ਫ਼ੁੱਟਬਾਲ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ਼ 26 ਅਕਤੂਬਰ ਨੂੰ ਰੌਕਬੈਂਕ ਦੇ ਫਰੰਟੀਅਰ ਪਾਰਕ ਵਿੱਚ ਲੋਕਾਂ ਨੂੰ ਇੱਕ ਖਾਸ ਸਮਾਗਮ ਵਿੱਚ ਹਿੱਸਾ ਲੈਣ ਲਈ ਸੱਦਿਆ ਗਿਆ।
ਇਸ ਵੱਡੇ ਇਕੱਠ ਵਿੱਚ ਇੱਕ ਪੰਜਾਬੀ ਪਰਿਵਾਰ ਵੀ ਸ਼ਾਮਿਲ ਸੀ ਜਿਸਨੇ 'ਵਿਸ਼ਵ ਦੇ ਸਭ ਤੋਂ ਵੱਡੇ ਫ਼ੁੱਟਬਾਲ (ਸੌਕਰ) ਸਬਕ' ਲਈ ਗਿੰਨੀਜ਼ ਵਰਲਡ ਰਿਕਾਰਡ ਬਣਾਉਣ ਦੀ ਸਫਲ ਕੋਸ਼ਿਸ਼ ਵਿੱਚ ਆਪਣਾ ਹਿੱਸਾ ਪਾਇਆ।
ਮਨਦੀਪ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ 835 ਲੋਕਾਂ ਦੇ ਇੱਕ ਸਮੂਹ ਨੇ ਅੱਧੇ ਘੰਟੇ ਲਈ ਫ਼ੁੱਟਬਾਲ (ਸੌਕਰ) ਦੀ ਸਿਖਲਾਈ ਲੈਕੇ ਇਹ ਰਿਕਾਰਡ ਬਣਾਇਆ ਹੈ।

ਬੱਚਿਆਂ ਨੇ ਭਾਰੀ ਤਾਦਾਦ ਵਿੱਚ ਸ਼ਾਮਿਲ ਹੋਕੇ ਗਿੰਨੀਜ਼ ਵਰਲਡ ਰਿਕਾਰਡ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ। Source: Supplied
ਸ਼੍ਰੀ ਸਿੰਘ ਦਾ ਬੇਟਾ ਤਵਨੂਰ ਸਿੰਘ ਫੁੱਟਬਾਲ ਦੀ ਖੇਡ ਨੂੰ ਖਾਸ ਤੌਰ 'ਤੇ ਪਸੰਦ ਕਰਦਾ ਹੈ - "ਅਸੀਂ ਚਾਹੁੰਦੇ ਸੀ ਕਿ ਖੇਡਾਂ ਵਾਲ਼ੀ ਜੀਵਨਸ਼ੈਲੀ ਉਸਦੀ ਜ਼ਿੰਦਗੀ ਦਾ ਹਿੱਸਾ ਬਣੇ ਅਤੇ ਉਹ ਇਸ ਗੱਲ ਦੀ ਅਹਿਮੀਅਤ ਨੂੰ ਜਾਣ ਸਕੇ ਕਿ ਇੱਕ ਨਰੋਏ ਸਰੀਰ ਵਿੱਚ ਹੀ ਨਰੋਆ ਮਨ ਵਾਸ ਕਰਦਾ ਹੈ।"
ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੋਈ ਕਿ ਰਿਕਾਰਡ ਤੋੜ੍ਹਨ ਲਈ ਸਾਡੇ ਆਪਣੇ ਸਿੱਖ ਭਾਈਚਾਰੇ ਵਿੱਚੋਂ ਬਹੁਤ ਸਾਰੇ ਲੋਕਾਂ ਵੱਧ-ਚੜ੍ਹ ਕੇ ਹਿੱਸਾ ਪਾਇਆ। ਇਸ ਦਿਨ ਥੋੜ੍ਹਾ ਮੀਂਹ ਵੀ ਪੈ ਰਿਹਾ ਸੀ ਪਰ ਲੋਕਾਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਸੀ।
ਪੂਰੀ ਜਾਣਕਾਰੀ ਲਈ ਸੁਣੋ ਉੱਪਰ ਦਿੱਤੀ ਗੱਲਬਾਤ…
26 ਅਕਤੂਬਰ ਦੇ ਇਸ ਸਮਾਗਮ ਵਿੱਚ ਸਾਬਕਾ ਸੋਕਰੂਸ ਖਿਡਾਰੀ ਕੇਵਿਨ ਮਸਕਟ ਅਤੇ ਮਟਿਲਡਾਅਜ਼ ਸਟਰਾਈਕਰ ਅਤੇ ਵਿਸ਼ਵ ਰਿਕਾਰਡ ਹੋਲ੍ਡਰ ਕੀਆ ਸਾਈਮਨ ਉਚੇਚੇ ਤੌਰ 'ਤੇ ਸ਼ਾਮਿਲ ਹੋਏ - ਇਸ ਦੌਰਾਨ ਬ੍ਰਾਜ਼ੀਲ ਦੇ ਪੰਜ ਸਾਬਕਾ ਪੇਸ਼ੇਵਰ ਖਿਡਾਰੀ ਵੀ ਹਾਜ਼ਿਰ ਹੋਏ।

ਮਨਦੀਪ ਸਿੰਘ ਅਤੇ ਉਸਦੇ ਪਰਿਵਾਰ ਨੇ ਮੀਂਹ ਪੈਣ ਦੇ ਬਾਵਜੂਦ ਆਪਣੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ। Source: Supplied
ਦੱਸਣਯੋਗ ਹੈ ਕਿ ਕਿ ਇਸ ਕਿਸਮ ਦਾ ਪਹਿਲਾ ਰਿਕਾਰਡ 705 ਲੋਕਾਂ ਦੇ ਇੱਕ ਸਮੂਹ ਨੇ 8 ਅਪ੍ਰੈਲ, 2018 ਨੂੰ ਪੋਲੈਂਡ ਵਿੱਚ ਬਣਾਇਆ ਸੀ।
SBS Punjabi ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ Facebook ਤੇ Twitter 'ਤੇ ਫੌਲੋ ਕਰੋ।

26 ਅਕਤੂਬਰ ਦੇ ਇਸ ਸਮਾਗਮ ਵਿੱਚ ਕਈ ਮਸ਼ਹੂਰ ਅਤੇ ਪੇਸ਼ੇਵਰ ਫ਼ੁੱਟਬਾਲ (ਸੌਕਰ) ਖਿਡਾਰੀ ਹਾਜ਼ਿਰ ਹੋਏ। Source: Supplied