ਮੈਲਬੌਰਨ ਸੀ.ਬੀ.ਡੀ ਵਿੱਚ ਵੈਜੀ ਟ੍ਰਾਈਬ ਵੀਗਨ ਰੈਸਟੋਰੈਂਟ ਚਲਾ ਰਹੇ ਕਮਲਦੀਪ ਸਿੰਘ ਦਾ ਮੰਨਣਾ ਹੈ ਕਿ ਸ਼ਾਕਾਹਾਰੀ ਭੋਜਨ ਨਾ ਕੇਵਲ ਜੀਭ ਦੇ ਸੁਵਾਦ ਲਈ ਬਲਕਿ ਸਿਹਤ ਲਈ ਵੀ ਇੱਕ ਵਧੀਆ ਚੋਣ ਹੈ।
ਉਹਨਾਂ ਮੁਤਾਬਕ ਸ਼ਾਕਾਹਾਰੀ ਭੋਜਨ ਦੇ ਵੱਧਦੇ ਰੁਝਾਨ ਨਾਲ ਜਿਥੇ ਜਾਨਵਰਾਂ ਦੀ ਰੱਖਿਆ ਹੁੰਦੀ ਹੈ ਓਥੇ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਵੀ ਹੁਣ ਮੀਟ-ਰਹਿਤ ਖਾਣੇ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਅਪਣਾ ਰਹੇ ਹਨ।
ਐਸ.ਬੀ.ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹਨਾਂ ਨੂੰ ਸ਼ਾਕਾਹਾਰੀ ਭੋਜਨ ਬਾਰੇ ਪ੍ਰੇਰਣਾ ਉਹਨਾਂ ਦੀ ਪਤਨੀ ਤੋਂ ਮਿਲੀ ਸੀ।
ਉਹਨਾਂ ਕਿਹਾ ਕਿ ਜਦੋਂ ਲੋਕ ਸ਼ਾਕਾਹਰੀ ਭੋਜਨ ਬਾਰੇ ਸੋਚਦੇ ਹਨ ਤਾਂ ਉਹਨਾਂ ਦੀ ਸੋਚ ਪੱਤੇਦਾਰ ਸਬਜ਼ੀਆਂ ਅਤੇ ਕੁੱਝ ਵਿਕਲਪਾਂ ਤੱਕ ਹੀ ਸੀਮਿਤ ਰਹਿ ਜਾਂਦੀ ਹੈ ਜਦਕਿ ਸ਼ਾਕਾਹਾਰੀ ਭੋਜਨ ਦੇ ਸਵਾਦਿਸ਼ਟ ਪਕਵਾਨਾਂ ਦੀ ਇੱਕ ਲੰਬੀ ਸੂਚੀ ਹੈ ਜਿਸ ਬਾਰੇ ਬਹੁਤ ਸਾਰੇ ਲੋਕ ਅਜੇ ਅਣਜਾਣ ਹਨ।

ਮੈਲਬੌਰਨ ਦੀ ਵਸਨੀਕ ਵਸੁੰਧਰਾ ਕੰਡਪਾਲ ਦਾ ਕਹਿਣਾ ਹੈ ਕਿ ਸ਼ਾਕਾਹਾਰੀ ਬਣਨ ਦੀ ਪ੍ਰੇਰਣਾ ਉਹਨਾਂ ਨੂੰ ਆਪਣੇ ਸਹਿਯੋਗੀਆਂ ਤੋਂ ਛੇ ਸਾਲ ਪਹਿਲਾਂ ਮਿਲੀ ਸੀ।
ਸ਼੍ਰੀਮਤੀ ਵਸੁੰਧਰਾ 2018 ਵਿੱਚ ਮੈਲਬੌਰਨ ਆਏ ਸਨ। ਇਸ ਤੋਂ ਪਹਿਲਾਂ ਉਹ ਯੂ.ਐਸ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਵਾਤਾਵਰਣ ਸੰਭਾਲ ਵਿਭਾਗ ਵਿੱਚ ਕੰਮ ਕਰਦੇ ਸਨ ਅਤੇ ਇਥੇ ਹੀ ਉਹਨਾਂ ਨੇ ਦੇਖਿਆ ਕਿ ਵਧੇਰੇ ਨੌਜਵਾਨ ਸ਼ਾਕਾਹਾਰੀ ਬਣ ਰਹੇ ਸਨ।
ਉਹਨਾਂ ਦੱਸਿਆ ਕਿ ਸ਼ਾਕਾਹਾਰੀ ਹੋਣ ਬਾਰੇ ਸਭ ਤੋਂ ਵੱਧ ਸੰਤੁਸ਼ਟੀ ਉਹਨਾਂ ਨੂੰ ਇਸ ਗੱਲ ਦੀ ਮਿਲਦੀ ਹੈ ਕਿ ਉਹ ਵਾਤਾਵਰਣ ਅਤੇ ਇਸ ਗ੍ਰਹਿ ਲਈ ਆਪਣੇ ਵੱਲੋਂ ਕੁੱਝ ਯੋਗਦਾਨ ਪਾ ਰਹੇ ਹਨ।

ਪ੍ਰੋਟੀਨ ਲਈ ਮੀਟ ਖਾਣ ਦੀ ਲੋੜ ਦੇ ਸਵਾਲ ਉੱਤੇ 39 ਸਾਲਾ ਸ਼੍ਰੀਮਤੀ ਵਸੁੰਧਰਾ ਦਾ ਕਹਿਣਾ ਹੈ ਕਿ ਉਹ ਛੇ ਸਾਲ੍ਹਾਂ ਤੋਂ ਸ਼ਾਕਾਹਾਰੀ ਭੋਜਨ ਖਾ ਰਹੇ ਹਨ ਅਤੇ ਇਸ ਦੌਰਾਨ ਉਹਨਾਂ ਪ੍ਰੋਟੀਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਮਹਿਸੂਸ ਨਹੀਂ ਕੀਤੀ।
ਇੱਕ ਖੋਜ ਮੁਤਾਬਕ ਹਰ 10 ਆਸਟ੍ਰੇਲੀਅਨ ਪਿੱਛੇ ਇੱਕ ਤੋਂ ਵੀ ਵੱਧ ਆਸਟ੍ਰੇਲੀਅਨ ਸ਼ਾਕਾਹਾਰੀ ਹਨ।
ਦੁਨੀਆ ਭਰ ਵਿੱਚ ਸਭ ਤੋਂ ਵੱਧ ਸ਼ਾਕਾਹਾਰੀ ਲੋਕਾਂ ਦੀ ਸੂਚੀ ਵਾਲੇ ਦੇਸ਼ਾਂ ਵਿੱਚ ਆਸਟ੍ਰੇਲੀਆ ਦਾ ਛੇਵਾਂ ਸਥਾਨ ਹੈ।






