ਸਕੌਟ ਮੌਰੀਸਨ ਨੇ ਅੰਤਰਰਾਸ਼ਟਰੀ ਸਰਹੱਦਾਂ ਖੋਹਲਣ ਬਾਰੇ ਕੋਈ ਠੋਸ ਸਮਾਂ ਨਿਯਤ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ, ਅਤੇ ਇਹ ਵੀ ਕਿਹਾ ਹੈ ਕਿ ਬੰਦਸ਼ਾ ਉਦੋਂ ਤੱਕ ਲਾਗੂ ਰਹਿਣਗੀਆਂ ਜਦੋਂ ਤੱਕ ਸੁਰੱਖਿਆ ਪੱਖੋਂ ਅਜਿਹਾ ਕਰਨਾ ਠੀਕ ਸਾਬਤ ਨਹੀਂ ਹੋ ਜਾਂਦਾ। ਪਰ ਨਾਲ ਹੀ ਉਹਨਾਂ ਨੇ ਇਹ ਇਸ਼ਾਰਾ ਵੀ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿੰਗਾਪੁਰ ਨਾਲ ਯਾਤਰਾ ਸ਼ੁਰੂ ਕੀਤੀ ਜਾ ਸਕਦੀ ਹੈ।
ਪ੍ਰਧਾਨ ਮੰਤਰੀ ਨੂੰ ਅੰਤਰਰਾਸ਼ਟਰੀ ਸਰਹੱਦਾਂ ਖੋਹਲਣ ਲਈ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਹਾਲ ਦੀ ਘੜੀ ਆਸਟ੍ਰੇਲੀਆ ਆਪਣੀਆਂ ਸਰਹੱਦਾਂ ਨੂੰ ਅਗਲੇ ਸਾਲ ਦੇ ਮੱਧ ਤੱਕ ਹੀ ਖੋਲਣ ਬਾਰੇ ਵਿਚਾਰ ਕਰ ਰਿਹਾ ਹੈ।
ਸ਼੍ਰੀ ਮੌਰੀਸਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਨੇ ਲੋਕਾਂ ਦੀਆਂ ਜਿੰਦਗੀਆਂ ਬਚਾਉਣ ਲਈ ਵਧੀਆ ਕੰਮ ਕੀਤੇ ਹਨ ਅਤੇ ਅੱਗੇ ਲਈ ਵੀ ਇਹੀ ਉਮੀਦ ਕੀਤੀ ਜਾਂਦੀ ਹੈ।
ਅੰਤਰਰਾਸ਼ਟਰੀ ਸਰਹੱਦਾਂ ਬੰਦ ਕੀਤੇ ਜਾਣ ਕਾਰਨ ਬਹੁਤ ਸਾਰੇ ਆਸਟ੍ਰੇਲੀਅਨ ਲੋਕ ਵਿਦੇਸ਼ਾਂ ਵਿੱਚ ਫਸੇ ਹੋਏ ਹਨ। ਸਰਕਾਰੀ ਆਂਕੜਿਆਂ ਅਨੁਸਾਰ ਇਕੱਲੇ ਭਾਰਤ ਤੋਂ ਹੀ 9,000 ਦੇ ਕਰੀਬ ਆਸਟ੍ਰੇਲੀਅਨ ਲੋਕ ਘਰ-ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ।
ਭਾਰਤ ਤੋਂ ਆਸਟ੍ਰੇਲੀਅਨ ਲੋਕਾਂ ਨੂੰ ਵਾਪਸ ਲਿਆਉਣ ਵਾਲੀ ਪਹਿਲੀ ਉਡਾਣ ਵਿੱਚ ਆਏ ਕੁੱਝ ਯਾਤਰੀਆਂ ਵਿੱਚੋਂ ਇੱਕ ਯਾਤਰੀ ਕਰੋਨਾਵਾਇਰਸ ਨਾਲ ਪੀੜਤ ਪਾਇਆ ਗਿਆ ਹੈ।
ਇਹਨਾਂ ਸਾਰੇ ਯਾਤਰੀਆਂ ਨੂੰ ਇਸ ਸਮੇ ਡਾਰਵਿਨ ਦੇ ਬਾਹਰਵਾਰ, ਹੋਵਰਡ ਸਪਰਿੰਗਸ ਵਿਚਲੇ ਇੱਕ ਕੂਆਰਨਟੀਨ ਸੈਂਟਰ ਵਿੱਚ ਰਖਿਆ ਗਿਆ ਹੈ।
ਇਹਨਾਂ ਖਾਸ ਉਡਾਣਾਂ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਉਡਾਣ ਭਰਨ ਤੋਂ ਪਹਿਲਾਂ ਦੋ ਵਾਰ ਕੋਵਿਡ-19 ਦੇ ਨਕਾਰਾਤਮ ਟੈਸਟ ਸਿੱਧ ਕਰਨ ਲਈ ਕਿਹਾ ਗਿਆ ਸੀ।
ਇਸ ਸਮੇਂ ਆਸਟ੍ਰੇਲੀਆ ਦੇ ਕੂਆਰਨਟੀਨ ਸਹੂਲਤਾਂ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਹਨ।
ਲੇਬਰ ਪਾਰਟੀ ਦੇ ਐਮ ਪੀ ਜੋਇਲ ਫਿਟਜ਼ਗਿਬਨ ਨੇ ਚੈਨਲ ਸੈਵਨ ਨਾਲ ਗੱਲ ਕਰਦੇ ਹੋਏ ਕਿਹਾ ਕਿ ਪਿਛਲੇ ਮੰਗਲਵਾਰ ਵਾਲੇ ਬਜਟ ਦੌਰਾਨ ਆਸਟ੍ਰੇਲੀਆ ਦੀ ਸਰਕਾਰ ਨੇ 100 ਬਿਲੀਅਨ ਡਾਲਰ ਦੇ ਖਰਚੇ ਦਿਖਾਏ ਹਨ, ਪਰ ਕੂਆਰਨਟੀਨ ਸਹੂਲਤਾਂ ਨੂੰ ਸੁਧਾਰਨ ਲਈ ਕੁੱਝ ਵੀ ਨਹੀ ਕੀਤਾ ਜਾ ਰਿਹਾ ਹੈ।
ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡੀਜ਼ ਬਰਜੈਕਲਿਅਨ ਨੇ ਆਸ ਜਤਾਈ ਹੈ ਕਿ ਅੰਤਰਰਾਸ਼ਟਰੀ ਸਰਹੱਦਾਂ ਅਗਲੇ ਸਾਲ ਦੇ ਮੱਧ ਤੋਂ ਪਹਿਲਾਂ ਵੀ ਖੁੱਲ ਸਕਦੀਆਂ ਹਨ।
ਮਿਸ ਬਰਜੈਕਲਿਅਨ ਨੇ ਇਸ ਗੱਲ ਤੇ ਖੁਸ਼ੀ ਜਤਾਈ ਹੈ ਕਿ ਉਹਨਾਂ ਦੇ ਸੂਬੇ ਵਿੱਚ ਹੁਣ ਤੱਕ ਕੋਵਿਡ-19 ਦੇ ਇੱਕ ਮਿਲੀਅਨ ਟੀਕੇ ਲਗਾ ਦਿੱਤੇ ਗਏ ਹਨ।
ਸਿਡਨੀ ਦੇ ਉਲਿੰਪਕ ਪਾਰਕ ਵਾਲੇ ਟੀਕਾਕਰਣ ਕੇਂਦਰ ਤੋਂ ਬੋਲਦੇ ਹੋਏ ਉਹਨਾਂ ਕਿਹਾ ਕਿ ਹੁਣ 50 ਸਾਲਾਂ ਤੋਂ ਵਡੇਰੀ ਉਮਰ ਦੇ ਸਾਰੇ ਲੋਕ ਆਪਣੇ ਜੀਪੀ ਡਾਕਟਰਾਂ ਕੋਲੋਂ ਵੀ ਕਰੋਨਾਵਾਇਰਸ ਦੇ ਟੀਕੇ ਲਗਵਾ ਸਕਦੇ ਹਨ।
ਉਹਨਾਂ ਉਮੀਦ ਜਤਾਈ ਹੈ ਕਿ ਸੂਬੇ ਦੇ ਸਾਰੇ 6 ਮਿਲੀਅਨ ਬਾਲਗਾਂ ਨੂੰ ਟੀਕੇ ਲਗਾਏ ਜਾਣ ਤੋਂ ਬਾਅਦ ਅੰਤਰਰਾਸ਼ਟਰੀ ਸਰਹੱਦਾਂ ਸਮੇਂ ਤੋਂ ਪਹਿਲਾਂ ਵੀ ਖੁੱਲ ਸਕਦੀਆਂ ਹਨ।
ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਹੈ ਕਿ 50 ਸਾਲਾਂ ਤੋਂ ਵਡੇਰੀ ਉਮਰ ਦੇ ਲੋਕਾਂ ਨੂੰ ਕੋਵਿਡ-19 ਦੇ ਟੀਕੇ ਲਗਾਉਣ ਲਈ 4000 ਡਾਕਟਰੀ ਸੇਵਾਵਾਂ ਤਿਆਰ ਹੋ ਚੁੱਕੀਆਂ ਹਨ।
50 ਤੋਂ 70 ਸਾਲ ਦੇ ਸਾਰੇ ਵਿਅਕਤੀ ਆਪਣੇ ਜੀਪੀ ਕੋਲੋਂ ਐਸਟਰਾਜ਼ੈਨਿਕਾ ਦਾ ਟੀਕਾ ਲਗਵਾ ਸਕਦੇ ਹਨ।
ਹੁਣ ਤੱਕ, ਦੇਸ਼ ਭਰ ਵਿੱਚ 3.1 ਮਿਲੀਅਨ ਟੀਕੇ ਲਗਾਏ ਜਾ ਚੁੱਕੇ ਹਨ, ਅਤੇ ਸਿਰਫ ਪਿਛਲੇ ਹਫਤੇ ਦੌਰਾਨ ਹੀ 4 ਲੱਖ 36 ਹਜ਼ਾਰ ਟੀਕੇ ਲਗਾਏ ਗਏ ਸਨ।
ਇਸ ਦੌਰਾਨ ਰਾਇਲ ਕਮਿਸ਼ਨ ਤੋਂ ਪਤਾ ਚੱਲਿਆ ਹੈ ਕਿ ਅਪਾਹਜ ਸੰਭਾਲ ਕੇਂਦਰਾਂ ਵਿੱਚ ਟੀਕੇ ਲਗਾਉਣ ਵਾਲੀ ਮੁਹਿੰਮ ਬੁਰੀ ਤਰਾਂ ਫੇਲ ਹੋਈ ਹੈ।
ਪਿਛਲੀ ਜਨਵਰੀ ਨੂੰ ਫੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਬਜ਼ੁਰਗ ਸੰਭਾਲ ਅਤੇ ਅਪਾਹਜ ਸੰਭਾਲ ਕੇਂਦਰਾਂ ਵਿੱਚ ਪਹਿਲ ਦੇ ਅਧਾਰ 'ਤੇ ਟੀਕੇ ਲਗਾਏ ਜਾਣਗੇ।
ਪਰ ਬਜ਼ੁਰਗ ਸੰਭਾਲ ਕੇਂਦਰਾਂ ਦੇ ਮੁਕਾਬਲੇ, ਅਪਾਹਜ ਕੇਂਦਰਾਂ ਵਿੱਚ ਹਾਲੇ ਤੱਕ ਸਿਰਫ 834 ਲੋਕਾਂ ਨੂੰ ਹੀ ਇਹ ਟੀਕੇ ਲਗਾਏ ਗਏ ਹਨ।
ਕਮਿਸ਼ਨ ਦੇ ਮੁਖੀ ਰੋਨ ਸੈਕਵਿਲ ਨੇ ਇਸ ਹੌਲੀ ਰਫਤਾਰ ਉੱਤੇ ਚਿੰਤਾ ਜਤਾਈ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।






