ਅਦਾਲਤੀ ਕਾਰਵਾਈ ਨਾਲ ਜੁੜੀ ਕੋਈ ਵੀ ਮੀਡੀਆ ਰਿਪੋਰਟ ਦੇਖੋ, ਸੁਣੋ ਜਾਂ ਪੜੋ, ਤਾਂ ਉਸਦੇ ਵਿੱਚ ਕਈ ਵਾਰ ਕਥਿਤ, ਕਥਿਤ ਤੋਰ ‘ਤੇ ਕਥਿਤ ਦੋਸ਼ ਵਰਗੀਆਂ ਪਰਿਭਾਸ਼ਾਵਾਂ ਮਿਲਣਗੀਆਂ।
ਇਸ ਦੀ ਭਾਰੀ ਵਰਤੋਂ ਉੱਤੇ ਵਿਰੋਧ ਵੀ ਜਤਾਇਆ ਜਾ ਰਿਹਾ ਹੈ।
ਸਵਾਲ ਚੁੱਕੇ ਜਾਂਦੇ ਹਨ ਕਿ ਇਹਨਾਂ ਪਰਿਭਾਸ਼ਾਵਾਂ ਦੀ ਵਰਤੋਂ ਕਰ ਕੇ ਕੀ ਮੀਡੀਆ ਨਿਰਪੱਖ ਅਤੇ ਸਹੀ ਜਾਣਕਾਰੀ ਪ੍ਰਦਾਨ ਕਰ ਪਾਉਂਦਾ ਹੈ ਜਾਂ ਨਹੀਂ।
ਪਰ ਇਹਨਾਂ ਪਰਿਭਾਸ਼ਾਵਾਂ ਅਤੇ ਸ਼ਬਦ ਦਾ ਅਦਾਲਤੀ ਕਾਰਵਾਈ ਵਿੱਚ ਕਾਫੀ ਮਹੱਤਵ ਹੈ।
ਇਹ ਸ਼ਬਦ ਨਿਆਂ ਪ੍ਰਣਾਲੀ ਦਾ ਸਤਿਕਾਰ ਕਰਦਾ ਹੈ, ਮਾਮਲੇ ‘ਚ ਸ਼ਾਮਿਲ ਲੋਕਾਂ ਅਤੇ ਜਿਊਰੀ ਦੇ ਫੈਸਲੇ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਪੱਤਰਕਾਰਾਂ, ਮੀਡੀਆ, ਸਰੋਤਾਂ ਅਤੇ ਜਨਤਾ ਦੀ ਰੱਖਿਆ ਵੀ ਕਰਦਾ ਹੈ।
ਮੀਡੀਆ ਦਾ ਅਦਾਲਤ ਵਿੱਚ ਰਿਪੋਰਟ ਕਰਨ ਦਾ ਅਧਿਕਾਰ ਲੋਕਤੰਤਰ ਦਾ ਇੱਕ ਬੁਨਿਆਦੀ ਹਿੱਸਾ ਹੈ।
ਆਓ ਇਸ ਲੇਖ ਵਿੱਚ ਸਮਝਦੇ ਹਾਂ ਕਿ ਖ਼ਬਰਾਂ ਵਿੱਚ ‘ਕਥਿਤ’ ਸ਼ਬਦ ਦੀ ਵਰਤੋਂ ਇਸ ਅਧਿਕਾਰ ਦੀ ਰੱਖਿਆ ਕਿਵੇਂ ਕਰਦੀ ਹੈ।
ਕਥਿਤ ਦਾ ਕੀ ਅਰਥ ਹੈ?
ਮੈਲਬਰਨ ਲਾਅ ਸਕੂਲ ਵਿੱਚ 'ਸੈਂਟਰ ਫੋਰ ਮੀਡੀਆ ਐਂਡ ਕਮਿਊਨੀਕੇਸ਼ਨ' ਦੇ ਡਾਇਰੈਕਟਰ, ਐਸੋਸ਼ੀਏਟ ਪ੍ਰੋਫੈਸਰ ਜੇਸਨ ਬੋਸਲੈਂਡ ਦੇ ਮੁਤਾਬਕ ਮੀਡੀਆ ਵੱਲੋਂ ‘ਕਥਿਤ’ ਸ਼ਬਦ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ‘ਤੇ ਕੋਈ ਵਾਰਦਾਤ ਕਰਨ ਦਾ ਸ਼ੱਕ ਹੁੰਦਾ ਹੈ।
ਇਹ ਉਦੋਂ ਵੀ ਵਰਤਿਆ ਜਾ ਸਕਦਾ ਹੈ ਜਦੋਂ ਕਿਸੇ ਵਿਅਕਤੀ ‘ਤੇ ਕੋਈ ਅਪਰਾਧ ਕਰਨ ਦੇ ਵਾਜਬ ਆਧਾਰ ਹੁੰਦੇ ਹਨ ਪਰ ਅਜੇ ਉਹਨਾਂ ਦੀ ਪੁਸ਼ਟੀ ਨਾ ਹੋਈ ਹੋਵੇ।
ਮੀਡੀਆ ਵੱਲੋਂ ਅਪਰਾਧਿਕ ਮਾਮਲਿਆਂ ‘ਚ ਕਿਸੇ ਵਿਅਕਤੀ ਦੇ ਵਿਵਹਾਰ ਨੂੰ ਦਰਸਾਉਣ ਲਈ ਬਹੁਤ ਸਾਵਧਾਨੀ ਨਾਲ ਇਸ ਸ਼ਬਦ ਜਾਂ ਪਰਿਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ।
ਜੇਕਰ ਸਾਵਧਾਨੀ ਨਾ ਵਰਤੀ ਜਾਵੇ ਤਾਂ ਇਸਦੇ ਗੰਭੀਰ ਅਪਰਾਧਿਕ ਨਤੀਜੇ ਜਾਂ ਵਿੱਤੀ ਤੋਰ ‘ਤੇ ਭਾਰੀ ਨੁਕਸਾਨ ਹੋ ਸਕਦਾ ਹੈ।
ਐਸੋਸ਼ੀਏਟ ਪ੍ਰੋਫੈਸਰ ਬੋਸਲੈਂਡ ਮੁਤਾਬਕ ਜਦੋਂ ਕਿਸੇ ਅਪਰਾਧਿਕ ਮਾਮਲੇ ‘ਚ ਕਿਸੇ ਵਿਅਕਤੀ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਉਥੇ ਮਾਣਹਾਨੀ ਅਤੇ ‘ਕੰਟੈਂਪਟ ਓਫ ਕੋਰਟ’ ਯਾਨੀ ਅਦਾਲਤ ਦਾ ਅਪਮਾਨ ਵੀ ਨਾਲ-ਨਾਲ ਹੀ ਚਲਦੇ ਹਨ।
ਅਦਾਲਤ ਦਾ ਅਪਮਾਨ
ਐਸੋਸੀਏਟ ਪ੍ਰੋਫੈਸਰ ਬੋਸਲੈਂਡ ਕਹਿੰਦੇ ਹਨ ਕਿ ਇਹ ਕਿਸੇ ਵਿਅਕਤੀ ‘ਤੇ ਚੱਲ ਰਹੇ ਮੁਕੱਦਮੇ ਦੌਰਾਨ ਫੈਸਲੇ ਨੂੰ ਪ੍ਰਭਾਵਿਤ ਨਾ ਕਰਨਾ ਤੇ ਨਿਰਪੱਖ ਫੈਸਲੇ ਦੇ ਹੱਕ ਬਾਰੇ ਹੈ।
“ਇਹ ਜੱਜ ਹੀ ਫੈਸਲਾ ਕਰੇਗਾ ਕਿ ਕੋਈ ਵਿਅਕਤੀ ਦੋਸ਼ੀ ਹੈ ਜਾਂ ਨਿਰਦੋਸ਼ ਹੈ। ਅਦਾਤਲ ਦੇ ਫੈਸਲਿਆਂ ਦਾ ਸਤਿਕਾਰ ਕਰਨਾ ਜ਼ਿੰਮੇਵਾਰੀ ਹੈ।
ਅਦਾਲਤੀ ਕਾਰਵਾਈ ‘ਚ ਦਖਲਅੰਦਾਜ਼ੀ ਕਰਨ ‘ਤੇ ਪੱਤਰਕਾਰ ਨੂੰ ਜੁਰਮਾਨਾ ਜਾਂ ਕੈਦ ਹੋ ਸਕਦੀ ਹੈ।
ਮਾਣਹਾਨੀ
ਐਸੋਸ਼ੀਏਟ ਪ੍ਰੋਫੈਸਰ ਬੋਸਲੈਂਡ ਮੁਤਾਬਕ ਮਾਣਹਾਨੀ ਦਾ ਮਤਲਬ ਅਜਿਹੀ ਸਮੱਗਰੀ ਨੂੰ ਪ੍ਰਕਾਸ਼ਿਤ ਕਰਨਾ ਹੈ ਜਿਸ ਨਾਲ ਕਿਸੇ ਵਿਅਕਤੀ ਦੀ ਦੂਜਿਆਂ ਦੇ ਨਜ਼ਰਾਂ ‘ਚ ਬੇਇਜ਼ਤੀ ਹੁੰਦੀ ਹੈ।
ਜੇਕਰ ਕਿਸੇ ਮਾਮਲੇ ‘ਚ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁਕੱਦਮਾ ਚਲਦਾ ਹੈ ਤਾਂ ਤੁਸੀਂ ਇਹ ਪ੍ਰਕਾਸ਼ਿਤ ਕਰ ਸਕਦੇ ਹੋ ਕਿ ਉਹ ਵਿਅਕਤੀ ਕਥਿਤ ਤੋਰ ‘ਤੇ ਦੋਸ਼ੀ ਹੈ।
ਪਰ ਜੇਕਰ ਉਸਨੂੰ ਅਦਾਲਤ ਨੇ ਦੋਸ਼ੀ ਕਰਾਰ ਨਹੀਂ ਦਿੱਤਾ ਅਤੇ ਤੁਸੀਂ ਉਸਦਾ ਨਾਮ ਦੋਸ਼ੀ ਵਜੋਂ ਪ੍ਰਕਾਸ਼ਿਤ ਕਰਦੇ ਹੋ ਤਾਂ ਇਸਨੂੰ ਮਾਣਹਾਨੀ ਕਿਹਾ ਜਾਵੇਗਾ।

ਕਥਿਤ ਸ਼ਬਦ ਪੱਤਰਕਾਰ ਨੂੰ ਗੰਭੀਰ ਨਤੀਜਿਆਂ ਤੋਂ ਬਚਾਉਂਦਾ ਹੈ।
ਐਸੋਸ਼ੀਏਟ ਪ੍ਰੋਫੈਸਰ ਬੋਸਲੈਂਡ ਅੱਗੇ ਦੱਸਦੇ ਹਨ ਕਿ ਜੇਕਰ ਇੱਕ ਪੱਤਰਕਾਰ ਕੋਲ ਸਾਰੇ ਸਬੂਤ ਮੌਜੂਦ ਹੋਣ ਜੋ ਇਹ ਸਾਬਿਤ ਕਰਦੇ ਹੋਣ ਕਿ ਇੱਕ ਵਿਅਕਤੀ ਦੋਸ਼ੀ ਹੈ ਤਾਂ ਵੀ ਉਸਨੂੰ ਕਥਿਤ ਸ਼ਬਦ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਪੱਤਰਕਾਰ ਦੇ ਕਿਸੇ ਨੂੰ ਦੋਸ਼ੀ ਮੰਨਣ ਨਾਲ ਉਹ ਵਿਅਕਤੀ ਦੋਸ਼ੀ ਨਹੀਂ ਬਣਦਾ।
ਸਹੀ ਅਤੇ ਨਿਰਪੱਖ ਪੱਤਰਕਾਰੀ ਲਈ ਇਹ ਸ਼ਬਦ ਬਹੁਤ ਹੀ ਅਹਿਮ ਭੂਮਿਕਾ ਰੱਖਦਾ ਹੈ।
ਰਿਪੋਰਟਿੰਗ ਵਿੱਚ 'ਕਥਿਤ' ਦੀ ਵਰਤੋਂ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਇੱਕ ਪੱਤਰਕਾਰ ਬਚਾਓ ਪੱਖ ਜਾਂ ਮੁੱਦਈ ਦੇ ਹੱਕ ਵਿੱਚ ਹੈ, ਸਗੋਂ ਉਹ ਅਪਰਾਧਿਕ ਪ੍ਰਕਿਰਿਆ ਦਾ ਆਦਰ ਕਰ ਰਿਹਾ ਹੈ ਅਤੇ ਨਾ ਸਿਰਫ ਆਪਣੀ ਅਤੇ ਆਪਣੇ ਨਿਊਜ਼ ਆਊਟਲੈਟ ਦੀ, ਆਪਣੇ ਸਰੋਤਾਂ ਅਤੇ ਕਹਾਣੀ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਰੱਖਿਆ ਕਰ ਰਿਹਾ ਹੈ।
ਜਦੋਂ ਕਿ ਜਿਹੜੇ ਪੱਤਰਕਾਰ ਅਦਾਲਤ ਦੀ ਬੇਇੱਜ਼ਤੀ ਕਰਦੇ ਪਾਏ ਜਾਂਦੇ ਹਨ, ਉਨ੍ਹਾਂ 'ਤੇ ਅਪਰਾਧਿਕ ਪਾਬੰਦੀਆਂ ਲੱਗ ਸਕਦੀਆਂ ਹਨ।
ਅਦਾਲਤੀ ਰਿਪੋਰਟਿੰਗ ਦਾ ਡੈਮੋਕ੍ਰੇਟਿਕ ਮਹੱਤਵ
ਐਸੋਸ਼ੀਏਟ ਪ੍ਰੋਫੈਸਰ ਬੋਸਲੈਂਡ ਮੁਤਾਬਕ ਹਾਲਾਂਕਿ ਪੱਤਰਕਾਰਾਂ ਲਈ ਅਦਾਲਤੀ ਕਾਰਵਾਈਆਂ ਦੀ ਰਿਪੋਰਟ ਕਰਨ ਸਬੰਧੀ ਕਈ ਖ਼ਤਰੇ ਦੇ ਸੰਕੇਤ ਹਨ ਪਰ ਫਿਰ ਵੀ ਮੀਡੀਆ ਅਤੇ ਅਦਾਲਤ ਵਿੱਚਕਾਰ ਇੱਕ ਇਮਾਨਦਾਰ ਸਿਸਟਮ ਹੈ ਅਤੇ ਦੋਵੇਂ ਹੀ ਇਸਦੀ ਕਦਰ ਕਰਦੇ ਹਨ।
ਬਹੁਤ ਸਾਰੇ ਮਾਮਲਿਆਂ ਵਿੱਚ ਤੁਸੀਂ ਉਹ ਸਭ ਕੁਝ ਪ੍ਰਕਾਸ਼ਿਤ ਕਰ ਸਕਦੇ ਹੋ ਜੋ ਅਦਾਲਤ ਵਿੱਚ ਕਿਹਾ ਗਿਆ ਹੋਵੇ। ਪਰ ਜੇਕਰ ਤੁਸੀਂ ਨਿਰਪੱਖ ਤੇ ਸਹੀ ਰਿਪੋਰਟ ਦੇ ਰਹੇ ਹੋ ਤਾਂ ਸਭ ਠੀਕ ਹੈ।
ਅਦਾਲਤਾਂ ਦੀ ਰਿਪੋਰਟ ਕਰਨ ਦੀ ਮੀਡੀਆ ਦੀ ਯੋਗਤਾ ਬੁਨਿਆਦੀ ਹੈ ਕਿਉਂਕਿ ਇਹ ਨਿਸ਼ਚਿਤ ਤੋਰ ‘ਤੇ ਲੋਕਾਂ ਦਾ ਕਾਨੂੰਨ ਪ੍ਰਣਾਲੀ ਵਿੱਚ ਵਿਸ਼ਵਾਸ ਵਧਾਉਂਦੀ ਹੈ ਅਤੇ ਉਹਨਾਂ ਨੂੰ ਯਕੀਨ ਦਿਵਾਉਂਦੀ ਹੈ ਕਿ ਮੀਡੀਆ ਰਿਪੋਰਟ ਕਰਨ ਲਈ ਸੁਤੰਤਰ ਹੈ।
ਇਹ ਧਿਆਨ ‘ਚ ਰੱਖਣਾ ਜ਼ਰੂਰੀ ਹੈ ਕਿ ਇਹ ਸਾਰੇ ਕਾਨੂੰਨ ਇਸ ਲਈ ਮੌਜੂਦ ਹਨ ਤਾਂ ਜੋ ਨਿਰਪੱਖ ਤੇ ਸਹੀ ਰਿਪੋਰਟਿੰਗ ਕੀਤੀ ਜਾ ਸਕੇ ਅਤੇ ਲੋਕਾਂ ਦਾ ਕਾਨੂੰਨ ਪ੍ਰਣਾਲੀ ਵਿੱਚ ਵਿਸ਼ਵਾਸ ਵੀ ਬਣਿਆ ਰਹੇ।
