ਮੈਲਬੌਰਨ ਵਿੱਚ ਇੱਕ 'ਸ਼ੈਫ' ਵਜੋਂ ਕੰਮ ਕਰਦੇ ਬਿਲਾਲ ਦਾ ਪਿਛੋਕੜ ਪਾਕਿਸਤਾਨ ਦੇ ਕਰਾਚੀ ਸ਼ਹਿਰ ਦਾ ਹੈ।
ਉਸ ਨੂੰ ਬਚਪਨ ਤੋਂ ਹੀ ਕਬੂਤਰਾਂ ਨਾਲ ਪਿਆਰ ਸੀ ਜੋ ਕਿ ਇੱਕ ਸ਼ੌਕ ਦੇ ਰੂਪ ਵਿੱਚ ਅੱਜ ਵੀ ਉਸ ਦੇ ਨਾਲ ਹੈ।
ਬਿਲਾਲ ਨੇ ਐਸ ਬੀ ਐਸ ਉਰਦੂ ਨੂੰ ਦੱਸਿਆ ਕਿ ਉਹ 2012 ਵਿੱਚ ਜਦੋਂ ਇੱਕ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਤਾਂ ਉਸਨੂੰ ਭਰੋਸਾ ਨਹੀਂ ਸੀ ਕਿ ਉਹ ਆਪਣੇ ਇਸ ਸ਼ੌਕ ਨੂੰ ਵਿਦੇਸ਼ ਵਿੱਚ ਵੀ ਜਿਓਂਦਾ ਰੱਖ ਸਕੇਗਾ।
ਪਰ 2014 ਵਿੱਚ ਜਦ ਉਸਨੇ ਫ੍ਰੀਵੇ ਉੱਤੇ ਡਰਾਈਵਿੰਗ ਕਰਦੇ ਵਕਤ ਅਸਮਾਨ ਵਿੱਚ ਕਬੂਤਰਾਂ ਦਾ ਇੱਕ ਵੱਡਾ ਝੁੰਡ ਵੇਖਿਆ ਤਾਂ ਉਸਦੇ ਕਬੂਤਰਬਾਜ਼ੀ ਦੇ ਸੁਪਨੇ ਨੂੰ ਇੱਕ ਨਵੀਂ ਉਡਾਣ ਮਿਲੀ।

ਉਸਨੇ ਇਸ ਬਾਰੇ ਆਨਲਾਈਨ ਖੋਜ ਉਪਰੰਤ ਕਬੂਤਰ ਰੇਸਿੰਗ ਕਲੱਬ ਨਾਲ਼ ਸਾਂਝ ਬਣਾਉਂਦਿਆਂ ਨਿਲਾਮੀਆਂ ਤੋਂ ਕਬੂਤਰ ਖ਼ਰੀਦਣੇ ਸ਼ੁਰੂ ਕਰ ਦਿੱਤੇ।
ਆਪਣੇ ਘਰ ਦੇ ਪਿਛਲੇ ਵਿਹੜੇ ਉਸਨੇ ਕਬੂਤਰਾਂ ਲਈ ਇੱਕ ਲੱਕੜ ਦਾ ਵਿਸ਼ੇਸ਼ ਘਰ ਬਣਾਇਆ ਜਿਸ ਵਿੱਚ ਇਸ ਵੇਲੇ 120 ਦੇ ਕਰੀਬ ਕਬੂਤਰਾਂ ਦੀ ਰਿਹਾਇਸ਼ ਹੈ।
ਬਿਲਾਲ ਮੁਤਾਬਿਕ ਆਸਟ੍ਰੇਲੀਆ ਵਿਚ ਕਬੂਤਰਬਾਜ਼ੀ ਇੱਕ ਮਹਿੰਗਾ ਸ਼ੌਕ ਹੈ ਅਤੇ ਉਨ੍ਹਾਂ ਦੇ 'ਖਾਣੇ-ਦਾਣੇ' ਤੇ ਵੈਕਸੀਨੇਸ਼ਨ ਦਾ ਵੀ ਖਾਸ ਖਿਆਲ ਰੱਖਣਾ ਪੈਂਦਾ ਹੈ।
ਉਸਨੇ ਦੱਸਿਆ ਕਿ ਉਸਦੇ ਜਿਸ ਕਬੂਤਰ ਨੇ ਕੁਝ ਸਾਲ ਪਹਿਲਾਂ 31,000 ਡਾਲਰ ਦੀ ਰੇਸ ਜਿੱਤੀ ਸੀ, ਉਹ ਉਸਨੇ 4400 ਡਾਲਰ ਦੇ ਮਹਿੰਗੇ ਮੁੱਲ ਤੇ ਖਰੀਦਿਆ ਸੀ।

ਬਿਲਾਲ ਆਪਣੇ ਕਬੂਤਰਾਂ ਨਾਲ ਹਰ ਰੋਜ਼ 35 ਤੋਂ 40 ਮਿੰਟ ਬਿਤਾਉਂਦਾ ਹੈ ਅਤੇ ਓਨਾ ਦਾ ਖਾਸ ਖਿਆਲ ਰੱਖਣ ਲਈ ਪ੍ਰਤਿਬੰਧ ਹੈ।
ਉਸਨੇ ਦੱਸਿਆ ਕਿ ਉਸ ਨੂੰ ਕਬੂਤਰਾਂ ਨਾਲ ਸਮਾਂ ਬਿਤਾਕੇ ਖ਼ੁਸ਼ੀ ਮਿਲਦੀ ਹੈ ਜਿਸਨੂੰ ਕਿ ਸ਼ਬਦਾਂ ਵਿੱਚ ਬਿਆਨ ਕਰਨਾ ਸੌਖਾ ਨਹੀਂ ਹੈ।
ਬਿਲਾਲ ਨਾਲ਼ ਐਸ ਬੀ ਐਸ ਉਰਦੂ ਦੁਆਰਾ ਕੀਤੀ ਇੰਟਰਵਿਊ ਸੁਣਨ ਲਈ ਤੇ ਇਹ ਜਾਣਕਾਰੀ ਅੰਗਰੇਜ਼ੀ ਵਿੱਚ ਪੜ੍ਹਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ:
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।
