨ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਆਪਣੇ ਦਸਤਾਵੇਜ਼ਾਂ ਦੀਆਂ ਕਾਪੀਆਂ ਜੇਪੀ ਕੋਲ ਲਿਆਉਂਦੇ ਹੋ ਤਾਂ ਉਹ ਉਨ੍ਹਾਂ 'ਤੇ ਦਸਤਖਤ ਕਰਨਗੇ ਅਤੇ ਤਾਰੀਖ਼ ਦੇ ਨਾਲ ਨਾਲ ਆਪਣਾ ਜੇਪੀ ਨੰਬਰ ਪਾਉਣਗੇ।
“ਇਸ ਲਈ ਜੇਪੀ ਆਮ ਤੌਰ 'ਤੇ ਉਸ ਜਗ੍ਹਾ 'ਤੇ ਮੋਹਰ ਲਗਾਉਂਦਾ ਹੈ ਜਿਸ ਵਿੱਚ ਲਿਖਿਆ ਹੁੰਦਾ ਹੈ 'ਮੈਂ ਪ੍ਰਮਾਣਿਤ ਕਰਦਾ ਹਾਂ ਕਿ ਇਹ ਮੇਰੇ ਦੁਆਰਾ ਦੇਖੇ ਗਏ ਅਸਲ ਦਸਤਾਵੇਜ਼ ਦੀ ਇੱਕ ਸੱਚੀ ਅਤੇ ਸਹੀ ਕਾਪੀ ਹੈ'”।
ਦਸਤਾਵੇਜ਼ ਦੀ ਕਿਸਮ ਦੀ ਪਰਵਾਹ ਕੀਤੇ ਬਿਨਾਂ, ਹਮੇਸ਼ਾ ਆਪਣੇ ਨਾਲ ਕੁਝ ਫੋਟੋ ਆਈਡੀ ਲਿਆਓ ਜਿਵੇਂ ਕਿ ਪਾਸਪੋਰਟ ਜਾਂ ਡਰਾਈਵਿੰਗ ਲਾਇਸੈਂਸ, ਤਾਂ ਜੋ ਜੇਪੀ ਤੁਹਾਡੀ ਪਛਾਣ ਦੀ ਪੁਸ਼ਟੀ ਕਰ ਸਕੇ।
ਇੱਕ ਅਕਾਉਂਟੈਂਟ ਦੇ ਤੌਰ 'ਤੇ, ਐਲਨ ਲੇਂਗ ਕਈ ਵਾਰ ਜਨਤਾ ਲਈ ਦਸਤਾਵੇਜ਼ਾਂ ਨੂੰ ਪ੍ਰਮਾਣਿਤ ਕਰਦੇ ਸੀ। ਉਹਨਾਂ ਲਈ ਜੇਪੀ ਬਣਨਾ ਇੱਕ ਕੁਦਰਤੀ ਵਿਸਥਾਰ ਸੀ, ਜਿਸ ਨਾਲ ਉਹ ਲੋਕਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਮਦਦ ਕਰ ਸਕਦੇ ਸੀ।
"ਜੇਪੀ ਹੋਣ ਨਾਲ ਮੈਨੂੰ ਭਾਈਚਾਰੇ ਨੂੰ ਵਾਪਸ ਦੇਣ ਦਾ ਮੌਕਾ ਵੀ ਮਿਲਦਾ ਹੈ, ਜੋ ਮੇਰੇ ਲਈ ਬਹੁਤ ਵਧੀਆ ਰਿਹਾ ਹੈ ਅਤੇ ਜੇਪੀ ਹੋਣਾ ਬਹੁਤ ਫਲਦਾਇਕ ਹੈ।"
ਸ਼੍ਰੀ ਲੇਂਗ ਨਾਲ ਜੀਵਨ ਦੇ ਹਰ ਖੇਤਰ ਦੇ ਲੋਕ ਸੰਪਰਕ ਕਰਦੇ ਹਨ ਜੋ ਕਰਜ਼ੇ ਦੀਆਂ ਅਰਜ਼ੀਆਂ, ਟਰੱਸਟ ਸਥਾਪਤ ਕਰਨ, ਵਸੀਅਤਾਂ ਅਤੇ ਪਾਵਰ ਆਫ਼ ਅਟਾਰਨੀ ਤਿਆਰ ਕਰਨ, ਵਿਆਹ ਜਾਂ ਤਲਾਕ ਦਾ ਨੋਟਿਸ ਘੋਸ਼ਿਤ ਕਰਨ ਜਾਂ ਆਪਣੀ ਪਛਾਣ ਸਾਬਤ ਕਰਨ ਵਿੱਚ ਮਦਦ ਦੀ ਮੰਗ ਕਰਦੇ ਹਨ।
ਕੁਝ ਲੋਕ ਮੈਨੂੰ ਇਸ ਲਈ ਮਿਲਣਾ ਪਸੰਦ ਕਰਦੇ ਹਨ ਕਿਉਂਕਿ ਉਹਨਾਂ ਨੂੰ ਇੱਕ ਅਜਿਹੇ ਜੇਪੀ ਦੀ ਲੋੜ ਹੁੰਦੀ ਹੈ ਜੋ ਇੱਕ ਖਾਸ ਭਾਸ਼ਾ ਬੋਲਦਾ ਹੋਵੇ, ਜਿਵੇਂ ਕਿ ਮੇਰੀ ਸਥਿਤੀ ਵਿੱਚ ਕੈਂਟੋਨੀਜ਼, ਜਾਂ ਸਿਰਫ਼ ਇਸ ਲਈ ਕਿਉਂਕਿ ਉਹ ਉਸ ਆਂਢ-ਗੁਆਂਢ ਵਿੱਚ ਹਨ ਜਿੱਥੇ ਮੈਂ ਆਪਣੀ ਸੇਵਾ ਪ੍ਰਦਾਨ ਕਰਦਾ ਹਾਂ।Alan Leung
ਇੱਕ ਕਾਨੂੰਨੀ ਘੋਸ਼ਣਾ ਯਾਨੀ statutory declaration ਕੀ ਹੁੰਦੀ ਹੈ?
JPs ਨੂੰ ਆਮ ਤੌਰ 'ਤੇ ਇੱਕ ਕਾਨੂੰਨੀ ਘੋਸ਼ਣਾ (ਜਾਂ stat dec) ਦੇਖਣ ਲਈ ਕਿਹਾ ਜਾਂਦਾ ਹੈ। ਉਦਾਹਰਣ ਵਜੋਂ, ਇਹ ਇੱਕ ਬੀਮਾ ਦਾਅਵੇ ਲਈ ਜਾਂ ਕੰਮ ਤੋਂ ਬਿਮਾਰੀ ਦੀ ਛੁੱਟੀ ਲਈ ਅਰਜ਼ੀ ਦੇਣ ਲਈ ਹੋ ਸਕਦਾ ਹੈ।
ਇੱਕ stat dec ਇੱਕ ਲਿਖਤੀ ਬਿਆਨ ਹੁੰਦਾ ਹੈ ਜਿਸਨੂੰ ਤੁਸੀਂ ਸੱਚ ਅਤੇ ਸਹੀ ਐਲਾਨ ਕਰ ਰਹੇ ਹੋ। ਤੁਹਾਨੂੰ ਇਸ 'ਤੇ ਇੱਕ ਅਧਿਕਾਰਤ ਗਵਾਹ ਦੀ ਮੌਜੂਦਗੀ ਵਿੱਚ ਦਸਤਖਤ ਕਰਨੇ ਹੁੰਦੇ ਹਨ—ਜਿਵੇਂ ਕਿ ਇੱਕ ਜੇਪੀ।

ਇੱਕ ਜੇਪੀ ਕੀ ਦਸਤਖਤ ਨਹੀਂ ਕਰ ਸਕਦਾ?
JPs ਅਣਜਾਣ ਦਸਤਾਵੇਜ਼ਾਂ ਨੂੰ ਪ੍ਰਮਾਣਿਤ ਕਰਨ ਲਈ ਅਧਿਕਾਰਤ ਨਹੀਂ ਹਨ।
ਉਹ ਅਜਿਹੀ ਭਾਸ਼ਾ ਵਿੱਚ ਦਸਤਾਵੇਜ਼ਾਂ ਨੂੰ ਨਹੀਂ ਦੇਖ ਸਕਦੇ ਜੋ ਉਹ ਨਹੀਂ ਸਮਝਦੇ। ਅਜਿਹੇ ਮਾਮਲਿਆਂ ਵਿੱਚ ਉਹ ਤੁਹਾਨੂੰ ਇੱਕ ਹੋਰ ਜੇਪੀ ਲੱਭਣ ਲਈ ਕਹਿਣਗੇ ਜੋ ਤੁਹਾਡੀ ਭਾਸ਼ਾ ਬੋਲਦਾ ਹੈ।
ਕਈ ਵਾਰ ਇੱਕ ਦਸਤਾਵੇਜ਼ ਇੱਕ ਜੇਪੀ ਦੇ ਦਾਇਰੇ ਤੋਂ ਬਾਹਰ ਹੋ ਸਕਦਾ ਹੈ ਅਤੇ ਉਸ ਲਈ ਇੱਕ ਨੋਟਰੀ ਪਬਲਿਕ ਦੀ ਲੋੜ ਹੁੰਦੀ ਹੈ ਜਿਸਦਾ ਕਾਨੂੰਨੀ ਪਿਛੋਕੜ ਹੋਵੇ।
ਜੇਪੀ ਦੇ ਵਿਪਰੀਤ, ਇੱਕ ਨੋਟਰੀ ਪਬਲਿਕ ਦੀ ਫੀਸ ਹੁੰਦੀ ਹੈ।
ਤੁਸੀਂ ਜੇਪੀ ਨੂੰ ਕਿੱਥੋਂ ਲੱਭ ਸਕਦੇ ਹੋ?
ਹਰੇਕ ਰਾਜ ਅਤੇ ਪ੍ਰਦੇਸ਼ ਦਾ ਇੱਕ ਔਨਲਾਈਨ ਜਨਤਕ ਰਜਿਸਟਰ ਹੁੰਦਾ ਹੈ। 'Find a JP' ਲਈ ਔਨਲਾਈਨ ਖੋਜ ਕਰੋ ਜਾਂ ਆਪਣੇ ਅਧਿਕਾਰ ਖੇਤਰ ਵਿੱਚ ਨਿਆਂ ਵਿਭਾਗ ਯਾਨੀ Department of Justice ਦੀ ਵੈੱਬਸਾਈਟ 'ਤੇ ਜਾਓ।
ਤੁਸੀਂ ਸਥਾਨ, ਉਪਲਬਧਤਾ, ਭਾਸ਼ਾ ਅਤੇ ਇੱਥੋਂ ਤੱਕ ਕਿ ਨਾਮ ਦੁਆਰਾ ਖੋਜ ਕਰ ਸਕਦੇ ਹੋ।
ਲੇਂਗ ਦੱਸਦੇ ਹਨ,"ਜੇਕਰ ਤੁਹਾਨੂੰ ਇੱਕ ਜੇਪੀ ਦੀ ਲੋੜ ਹੈ ਜੋ, ਮੰਨ ਲਓ, ਮੈਲਬੌਰਨ CBD ਵਿੱਚ ਕੈਂਟੋਨੀਜ਼ ਬੋਲਦਾ ਹੋਏ ਅਤੇ ਜੋ ਵੀਕਐਂਡ 'ਤੇ ਉਪਲਬਧ ਹੈ, ਤਾਂ ਵੈੱਬਸਾਈਟ ਤੁਹਾਨੂੰ ਫ਼ੋਨ ਨੰਬਰਾਂ ਦੇ ਨਾਲ ਨਾਵਾਂ ਦੀ ਸੂਚੀ ਦੇਵੇਗੀ ਤਾਂ ਜੋ ਤੁਸੀਂ ਉਹਨਾਂ ਨੂੰ ਮਿਲ ਸਕੋ। ਇਸ ਲਈ ਇਹ ਬਹੁਤ ਆਸਾਨ ਹੈ।"

ਦਸਤਾਵੇਜ਼ ਦਸਤਖਤ ਕੇਂਦਰ
ਜ਼ਿਆਦਾਤਰ ਅਧਿਕਾਰ ਖੇਤਰਾਂ ਵਿੱਚ ਤੁਸੀਂ ਦਸਤਾਵੇਜ਼ ਸਾਈਨਿੰਗ ਸੈਂਟਰਾਂ Document Signing Centres (DSC) ਜਾਂ ਜੇਪੀ ਸਾਈਨਿੰਗ ਡੈਸਕਾਂ 'ਤੇ ਡਿਊਟੀ 'ਤੇ ਜੇਪੀ ਨੂੰ ਲੱਭ ਸਕਦੇ ਹੋ।
ਇਹ ਲਾਇਬ੍ਰੇਰੀਆਂ, ਕਮਿਊਨਿਟੀ ਸੈਂਟਰਾਂ, ਪੁਲਿਸ ਸਟੇਸ਼ਨਾਂ ਅਤੇ ਕਾਨੂੰਨ ਅਦਾਲਤਾਂ ਵਿੱਚ ਸਥਾਪਤ ਕੀਤੇ ਜਾਂਦੇ ਹਨ। ਕਿਸੇ ਅਪਾਇੰਟਮੈਂਟ ਦੀ ਲੋੜ ਨਹੀਂ ਹੈ।
ਜਦੋਂ ਕਿ ਇਹ ਵਿਹਾਰਕ ਵਿਕਲਪ ਹਨ, ਡੀਨ ਬੇਕ ਕਹਿੰਦੇ ਹਨ ਕਿ ਬਹੁਤ ਲੋਕ ਪੁਲਿਸ ਸਟੇਸ਼ਨ ਜਾਂ ਕਾਨੂੰਨ ਅਦਾਲਤ ਵਿੱਚ ਜਾਣ ਤੋਂ ਸੰਕੋਚ ਕਰਦੇ ਹਨ। ਡੀਨ, ਸੇਂਟ ਕਿਲਡਾ ਵਿੱਚ ਵਿਕਟੋਰੀਅਨ ਪ੍ਰਾਈਡ ਸੈਂਟਰ ਵਿਖੇ ਇੱਕ DSC ਦਾ ਤਾਲਮੇਲ ਕਰਦੇ ਹਨ - ਮੈਲਬੌਰਨ ਦੇ ਸੀਬੀਡੀ ਤੋਂ 10 ਕਿਲੋਮੀਟਰ ਦੇ ਅੰਦਰ ਇੱਕੋ ਇੱਕ DSC ਜੋ ਕਿਸੇ ਪੁਲਿਸ ਸਟੇਸ਼ਨ ਜਾਂ ਕਾਨੂੰਨ ਅਦਾਲਤ ਵਿੱਚ ਨਹੀਂ ਹੈ।
ਤੁਸੀਂ ‘find a JP' ਦੀ ਖੋਜ ਕਰਕੇ ਆਪਣੇ ਨਜ਼ਦੀਕੀ ਦਸਤਾਵੇਜ਼ ਸਾਈਨਿੰਗ ਕੇਂਦਰ ਅਤੇ ਉਸਦੇ ਕੰਮ ਦੇ ਘੰਟਿਆਂ ਦਾ ਪਤਾ ਲਗਾ ਸਕਦੇ ਹੋ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਹੋਰ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਂਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਜੇਕਰ ਤੁਹਾਡੇ ਕੋਈ ਸਵਾਲ ਜਾਂ ਇਸ ਵਿਸ਼ੇ ਸੰਬੰਧੀ ਵਿਚਾਰ ਹਨ ਤਾਂ ਸਾਨੂੰ australiaexplained@sbs.com.au 'ਤੇ ਈਮੇਲ ਭੇਜੋ।






