ਚੌਥੀ ਪੀੜ੍ਹੀ ਦੇ ਇਰਾਨੀ ਪੰਜਾਬੀ ਵੱਲੋਂ ਇਰਾਨ ਦੀ ਮੌਜੂਦਾ ਤੇ ਉੱਥੇ ਰਹਿ ਰਹੇ ਭਾਰਤੀਆਂ ਦੀ ਸਥਿਤੀ ਬਾਰੇ ਵਿਚਾਰ

A collage of fourth generation Iranian Punjabi with a background of Iran flag and Iran sky line

ਚੌਥੀ ਪੀੜ੍ਹੀ ਦੇ ਇਰਾਨੀ ਪੰਜਾਬੀ ਪਰਵਿੰਦਰ ਸਿੰਘ ਚੰਢੋਕ। Credit: Parvinder Singh Chandhok / Getty / Sir Francis Canker Photography

ਚੌਥੀ ਪੀੜ੍ਹੀ ਦੇ ਇਰਾਨੀ ਪੰਜਾਬੀ ਪਰਵਿੰਦਰ ਸਿੰਘ ਚੰਢੋਕ ਨੇ ਇਰਾਨ ਦੀ ਮੌਜੂਦਾ ਸਥਿਤੀ ਅਤੇ ਉੱਥੇ ਦੀ ਕਦੇ ਖੁਸ਼ਹਾਲ ਰਹੀ ਸਿੱਖ ਕੌਮ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਜੋ ਕਦੇ ਲਗਭਗ 3,000 ਸਿੱਖਾਂ ਦੀ ਕਮਿਊਨਿਟੀ ਸੀ, ਉਹ ਹੁਣ ਘੱਟ ਕੇ ਤਕਰੀਬਨ 50 ਪਰਿਵਾਰਾਂ ਤੱਕ ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਥਿਤੀ ਵਿੱਚ ਇੰਟਰਨੈੱਟ ਸੀਮਿਤ ਹੋਣ ਅਤੇ ਘਰਾਂ ਵਿੱਚ ਰਹਿਣ ਦੀ ਸਲਾਹ ਦੇ ਬਾਵਜੂਦ ਗੁਰਦੁਆਰੇ ਵਿੱਚ ਰੋਜ਼ਾਨਾ ਪਾਠ ਤੇ ਅਰਦਾਸ ਜਾਰੀ ਹੈ। ਉਹ ਯੁੱਧ ਕਾਰਨ ਪੈਦਾ ਹੋਏ ਮੌਜੂਦਾ ਹਾਲਾਤਾਂ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਭਾਰਤੀ ਭਾਈਚਾਰੇ ਦੀ ਸਥਿਤੀ ਸਮੇਤ ਇਰਾਨੀਆਂ ਨਾਲ ਉਨ੍ਹਾਂ ਦੇ ਮਜ਼ਬੂਤ ਸੱਭਿਆਚਾਰਕ ਅਤੇ ਵਪਾਰਕ ਰਿਸ਼ਤਿਆਂ ਦਾ ਜ਼ਿਕਰ ਕਰਦੇ ਹੋਏ ਉਮੀਦ ਜ਼ਾਹਰ ਕਰਦੇ ਹਨ ਕਿ ਹਾਲਾਤ ਜਲਦੀ ਸੰਭਲਣਗੇ।


ਇਰਾਨ ਵਿੱਚ ਪੈਦਾ ਅਤੇ ਵੱਡੇ ਹੋਏ ਪਰਵਿੰਦਰ ਸਿੰਘ ਚੰਢੋਕ ਇਕ ਵਿਲੱਖਣ ਸੰਸਕ੍ਰਿਤਿਕ ਵਿਰਾਸਤ ਦੀ ਨੁਮਾਇੰਦਗੀ ਕਰਦੇ ਹਨ।

ਉਨ੍ਹਾਂ ਦਾ ਪਰਿਵਾਰ ਚਾਰ ਪੀੜ੍ਹੀਆਂ ਤੱਕ ਉੱਥੇ ਵੱਸਦਾ ਰਿਹਾ। ਕੁੱਝ ਕੁ ਸਾਲ ਪਹਿਲਾਂ ਹੀ ਉਨ੍ਹਾਂ ਦਾ ਪਰਿਵਾਰ ਹੋਰਨਾਂ ਦੇਸ਼ਾਂ ਵੱਲ ਚਲਾ ਗਿਆ। ਕਈ ਦਹਾਕਿਆਂ ਪਹਿਲਾਂ ਇਰਾਨ ਵਿੱਚ ਵੱਸੇ ਭਾਰਤੀਆਂ, ਖ਼ਾਸਕਰ ਪੰਜਾਬੀਆਂ ਦੀ ਤਰ੍ਹਾਂ, ਉਨ੍ਹਾਂ ਦੇ ਵਡੇਰੇ ਸਪੇਅਰ ਪਾਰਟਸ ਅਤੇ ਹੋਰ ਕਾਰੋਬਾਰਾਂ ਨਾਲ ਜੁੜੇ ਹੋਏ ਸਨ, ਜਿਸ ਨਾਲ ਦੋਨਾਂ ਖੇਤਰਾਂ ਵਿਚ ਮਜ਼ਬੂਤ ਵਪਾਰਕ ਰਿਸ਼ਤੇ ਬਣੇ।

ਐਸਬੀਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਪਰਵਿੰਦਰ ਨੇ ਦੱਸਿਆ,"ਉਨ੍ਹਾਂ ਦੇ ਪੜਦਾਦੇ ਦੇ ਸਮੇਂ ਦੌਰਾਨ ਇਰਾਨ ਦੇ 2-3 ਵੱਡੇ ਸ਼ਹਿਰਾਂ ਵਿੱਚ ਲਗਭਗ 3,000 ਸਿੱਖ ਵੱਸਦੇ ਸਨ। ਸਮੇਂ ਦੇ ਨਾਲ ਮਾਈਗ੍ਰੇਸ਼ਨ ਦੇ ਰੁਝਾਨ ਬਦਲੇ ਅਤੇ ਪਰਿਵਾਰ ਠਿਕਾਣੇ ਅਤੇ ਮੌਕਿਆਂ ਦੀ ਖੋਜ ਵਿੱਚ ਹੋਰ ਦੇਸ਼ਾਂ ਵੱਲ ਰੁਖ ਕਰ ਗਏ। ਅੱਜ ਉੱਥੇ ਸਿਰਫ਼ ਤਕਰੀਬਨ 50 ਸਿੱਖ ਪਰਿਵਾਰ ਹੀ ਬਚੇ ਹਨ। ਇਕ ਛੋਟੀ ਪਰ ਦ੍ਰਿੜ਼ ਕਮਿਊਨਿਟੀ ਜੋ ਅਨਿਸ਼ਚਿਤਤਾ ਵਿੱਚ ਵੀ ਆਪਣੀਆਂ ਰਿਵਾਇਤਾਂ ਨੂੰ ਕਾਇਮ ਰੱਖ ਰਹੀ ਹੈ।"

ਉਨ੍ਹਾਂ ਦੱਸਿਆ ਕਿ ਗਿਣਤੀ ਘੱਟ ਹੋਣ ਦੇ ਬਾਵਜੂਦ, ਸਿੱਖ ਕਮਿਊਨਿਟੀ ਆਪਣੀਆਂ ਧਾਰਮਿਕ ਰਸਮਾਂ ਜਾਰੀ ਰੱਖ ਰਹੀ ਹੈ।

"ਮੌਜੂਦਾ ਹਾਲਾਤਾਂ ਕਰਕੇ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਅਤੇ ਇੰਟਰਨੈੱਟ ਸੇਵਾਵਾਂ ਸੀਮਿਤ ਜਾਂ ਕਈ ਵਾਰ ਪੂਰੀ ਤਰ੍ਹਾਂ ਬੰਦ ਹਨ, ਜਿਸ ਨਾਲ ਸੰਚਾਰ ਮੁਸ਼ਕਲ ਬਣ ਗਿਆ ਹੈ। ਫਿਰ ਵੀ ਸਥਾਨਕ ਗੁਰਦੁਆਰੇ ਵਿੱਚ ਰੋਜ਼ਾਨਾ ਪਾਠ, ਕੀਰਤਨ ਤੇ ਅਰਦਾਸ ਜਾਰੀ ਹੈ, ਜੋ ਵਿਸ਼ਵਾਸ ਅਤੇ ਨਿਰੰਤਰਤਾ ਦੀ ਨਿਸ਼ਾਨੀ ਹੈ।"

ਇਰਾਨੀ ਲੋਕ ਨਿਮਰ ਅਤੇ ਦਲੇਰ ਹਨ
Parvinder Singh

ਪਰਵਿੰਦਰ ਇਰਾਨੀ ਲੋਕਾਂ ਬਾਰੇ ਪਿਆਰ ਅਤੇ ਸਨਮਾਨ ਨਾਲ ਗੱਲ ਕਰਦੇ ਹਨ।

ਉਨ੍ਹਾਂ ਦੇ ਅਨੁਸਾਰ, "ਇਹ ਲੋਕ ਨਿਮਰ, ਸਹਿਜ ਅਤੇ ਯੋਧਾ ਜਜ਼ਬੇ ਵਾਲਾ ਸਮੂਹ ਹਨ ਜੋ ਖੁਦ ਕਦੇ ਟਕਰਾਅ ਦੀ ਸ਼ੁਰੂਆਤ ਨਹੀਂ ਕਰਦਾ, ਪਰ ਜ਼ਰੂਰਤ ਪੈਣ ‘ਤੇ ਡਟ ਕੇ ਖੜ੍ਹਾ ਰਹਿੰਦਾ ਹੈ। ਸਥਾਨਕ ਇਰਾਨੀਆਂ ਅਤੇ ਭਾਰਤੀ ਪਰਵਾਸੀਆਂ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਸਾਂਝ ਪਰਸਪਰ ਸਤਿਕਾਰ ਦੀ ਮਿਸਾਲ ਹੈ।"

ਉਹ ਕਹਿੰਦੇ ਹਨ ਕਿ ਦੋਵੇਂ ਕਮਿਊਨਿਟੀਆਂ ਦਾ ਇਤਿਹਾਸ ਸੰਘਰਸ਼ ਅਤੇ ਹੌਸਲੇ ਨਾਲ ਜੁੜਿਆ ਹੋਇਆ ਹੈ। ਖ਼ਾਸ ਕਰਕੇ ਖੇਤਰ ਵਿੱਚ ਹੋਈ ਅੱਠ ਸਾਲਾਂ ਦੇ ਇਰਾਨ-ਇਰਾਕ ਯੁੱਧ ਨੇ ਲੋਕਾਂ ਨੂੰ ਜੰਗ ਦੀ ਹਕੀਕਤ ਨਾਲ ਰੂਬਰੂ ਕਰਵਾਇਆ।

ਵਪਾਰਕ ਰਿਸ਼ਤਿਆਂ ਤੋਂ ਇਲਾਵਾ, ਪਰਵਿੰਦਰ ਸਿੱਖਾਂ ਅਤੇ ਇਰਾਨੀਆਂ ਵਿਚ ਭਾਸ਼ਾਈ ਅਤੇ ਸੱਭਿਆਚਾਰਕ ਸਮਾਨਤਾਵਾਂ ਨੂੰ ਵੀ ਉਜਾਗਰ ਕਰਦੇ ਹਨ। ਇੰਡੋ-ਇਰਾਨੀ ਭਾਸ਼ਾਈ ਜੜ੍ਹਾਂ ਤੋਂ ਲੈ ਕੇ ਇਜ਼ਤ, ਮਹਿਮਾਨ-ਨਿਵਾਜ਼ੀ ਅਤੇ ਕਮਿਊਨਿਟੀ ਕੇਂਦਰਤ ਮੁੱਲਾਂ ਤੱਕ, ਉਹ ਮੰਨਦੇ ਹਨ ਕਿ ਇਹ ਸਾਂਝ ਹਮੇਸ਼ਾਂ ਸਦਭਾਵਨਾ ਨੂੰ ਮਜ਼ਬੂਤ ਕਰਦੀ ਆਈ ਹੈ।

ਉਨ੍ਹਾਂ ਦਾ ਆਪਣਾ ਪਰਿਵਾਰ ਹੁਣ ਗਲਫ ਖੇਤਰ ਵਿੱਚ ਆਪਣਾ ਕਾਰੋਬਾਰ ਫੈਲਾਅ ਚੁੱਕਾ ਹੈ, ਪਰ ਇਰਾਨ ਨਾਲ ਭਾਵਨਾਤਮਕ ਨਾਤਾ ਅਜੇ ਵੀ ਮਜ਼ਬੂਤ ਹੈ। ਪਰਵਿੰਦਰ ਉੱਥੇ ਰਹਿ ਰਹੀਆਂ ਸਿੱਖ ਅਤੇ ਭਾਰਤੀ ਪਰਿਵਾਰਾਂ ਨਾਲ ਲਗਭਗ ਹਰ ਰੋਜ਼ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਦੀ ਖੈਰ-ਖਬਰ ਲੈਂਦੇ ਰਹਿੰਦੇ ਹਨ।

ਮੌਜੂਦਾ ਹਾਲਾਤਾਂ ਨੂੰ ਲੈ ਕੇ ਗੰਭੀਰ ਚਿੰਤਾ ਦੇ ਬਾਵਜੂਦ, ਪਰਵਿੰਦਰ ਨੂੰ ਕੋਈ ਤੁਰੰਤ ਤੇ ਸਥਿਰ ਹੱਲ ਨਜ਼ਰ ਨਹੀਂ ਆ ਰਿਹਾ। ਫਿਰ ਵੀ ਉਹ ਆਸ ਰੱਖਦੇ ਹਨ ਕਿ ਹਾਲਾਤ ਜਲਦੀ ਸੁਧਰਣਗੇ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share

Recommended for you

Follow SBS Punjabi

Download our apps

Watch on SBS

Punjabi News

Watch now