ਜਦੋਂ ਸ਼ਾਮ ਕੁਮਾਰ 1992 ਵਿੱਚ ਭਾਰਤ ਦੇ ਪੰਜਾਬ ਤੋਂ ਆਸਟ੍ਰੇਲੀਆ ਆਏ, ਤਾਂ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਆਪਣੀ ਮਾਤ ਭਾਸ਼ਾ ਅਤੇ ਸਭਿਆਚਾਰ ਨਾਲ ਜੁੜੇ ਰਹਿਣਾ ਸੀ। ਇੱਥੇ ਆਉਣ ਦੇ ਤੁਰੰਤ ਬਾਅਦ ਉਨ੍ਹਾਂ ਨੇ ਇੱਕ 3-ਬੈਂਡ ਰੇਡੀਓ ਖਰੀਦਿਆ ਅਤੇ ਕਿਸੇ ਪੰਜਾਬੀ ਜਾਂ ਭਾਰਤੀ ਪ੍ਰੋਗਰਾਮ ਦੀ ਖੋਜ ਸ਼ੁਰੂ ਕਰ ਦਿੱਤੀ।
ਇਸ ਯਤਨ ਨੂੰ 1993 ਵਿੱਚ ਸਫਲਤਾ ਮਿਲੀ, ਜਦੋਂ ਉਨ੍ਹਾਂ ਨੇ ਹਰ ਵੀਰਵਾਰ ਐਸ ਬੀ ਐਸ 'ਤੇ ਪ੍ਰਸਾਰਿਤ ਹੋਣ ਵਾਲਾ ਪਹਿਲਾ ਪੰਜਾਬੀ ਪ੍ਰੋਗਰਾਮ ਸੁਣਿਆ।
ਸ਼ਾਮ ਕੁਮਾਰ ਦਾ ਜਨੂੰਨ ਸਿਰਫ ਸੁਣਨ ਤੱਕ ਸੀਮਿਤ ਨਹੀਂ ਸੀ, ਸ਼ਾਮ ਜੀ ਨੇ ਹਰ ਇੱਕ ਐਪੀਸੋਡ ਕੈਸੇਟਾਂ 'ਤੇ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ, ਅਤੇ ਉਹ ਇਸ ਰਿਕਾਰਡਿੰਗ ਨੂੰ ਹਫਤਾ ਭਰ ਸੁਣਦੇ ਰਹਿੰਦੇ।
ਇਹ ਰਿਕਾਰਡਿੰਗਾਂ ਅੱਜ ਵੀ ਉਨ੍ਹਾਂ ਕੋਲ ਸੁਰੱਖਿਅਤ ਹਨ, ਜੋ ਅਜੇ ਵੀ ਉਨ੍ਹਾਂ ਨੂੰ ਪੁਰਾਣੇ ਸਮਿਆਂ ਦੀ ਯਾਦ ਦਿਵਾਉਂਦੀਆਂ ਹਨ।

ਸ਼ਾਮ ਕੁਮਾਰ, ਜੋ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਐਸ ਬੀ ਐਸ ਪੰਜਾਬੀ ਸੁਣ ਰਹੇ ਹਨ। Credit: ਸ਼ਾਮ ਕੁਮਾਰ
ਸਿਰਫ ਇੱਕ ਘੰਟੇ ਦਾ ਪ੍ਰੋਗਰਾਮ ਹੁੰਦਾ ਸੀ, ਪਰ ਇਸ ਵਿੱਚ ਹਰ ਤਰ੍ਹਾਂ ਦੀ ਜਾਣਕਾਰੀ ਸ਼ਾਮਲ ਹੁੰਦੀ ਸੀ-ਹਫ਼ਤੇ ਦੀਆਂ ਖ਼ਬਰਾਂ, ਕਰੰਟ ਅਫੇਅਰਜ਼, ਭਾਰਤ ਤੋਂ ਆਈਆਂ ਖ਼ਬਰਾਂ, ਆਸਟ੍ਰੇਲੀਆਈ ਭਾਰਤੀ ਭਾਈਚਾਰੇ ਦੀਆਂ ਉਪਲੱਬਧੀਆਂ, ਹਾਸ-ਰਸ ਅਤੇ ਸੰਗੀਤ। ਇਹ ਇੱਕ ਘੰਟੇ ਵਾਲਾ ਪ੍ਰੋਗਰਾਮ ਤਿੰਨ-ਚਾਰ ਘੰਟਿਆਂ ਜਿੰਨਾ ਲਗਦਾ ਸੀ।
ਉਹ ਦੌਰ ਅਜਿਹਾ ਸੀ ਜਦੋਂ ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰਾ ਬਹੁਤ ਥੋੜ੍ਹਾ ਸੀ। ਭਾਰਤੀ ਦੁਕਾਨਾਂ ਵੀ ਨਾ ਦੇ ਬਰਾਬਰ ਸਨ ਅਤੇ ਧਾਰਮਿਕ ਸਥਾਨਾਂ ਵਿੱਚ ਵੀ ਗਿਣਤੀ ਦੇ ਹੀ ਲੋਕ ਮਿਲਦੇ।
ਐਸ ਬੀ ਐਸ ਪੰਜਾਬੀ ਦੇ ਇੱਕ ਘੰਟੇ ਦਾ ਪ੍ਰੋਗਰਾਮ ਵਿੱਚ ਇੰਨਾਂ ਕੁੱਝ ਸਮੋਇਆ ਹੁੰਦਾ ਸੀ ਕਿ ਪੰਜਾਬ ਤੋਂ ਦੂਰ ਹੋਣ ਵਾਲਾ ਦਰਦ ਖਤਮ ਹੋ ਜਾਂਦਾ ਸੀ।Sham Kumar
2004 ਵਿੱਚ ਵਿਦਿਆਰਥੀਆਂ ਦੇ ਆਉਣ ਨਾਲ ਭਾਈਚਾਰੇ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ। ਸ਼ਾਮ ਜੀ ਨੇ ਉਸ ਸਮੇਂ ਐਸ ਬੀ ਐਸ ਨੂੰ ਹੱਥੀਂ ਲਿਖੀਆਂ ਚਿੱਠੀਆਂ ਭੇਜ ਕੇ ਪ੍ਰੋਗਰਾਮ ਦੀ ਸਮਾਂ ਸੀਮਾ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਨੂੰ ਜਵਾਬ ਮਿਲਿਆ ਕਿ ਡਿਜੀਟਲ ਪਲੇਟਫਾਰਮ ਉੱਤੇ ਜਾਣ ਦੇ ਬਾਅਦ ਇਸ ਦਾ ਸਮਾਂ ਵਧਾਇਆ ਜਾਵੇਗਾ।
ਸ਼ਾਮ ਕੁਮਾਰ ਦੀ ਰੇਡੀਓ ਪ੍ਰਤੀ ਦਿਲਚਸਪੀ ਸਿਰਫ ਇੱਥੇ ਹੀ ਨਹੀਂ, ਭਾਰਤ ਵਿੱਚ ਵੀ ਸੀ। ਉਹ ਓਥੋਂ ਵੀ ਚਿੱਠੀਆਂ ਲਿਖਦੇ ਤੇ ਆਪਣੇ ਮਨਪਸੰਦ ਗਾਣਿਆਂ ਦੀ ਫਰਮਾਇਸ਼ ਕਰਦੇ। ਬਹੁਤ ਵਾਰ ਹਫ਼ਤਿਆਂ ਦੀ ਉਡੀਕ ਕਰਨੀ ਪੈਂਦੀ ਸੀ।
ਐਸ ਬੀ ਐਸ 'ਤੇ ਪਹਿਲਾ ਪ੍ਰੋਗਰਾਮ ਸੁਨਣ ਤੋਂ ਬਾਅਦ, ਜਦੋਂ ਉਨ੍ਹਾਂ ਨੇ ਆਪਣੀ ਪਹਿਲੀ ਚਿੱਠੀ ਲਿਖੀ, ਤਾਂ ਉਨ੍ਹਾਂ ਨੂੰ ਮਨਪ੍ਰੀਤ ਕੌਰ ਸਿੰਘ (ਉਸ ਸਮੇਂ ਦੀ ਐਕਜ਼ਿਕਿਊਟਿਵ ਪ੍ਰੋਡਿਊਸਰ) ਵੱਲੋਂ ਫੋਨ ਆਇਆ।
“ਇਹ ਮੇਰੇ ਲਈ ਇੱਕ ਬਹੁਤ ਖ਼ੁਸ਼ੀ ਦਾ ਪਲ ਸੀ, ਜਦੋਂ ਪ੍ਰੋਗਰਾਮ ਦੀ ਹੋਸਟ ਨੇ ਖੁਦ ਮੇਰੇ ਫੀਡਬੈਕ ਲਈ ਧੰਨਵਾਦ ਕੀਤਾ ਤੇ ਹੋਰ ਵਧੀਆ ਪ੍ਰੋਗਰਾਮ ਬਣਾਉਣ ਦਾ ਭਰੋਸਾ ਦਿੱਤਾ,” ਸ਼ਾਮ ਜੀ ਦੱਸਦੇ ਹਨ।
ਇਸ ਪਹਿਲੀ ਪਾਜ਼ਟਿਵ ਗੱਲਬਾਤ ਤੋਂ ਬਾਅਦ, ਸ਼ਾਮ ਐਸ ਬੀ ਐਸ ਪੰਜਾਬੀ ਨਾਲ ਅਜਿਹਾ ਜੁੜੇ ਕਿ ਅੱਜ ਤਕ ਉਹ ਇਹ ਸਾਂਝ ਨਿਭਾ ਰਹੇ ਹਨ।
ਉਹ ਕਹਿੰਦੇ ਹਨ, “ਇਹ ਪ੍ਰੋਗਰਾਮ ਕਿਸੇ ਇੱਕ ਖੇਤਰ, ਧਰਮ ਜਾਂ ਵਰਗ ਤੱਕ ਸੀਮਿਤ ਨਹੀਂ। ਇਹ ਹਰ ਉਸ ਵਿਅਕਤੀ ਨੂੰ ਜੋੜਦਾ ਹੈ ਜੋ ਪੰਜਾਬੀ ਨਾਲ ਪਿਆਰ ਕਰਦਾ ਹੈ।”
ਉਨ੍ਹਾਂ ਦੀ ਸਿਫ਼ਾਰਸ਼ ਹੈ ਕਿ ਇਹ ਪ੍ਰੋਗਰਾਮ ਖਾਸ ਕਰਕੇ ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ ਤੱਕ ਵੀ ਆਪਣੀ ਪਹੁੰਚ ਵਧਾਏ।
ਭਾਈਚਾਰੇ ਦੀਆਂ ਲੋੜਾਂ ਨੂੰ ਸੁਣਨਾ ਇਸ ਪਰੋਗਰਾਮ ਲਈ ਕਾਮਯਾਬੀ ਦੀ ਕੁੰਜੀ ਹੈ। ਲੋਕਾਂ ਨੂੰ ਲੱਗਣਾ ਚਾਹੀਦਾ ਹੈ ਕਿ ਇਹ ਉਨ੍ਹਾਂ ਦੀ ਆਪਣੀ ਆਵਾਜ਼ ਹੈ।Sham Kumar
ਪੰਜਾਬ ਦੇ ਜਿਲ੍ਹਾ ਜਲੰਧਰ ਦੇ ਪਿੰਡ ਕਪੂਰ ਤੋਂ ਆਏ ਸ਼ਾਮ ਕੁਮਾਰ ਇੱਕ ਯੋਗਤਾ ਪ੍ਰਾਪਤ ਸਿਵਲ ਇੰਜੀਨੀਅਰ ਹਨ। ਆਸਟ੍ਰੇਲੀਆ ਆ ਕੇ ਉਨ੍ਹਾਂ ਨੇ 28 ਸਾਲ ਤੱਕ ਫੂਜੀ ਫਿਲਮ ਵਿੱਚ ਟੈਕਨੀਸ਼ੀਅਨ ਵਜੋਂ ਕੰਮ ਕੀਤਾ ਅਤੇ ਫਿਰ ਰੀਅਲ ਐਸਟੇਟ ਵਲ ਰੁਝਾਨ ਕੀਤਾ।
ਉਹ ਕਹਿੰਦੇ ਹਨ, “ਹਰ ਪੰਜਾਬੀ ਕੋਲ ਕੋਈ ਨਾ ਕੋਈ ਵਿਸ਼ੇਸ਼ ਹੁਨਰ ਹੁੰਦਾ ਹੈ, ਜੋ ਮਾਂ-ਬੋਲੀ ਅਤੇ ਸਭਿਆਚਾਰ ਨੂੰ ਵਧਾਉਣ ਵਿੱਚ ਵਰਤਿਆ ਜਾ ਸਕਦਾ ਹੈ।”
ਇਸ ਪ੍ਰੇਰਣਾ ਨੇ ਉਨ੍ਹਾਂ ਨੂੰ ਇੱਕ ਕੌਮਾਂਤਰੀ ਰੇਡੀਓ ਚੈਨਲ ਸਿਡਨੀ ਵਿੱਚ ਸ਼ੁਰੂ ਕਰਨ ਵੱਲ ਮੋੜਿਆ, ਜੋ ਅੱਜ ਵੀ ਚੱਲ ਰਿਹਾ ਹੈ। ਸ਼ਾਮ ਇਸ ਸਫ਼ਰ ਦਾ ਸਿਹਰਾ ਐਸ ਬੀ ਐਸ ਪੰਜਾਬੀ ਨੂੰ ਦਿੰਦੇ ਹਨ।
ਜਿਵੇਂ ਐਸ ਬੀ ਐਸ ਆਪਣੀ 50ਵਾਂ ਜਨਮ ਦਿਨ ਮਨਾ ਰਿਹਾ ਹੈ, ਪੰਜਾਬੀ ਪ੍ਰੋਗਰਾਮ, ਜੋ ਹੁਣ ਹਫ਼ਤੇ ਵਿੱਚ ਹਰ ਰੋਜ਼ ਪ੍ਰਸਾਰਿਤ ਹੁੰਦਾ ਹੈ, ਤੇ ਡਿਜੀਟਲ ਪਲੇਟਫਾਰਮ 'ਤੇ ਵੀ ਉਪਲੱਬਧ ਹੈ, ਇਕ ਲੰਬੇ ਤੇ ਰੋਮਾਂਚਕ ਸਫ਼ਰ ਦੀ ਕਾਮਯਾਬੀ ਨੂੰ ਦਰਸਾਉਂਦਾ ਹੈ।
ਇਸ ਰੇਡੀਓ ਯਾਤਰਾ ਵਿੱਚ, ਸ਼ਾਮ ਕੁਮਾਰ ਵਰਗੇ ਸਰੋਤਿਆਂ ਦੀ ਭੂਮਿਕਾ ਕਦੇ ਨਜ਼ਰ-ਅੰਦਾਜ਼ ਨਹੀਂ ਕੀਤੀ ਜਾ ਸਕਦੀ। ਉਹ ਇੱਕ ਅਜਿਹੇ ਹਮਸਫਰ ਹਨ, ਜਿਨ੍ਹਾਂ ਨੇ ਰੇਡੀਓ ਨੂੰ ਆਪਣੀ ਆਵਾਜ਼ ਬਣਾਇਆ, ਤੇ ਉਸ ਆਵਾਜ਼ ਨੂੰ ਦੂਜਿਆਂ ਤੱਕ ਪਹੁੰਚਾਇਆ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।