ਬ੍ਰਿਟੇਨ ਦੀ ਇੱਕ ਕਲੋਨੀ ਵਜੋਂ ਪਿਛੋਕੜ ਦੇ ਚਲਦਿਆਂ ਆਸਟ੍ਰੇਲੀਆ ਦਾ ਰਾਜ ਮੁਖੀ ਬ੍ਰਿਟੇਨ ਦਾ ਰਾਜਾ ਜਾਂ ਰਾਣੀ ਹੁੰਦੇ ਹਨ।
ਐਲਿਜ਼ਾਬੈਥ ਅਲੈਗਜ਼ੈਂਡਰਾ ਮੈਰੀ ਵਿੰਡਸਰ ਦਾ ਰਾਜਕਾਲ 1952 ਵਿੱਚ ਸ਼ੁਰੂ ਹੋਇਆ ਸੀ। ਉਹ ਯੂ.ਕੇ ਅਤੇ 14 ਹੋਰ ਰਾਸ਼ਟਰਮੰਡਲ ਖੇਤਰਾਂ ਦੀ ਰਾਣੀ ਸੀ।
ਮਰਹੂਮ ਮਹਾਰਾਣੀ ਐਲਿਜ਼ਾਬੈਥ-॥ ਨੇ ਬ੍ਰਿਟਿਸ਼ ਇਤਿਹਾਸ ਵਿੱਚ ਹੁਣ ਤੱਕ ਦੇ ਰਾਜਾ-ਰਾਣੀਆਂ ਵਿਚੋਂ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਈ ਹੈ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਪੁੱਤਰ ਚਾਰਲਜ਼ ਰਾਜਾ ਬਣ ਗਿਆ ਹੈ।

ਰਾਸ਼ਟਰਮੰਡਲ ਦੇ ਸਾਰੇ ਦੇਸ਼ਾਂ ਕੋਲ ਆਪਣੇ ਖੁਦ ਦੇ ਕਾਨੂੰਨ ਅਤੇ ਸਰਕਾਰਾਂ ਹਨ।
ਆਸਟ੍ਰੇਲੀਅਨ ਰਿਪਬਲਿਕ ਮੂਵਮੈਂਟ ਦੇ ਰਾਸ਼ਟਰੀ ਨਿਰਦੇਸ਼ਕ ਸੈਂਡੀ ਬਾਇਰ ਦੱਸਦੇ ਹਨ ਕਿ ਸਾਡੀ ਸਰਕਾਰ ਦਾ ਢਾਂਚਾ ਅਤੇ ਸ਼ਕਤੀਆਂ ਆਸਟ੍ਰੇਲੀਅਨ ਸੰਵਿਧਾਨ ਦੁਆਰਾ ਦਰਸਾਏ ਗਏ ਹਨ।
ਸਾਡਾ ਬਾਦਸ਼ਾਹ ਹੋਣ ਦੇ ਨਾਤੇ, ਹੁਣ ਕਿੰਗ ਚਾਰਲਜ਼- III ਆਸਟ੍ਰੇਲੀਆ ਦੇ ਰਾਜ ਮੁਖੀ ਬਣ ਗਏ ਹਨ।
ਆਸਟ੍ਰੇਲੀਆ ਦੇ ਕੈਨਬਰਾ ਵਿੱਚ ਰਾਜੇ ਦੀ ਨੁਮਾਇੰਦਗੀ ਗਵਰਨਰ ਜਨਰਲ ਵੱਲੋਂ ਅਤੇ ਬਾਕੀ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਗਵਰਨਰ ਵੱਲੋਂ ਕੀਤੀ ਜਾਂਦੀ ਹੈ।
ਗਵਰਨਰ ਜਨਰਲ ਦੀ ਨਿਯੁਕਤੀ ਆਸਟ੍ਰੇਲੀਅਨ ਸਰਕਾਰ ਦੀ ਸਲਾਹ ਨਾਲ ਰਾਣੀ ਜਾਂ ਰਾਜੇ ਵੱਲੋਂ ਕੀਤੀ ਜਾਂਦੀ ਹੈ। ਅਸਲ ਵਿੱਚ ਗਵਰਨਰ ਜਨਰਲ ਆਸਟ੍ਰੇਲੀਆ ਵਿੱਚ ਤਾਜ ਦੇ ਡਿਪਟੀ ਵਜੋਂ ਕੰਮ ਕਰਦਾ ਹੈ।
ਸੈਂਡੀ ਬਾਇਰ ਦੱਸਦੇ ਹਨ ਕਿ ਗਵਰਨਰ ਜਨਰਲ ਵੀ ਬਾਦਸ਼ਾਹ ਦੇ ਵਾਂਗ ਹੀ ਸਰਕਾਰ ਦੀਆਂ ਰੋਜ਼ਾਨਾ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੁੰਦਾ।

1986 ਵਿੱਚ ਆਸਟ੍ਰੇਲੀਆ ਐਕਟ ਨਾਲ ਮੋਨਾਰਕ ਨੂੰ ਬਾਹਰ ਰੱਖਦੇ ਹੋਏ, ਬ੍ਰਿਟਿਸ਼ ਅਤੇ ਆਸਟ੍ਰੇਲੀਅਨ ਸਰਕਾਰ ਵਿਚਕਾਰ ਆਖਰੀ ਅਧਿਕਾਰਤ ਸਬੰਧਾਂ ਨੂੰ ਤੋੜ ਦਿੱਤਾ ਗਿਆ ਸੀ।
ਮਹਾਰਾਣੀ ਐਲਿਜ਼ਾਬੈਥ-॥ ਦੇ ਰਾਜ ਦੌਰਾਨ ਬਹੁਤ ਸਾਰੀਆਂ ਬ੍ਰਿਟਿਸ਼ ਕਲੋਨੀਆਂ ਨੇ ਆਜ਼ਾਦੀ ਦੀ ਮੰਗ ਕਰਦੇ ਹੋਏ ਰਾਜਸ਼ਾਹੀ ਨਾਲ ਆਪਣੇ ਸਬੰਧ ਤੋੜ ਲਏ ਸਨ। ਇਹਨਾਂ ਵਿੱਚੋਂ ਆਖਰੀ ਤੇ ਸਭ ਤੋਂ ਤਾਜ਼ਾ ਉਦਾਹਰਣ ਬਾਰਬਾਡੋਸ ਦੀ ਹੈ ਜਿਸਨੇ ਨਵੰਬਰ 2021 ਵਿੱਚ ਇਹ ਸਬੰਧ ਤੋੜੇ ਸਨ, ਉਸਤੋਂ ਬਾਅਦ ਬਾਕੀ 15 ਰਾਸ਼ਟਰਮੰਡਲ ਖੇਤਰ ਬਚੇ ਹਨ।
ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਆਸਟ੍ਰੇਲੀਆ ਪਹਿਲਾਂ ਹੀ ਇੱਕ ਗਣਤੰਤਰ ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਪਰ ਆਸਟ੍ਰੇਲੀਅਨ ਰਿਪਬਲਿਕ ਮੂਵਮੈਂਟ ਦੀ ਸੈਂਡੀ ਬਾਇਰ ਇਸ ਵਿੱਚ ਤਬਦੀਲੀ ਲਿਆਉਣ ਉੱਤੇ ਜ਼ੋਰ ਦੇ ਰਹੇ ਹਨ।

ਆਸਟ੍ਰੇਲੀਆ ਵਿੱਚ ਪਹਿਲੀ ਵਾਰ ਮੌਜੂਦਾ ਲੇਬਰ ਸਰਕਾਰ ਨੇ ਮੈਟ ਥਿਸਲੇਥਵੇਟ ਨੂੰ ਗਣਰਾਜ ਲਈ ਸਹਾਇਕ ਮੰਤਰੀ ਵਜੋਂ ਨਿਯੁਕਤ ਕੀਤਾ ਹੈ।
ਜੇਕਰ ਆਸਟ੍ਰੇਲੀਆ ਇੱਕ ਗਣਰਾਜ ਬਣ ਜਾਂਦਾ ਹੈ ਤਾਂ ਅਸੀਂ ਰਾਸ਼ਟਰਮੰਡਲ ਦਾ ਹਿੱਸਾ ਬਣੇ ਰਹਿਣ ਦੀ ਚੋਣ ਕਰ ਸਕਦੇ ਹਾਂ। ਉਦਾਹਰਣ ਵਜੋਂ ਭਾਰਤ ਨੇ ਅਜਿਹਾ ਹੀ ਕੀਤਾ ਹੈ।
ਆਸਟ੍ਰੇਲੀਅਨ ਰਿਬਲਿਕ ਮੂਵਮੈਂਟ ਨੇ 2022 ਵਿੱਚ ‘ਦਾ ਆਸਟ੍ਰੇਲੀਅਨ ਚੁਆਇਸ ਮਾਡਲ’ ਦੀ ਘੋਸ਼ਣਾ ਕੀਤੀ। ਇਸ ਵਿੱਚ ਦਰਸਾਇਆ ਗਿਆ ਹੈ ਕਿ ਰਾਜ ਦੇ ਮੁਖੀ ਦੀ ਚੋਣ ਆਸਟ੍ਰੇਲੀਅਨ ਲੋਕਾਂ ਦੁਆਰਾ ਕੀਤੇ ਜਾਣ ਲਈ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ।


