ਬੈਂਡੀਗੋ ਦੀ ਰਹਿਣ ਵਾਲੀ ਫਿਲਿਪਾ ਬਾਇਵਾਟਰਸ ਆਪਣੇ ਘਰ ਤੋਂ ਕੈਮਿਸਟਰੀ ਦੇ ਇਮਤਿਹਾਨਾਂ ਦੀ ਤਿਆਰੀ ਕਰ ਰਹੀ ਹੈ। ਇਸ ਦਾ ਸੁਪਨਾ ਅਗਲੇ ਸਾਲ ਯੂਨਿਵਰਸਿਟੀ ਵਿੱਚ ਬਾਇਓ-ਕੈਮਿਸਟਰੀ ਪੜਨ ਦਾ ਹੈ ਅਤੇ ਇਸ ਲਈ ਚਾਹੀਦਾ ਹੋਵੇਗਾ ਉੱਚ ਦਰਜੇ ਦਾ ਏਟਾਰ। ਬੇਸ਼ਕ ਉਸ ਨੂੰ ਘਰ ਤੋਂ ਪੜਾਈ ਕਰਨਾ ਚੰਗਾ ਲਗਦਾ ਹੈ ਪਰ ਇਸ ਨਾਲ ਉਸ ਦੇ ਏਟਾਰ ਉੱਤੇ ਜਰੂਰ ਅਸਰ ਪੈ ਸਕਦਾ ਹੈ।
ਉਸ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਉਸ ਐਲਾਨ ਦਾ ਸਵਾਗਤ ਕਰਦੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਦੀ ਮਾਰ ਝੱਲ ਰਹੇ ਉਹਨਾਂ ਸਾਰੇ ਬਾਹਰਵੀਂ ਦੇ 50 ਹਜ਼ਾਰ ਤੋਂ ਵੀ ਜਿਆਦਾ ਵਿਦਿਆਰਥੀਆਂ ਦੇ ਕੇਸਾਂ ਉੱਤੇ ਗੌਰ ਕੀਤਾ ਜਾਵੇਗਾ।
ਵਿਕਟੋਰੀਆ ਦੇ ਬਾਹਰਵੀਂ ਜਮਾਤ ਦੇ ਬਹੁਤ ਸਾਰੇ ਵਿਦਿਆਰਥੀਆਂ ਦਾ ਮੰਨਣਾਂ ਹੈ ਕਿ ਮਹਾਂਮਾਰੀ ਕਾਰਨ ਉਹਨਾਂ ਦੇ ਏਟਾਰ ਉੱਤੇ ਮਾੜਾ ਅਸਰ ਪੈ ਸਕਦਾ ਹੈ। ਵਿਦਿਆਰਥੀਆਂ ਦਾ ਮੁਲਾਂਕਣ ਇੱਕ ਖਾਸ ‘ਸਲਾਈਡਿੰਗ ਸਕੇਲ’ ਨਾਮੀ ਪੈਮਾਨੇ ਉੱਤੇ ਕੀਤਾ ਜਾਵੇਗਾ ਅਤੇ ਕਰੋਨਾਵਾਇਰਸ ਕਾਰਨ ਹੋਏ ਨੁਕਸਾਨ ਦੇ ਪੱਧਰ ਨੂੰ ਦਰਸਾਉਂਦੀ ਹੋਈ ਇੱਕ ਖਾਸ ਰੇਟਿੰਗ ਦਿੱਤੀ ਜਾਵੇਗੀ। ਇਹ ਵੀ ਉਮੀਦ ਕੀਤੀ ਜਾਵੇਗੀ ਕਿ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਸੰਪਰਕ ਕਰਦੇ ਹੋਏ ਉਹਨਾਂ ਨੂੰ ਆਪਣੇ ਸਾਹਮਣੇ ਆ ਰਹੀਆਂ ਚੁਣੌਤੀਆਂ ਬਾਰੇ ਵੀ ਜਾਗਰੂਕ ਕਰਨ। ਮੈਲਬਰਨ ਈਸਟ ਦੇ ਕਰਾਈਡਨ ਹਿੱਲਜ਼ ਰਹਿਣ ਵਾਲੇ ਇੱਕ ਵਿਦਿਆਰਥੀ ਟਿੱਮ ਵਾਈਟਹੈੱਡ ਦਾ ਕਹਿਣਾ ਹੈ ਕਿ ਉਸ ਨੂੰ ਯਕੀਨ ਨਹੀਂ ਹੈ ਕਿ ਵਿਦਿਆਰਥੀਆਂ ਦਾ ਨਿਰਪੱਖ ਮੁਲਾਂਕਣ ਵੀ ਹੋ ਸਕੇਗਾ ਕਿਉਂਕਿ ਹਰੇਕ ਦਾ ਇਸ ਮਹਾਂਮਾਰੀ ਦੌਰਾਨ ਤਜਰਬਾ ਵੱਖਰਾ ਰਿਹਾ ਹੈ।
ਵਿਕਟੋਰੀਆ ਦੇ ਸਿੱਖਿਆ ਵਿਭਾਗ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ ਬਹੁਤ ਸਾਰੇ ਨੁੱਕਤਿਆਂ ਉੱਤੇ ਗੌਰ ਕੀਤਾ ਜਾਵੇਗਾ ਜਿਹਨਾਂ ਵਿੱਚ ਕਰੋਨਾਵਾਇਰਸ ਕਾਰਨ ਪੈਦਾ ਹੋਈਆਂ ਮੁਸ਼ਕਲਾਂ, ਬਿਮਾਰੀ ਦਾ ਸਮਾਂ, ਮਾਨਸਿਕ ਸਿਹਤ, ਅਤੇ ਪਰਿਵਾਰਕ ਪ੍ਰੇਸ਼ਾਨੀਆਂ ਆਦਿ ਨੂੰ ਵੀ ਵਿਚਾਰਿਆ ਜਾਵੇਗਾ।
ਪਰ ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਡਾਨ ਤਿਹਾਨ ਨੇ ਕਿਹਾ ਹੈ ਕਿ ਯਕੀਨਨ ਹੀ ਅਧਿਕਾਰੀ, ਵਿਦਿਆਰਥੀਆਂ ਦੀ ਮਦਦ ਕਰਨ ਦਾ ਕੋਈ ਨਾ ਕੋਈ ਕਾਰਗਰ ਤਰੀਕਾ ਲੱਭ ਹੀ ਲੈਣਗੇ।
ਬਾਹਰਵੀਂ ਜਮਾਤ ਦੇ ਅੰਤਿਮ ਨਤੀਜਿਆਂ ਦਾ ਤਣਾਅ ਸਿਰਫ ਵਿਕਟੋਰੀਆ ਵਿੱਚ ਹੀ ਸੀਮਤ ਨਹੀਂ ਹੈ। ਕਲੂਈ ਲਰਨਿੰਗ ਸੰਸਥਾ ਵਲੋਂ 12ਵੀ ਜਮਾਤ ਦੇ ਵਿਦਿਆਰਥੀਆਂ ਉੱਤੇ ਕਰਵਾਏ ਇੱਕ ਦੇਸ਼ ਵਿਆਪੀ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਇਹੀ ਤਣਾਅ ਦੇਸ਼ ਭਰ ਦੇ 62% ਵਿਦਿਆਰਥੀਆਂ ਨੇ ਵੀ ਮੰਨਿਆ ਹੈ। ਇਸ ਸੰਸਥਾ ਦੀ ਮੁਖੀ ਡਾ ਸੈਲੀਨਾ ਸੈਮੂਅਲਸ ਕਹਿੰਦੀ ਹੈ ਕਿ ਵਿਦਿਆਰਥੀਆਂ ਵਿੱਚ ਇਮਤਿਹਾਨਾਂ ਦੇ ਨਾਲ ਨਾਲ ਇੱਕ ਹੋਰ ਵੱਡੀ ਚਿੰਤਾ ਵੀ ਹੁੰਦੀ ਹੈ, ਉਹ ਹੈ ਮਾਪਿਆਂ ਦਾ ਦਬਾਅ।
ਹਾਲਾਂਕਿ ਵਿਕਟੋਰੀਆ ਹੀ ਇਕੱਲਾ ਅਜਿਹਾ ਸੂਬਾ ਹੋਵੇਗਾ ਜਿਸ ਵਿੱਚ ਵਿਦਿਆਰਥੀਆਂ ਦੇ ਗਰੇਡ ਸੁਧਾਰੇ ਜਾਣਗੇ, ਪਰ ਸਕੂਲ ਛੱਡਣ ਵਾਲਿਆਂ ਕੋਲ ਹੱਕ ਹੋਵੇਗਾ ਕਿ ਉਹ ਆਪਣੇ ਨਤੀਜਿਆਂ ਨੂੰ ਲੈ ਕਿ ਐਜੂਕੇਸ਼ਨ ਐਕਸੈੱਸ ਸਕੀਮ ਕੋਲ ਅਪੀਲ ਕਰ ਸਕਣਗੇ। ਨਿਊ ਸਾਊਥ ਵੇਲਜ਼ ਐਡਮਿਸ਼ਨਸ ਸੈਂਟਰ ਦੀ ਕਿਮ ਪੈਅਨੋ ਦਸਦੀ ਹੈ ਕਿ ਯੂਨਿਵਰਟੀਆਂ ਵਲੋਂ ਵੀ ਨਰਮ ਵਤੀਰਾ ਵਰਤਿਆ ਜਾ ਰਿਹਾ ਹੈ।
ਹਾਲ ਦੀ ਘੜੀ ਵਿਕਟੋਰੀਆ ਦੇ ਵਿਦਿਆਰਥੀ ਪਹਿਲਾਂ ਵਾਂਗ ਹੀ ਰਿਮੋਟ ਪੜਾਈ ਕਰਦੇ ਰਹਿਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਅਕਤੂਬਰ ਮਹੀਨੇ ਤੋਂ ਆਮ ਵਾਂਗ ਸਕੂਲਾਂ ਵਿੱਚ ਜਾ ਸਕਣਗੇ।
ਕਰੋਨਾਵਾਇਰਸ ਬਾਰੇ ਤਾਜ਼ਾ ਜਾਣਕਾਰੀ ਆਪਣੀ ਭਾਸ਼ਾ ਵਿੱਚ ਲੈਣ ਲਈ ਐਸਬੀਐਸ ਡਾਟ ਕਾਮ ਡਾਟ ਏਯੂ ਸਲੈਸ਼ ਕਰੋਨਾਵਾਇਰਸ ਤੇ ਜਾਓ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।