Key Points
- ਆਸਟ੍ਰੇਲੀਆ ਇੱਕ ਮੈਗਾ-ਡਾਈਵਰਸ ਦੇਸ਼ ਹੈ ਅਤੇ ਆਪਣੀ ਇਕਾਂਤ ਭੂਗੋਲਿਕ ਸਥਿਤੀ ਕਾਰਨ ਇੱਥੇ ਬਹੁਤ ਸਾਰੀਆਂ ਪ੍ਰਜਾਤੀਆਂ ਅਜਿਹੀਆਂ ਹਨ ਜੋ ਦੁਨੀਆ ਵਿੱਚ ਹੋਰ ਕਿਤੇ ਨਹੀਂ ਮਿਲਦੀਆਂ।
- ਥਣਧਾਰੀ ਜੀਵਾਂ ਦੇ ਅਲੋਪ ਹੋਣ ਦੇ ਮਾਮਲੇ ਵਿੱਚ ਆਸਟ੍ਰੇਲੀਆ ਦਾ ਰਿਕਾਰਡ ਦੁਨੀਆ ਵਿੱਚ ਸਭ ਤੋਂ ਮਾੜਾ ਹੈ: ਥਣਧਾਰੀ ਜੀਵਾਂ, ਪੰਛੀਆਂ ਅਤੇ ਰੀੜ੍ਹ ਦੀ ਹੱਡੀ ਰਹਿਤ ਜੀਵਾਂ ਦੀਆਂ 2,000 ਤੋਂ ਵੱਧ ਪ੍ਰਜਾਤੀਆਂ ਦੇ ਨਾਸ਼ ਹੋਣ ਦਾ ਖ਼ਤਰਾ ਹੈ।
- ਵਾਤਾਵਰਨ ਸੰਭਾਲ ਸੰਸਥਾਵਾਂ ਅਤੇ ਕੁਦਰਤੀ ਇਤਿਹਾਸ ਦੇ ਸਮੂਹਾਂ ਦੀ ਸਹਾਇਤਾ ਕਰਕੇ ਹਰ ਕੋਈ ਆਸਟ੍ਰੇਲੀਆ ਦੇ ਕੀਮਤੀ ਜੰਗਲੀ ਜੀਵਾਂ ਅਤੇ ਕੁਦਰਤੀ ਨਿਵਾਸ ਸਥਾਨਾਂ ਦੀ ਰੱਖਿਆ ਕਰਨ ਵਿੱਚ ਮਦਦ ਕਰ ਸਕਦਾ ਹੈ।
- Why is Australia's wildlife and environment so special?
- Why is the conservation of Australia's wildlife and plants important?
- What is the extinction crisis in Australia?
- What are the threats impacting Australia's wildlife and plants?
- How can I help protect Australia's wildlife and plants?
ਆਸਟ੍ਰੇਲੀਆ ਦਾ ਜੰਗਲੀ ਜੀਵਨ ਅਤੇ ਵਾਤਾਵਰਨ ਇੰਨਾ ਖਾਸ ਕਿਉਂ ਹੈ?
ਬਾਇਓ-ਡਾਇਵਰਸਿਟੀ ਕੌਂਸਲ ਦੇ ਕੋ-ਚੇਅਰ ਅਤੇ 'ਬਰਡਲਾਈਫ ਆਸਟ੍ਰੇਲੀਆ' ਦੇ ਵਾਈਸ-ਪ੍ਰੈਜ਼ੀਡੈਂਟ, ਪ੍ਰੋਫੈਸਰ ਹਿਊ ਪੋਸਿੰਘਮ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਦੁਨੀਆ ਦੇ ਕਿਸੇ ਵੀ ਹੋਰ ਮਹਾਂਦੀਪ ਨਾਲੋਂ ਸਭ ਤੋਂ ਅਜੀਬ ਅਤੇ ਵਿਲੱਖਣ ਬਨਸਪਤੀ ਅਤੇ ਜੀਵ-ਜੰਤੂ ਪਾਏ ਜਾਂਦੇ ਹਨ।
“ਆਸਟ੍ਰੇਲੀਆ ਲਗਭਗ 50 ਮਿਲੀਅਨ ਸਾਲ ਪਹਿਲਾਂ ਹੋਰ ਮਹਾਂਦੀਪਾਂ ਤੋਂ ਵੱਖ ਹੋ ਗਿਆ ਸੀ ਅਤੇ ਬਹੁਤ ਲੰਬੇ ਸਮੇਂ ਤੱਕ ਇੱਕ ਇਕਾਂਤ ਮਹਾਂਦੀਪ ਰਿਹਾ ਹੈ।”
“ਸਾਡੇ ਕਈ ਮਾਰਸੂਪੀਅਲ ਜਿਵੇਂ ਕਿ ਕੋਆਲਾ, ਕੰਗਾਰੂ, ਵੋਮਬੈਟ ਅਤੇ ਗਲਾਈਡਰ, ਅਤੇ ਅੰਡੇ ਦੇਣ ਵਾਲੇ ਥਣਧਾਰੀ ਜਾਨਵਰ ਜਿਵੇਂ ਪਲੇਟਿਪਸ ਅਤੇ ਇਕਿਡਨਾ ਦੁਨੀਆ ਵਿੱਚ ਹੋਰ ਕਿਤੇ ਨਹੀਂ ਮਿਲਦੇ।”
'ਇੰਡੀਜੀਨਸ ਡੈਜ਼ਰਟ ਅਲਾਇੰਸ' ਦੀ ਯਿਲਕਾ/ਨਗਾਨਿਆਤਜਾਰਾ/ਨਾਰੁੰਗਾ ਮਹਿਲਾ ਜੇਡ ਬ੍ਰੋਮੀਲੋ ਦੱਸਦੀ ਹੈ ਕਿ ਆਸਟ੍ਰੇਲੀਆ ਦੇ ਪਹਿਲੇ ਰਾਸ਼ਟਰ ਦੇ ਲੋਕਾਂ ਲਈ, ਧਰਤੀ (Country) ਸਿਰਫ਼ ਜ਼ਮੀਨ ਤੋਂ ਕਿਤੇ ਵੱਧ ਹੈ — ਇਹ ਪਰਿਵਾਰ ਹੈ ਅਤੇ ਉਨ੍ਹਾਂ ਦੀ ਪਛਾਣ ਦਾ ਹਿੱਸਾ ਹੈ।
Country holds our stories, our dreaming, our ancestors, and these responsibilities are really important to carry on. We have the obligations to look after the plants and animals the right way.Jade Bromilow
ਮਿਸ ਬ੍ਰੋਮੀਲੋ ਕਹਿੰਦੀ ਹੈ, "ਉਹ ਸਾਡੇ ਭੋਜਨ ਪ੍ਰਣਾਲੀਆਂ, ਸਾਡੇ ਟੋਟਮ (totems), ਸਾਡੀਆਂ ਡਰੀਮਿੰਗ 'ਜੁਕੁਰਪਾ' (tjukurrpa) ਕਹਾਣੀਆਂ ਅਤੇ ਸਾਡੀਆਂ ਸਿੱਖਿਆਵਾਂ ਦਾ ਹਿੱਸਾ ਹਨ, ਜੋ ਅਸੀਂ ਫਿਰ ਅਗਲੀ ਪੀੜ੍ਹੀ ਨੂੰ ਸਿਖਾਵਾਂਗੇ।"
ਆਸਟ੍ਰੇਲੀਆ ਦੇ ਜੰਗਲੀ ਜੀਵਾਂ ਅਤੇ ਪੌਦਿਆਂ ਦੀ ਸੰਭਾਲ ਕਿਉਂ ਮਹੱਤਵਪੂਰਨ ਹੈ?
ਆਸਟ੍ਰੇਲੀਆ ਦੀ ਵਿਲੱਖਣ ਜੈਵਿਕ ਵਿਭਿੰਨਤਾ ਨੂੰ ਸੰਭਾਲਣਾ ਨਾ ਸਿਰਫ ਉਹਨਾਂ ਜੰਗਲੀ ਜੀਵਾਂ ਅਤੇ ਪੌਦਿਆਂ ਦੀਆਂ ਪ੍ਰਜਾਤੀਆਂ ਲਈ ਮਹੱਤਵਪੂਰਨ ਹੈ ਜਿੰਨ੍ਹਾਂ ਦੇ ਵਿਚਕਾਰ ਅਸੀਂ ਰਹਿੰਦੇ ਹਾਂ, ਬਲਕਿ ਸਾਰੇ ਆਸਟ੍ਰੇਲੀਆਈ ਲੋਕਾਂ ਦੀ ਸਿਹਤ ਅਤੇ ਖੁਸ਼ਹਾਲੀ ਲਈ ਵੀ ਜ਼ਰੂਰੀ ਹੈ।
ਪ੍ਰੋਫੈਸਰ ਪੋਸਿੰਘਮ ਸਮਝਾਉਂਦੇ ਹਨ, "ਸਿਹਤਮੰਦ ਇਕੋਸਿਸਟਮ ਜਿਵੇਂ ਕਿ ਜੰਗਲ, ਝੀਲਾਂ, ਘਾਹ ਵਾਲੇ ਮੈਦਾਨ— ਇਹ ਉਹ ਚੀਜ਼ਾਂ ਹਨ ਜੋ ਮਨੁੱਖਤਾ ਲਈ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਇਹ ਸਾਨੂੰ ਸਾਫ਼ ਹਵਾ ਦਿੰਦੀਆਂ ਹਨ, ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘਟਾਉਂਦੀਆਂ ਹਨ, ਅਤੇ ਸਾਡੇ ਕੁੱਝ ਵੱਡੇ ਉਦਯੋਗਾਂ ਜਿਵੇਂ ਕਿ ਟੂਰਿਜ਼ਮ ਅਤੇ ਖੇਤੀਬਾੜੀ ਨੂੰ ਮਜ਼ਬੂਤੀ ਦਿੰਦੀਆਂ ਹਨ।"
“ਜੇ ਅਸੀਂ ਪ੍ਰਜਾਤੀਆਂ ਨੂੰ ਗੁਆ ਲੈਂਦੇ ਹਾਂ, ਤਾਂ ਇਹਨ੍ਹਾਂ ਇਕੋ-ਸਿਸਟਮਾਂ ਯਾਨੀ ਵਾਤਾਵਰਨ ਦੀਆਂ ਪ੍ਰਣਾਲੀਆਂ ਦੀ ਕਾਰਗੁਜ਼ਾਰੀ ਘਟਣ ਲੱਗਦੀ ਹੈ। ਇਸ ਲਈ ਉਹ ਫਾਇਦੇ ਅਤੇ ਸੇਵਾਵਾਂ ਜੋ ਉਹ ਸਾਨੂੰ ਮਨੁੱਖਾਂ ਵਜੋਂ ਪ੍ਰਦਾਨ ਕਰਦੇ ਹਨ, ਉਹ ਵੀ ਘਟ ਜਾਂਦੇ ਹਨ।"
ਆਸਟ੍ਰੇਲੀਆ ਦੀਆਂ ਖਤਰੇ ਵਿੱਚ ਪਈਆਂ ਜੰਗਲੀ ਜੀਵ ਪ੍ਰਜਾਤੀਆਂ ਵਿੱਚੋਂ ਇੱਕ ਹੈ Great Desert Skink, ਜਿਸਦੀ ਮੂਲ ਨਿਵਾਸੀ ਲੋਕਾਂ ਲਈ ਸੱਭਿਆਚਾਰਕ ਮਹੱਤਤਾ ਹੈ।
ਮਿਸ ਬ੍ਰੋਮੀਲੋ ਦੱਸਦੀ ਹੈ, "ਗ੍ਰੇਟ ਡੈਜ਼ਰਟ ਸਕਿੰਕ ਜਾਂ 'ਤਜਾਕੁਰਾ' (Tjakura) ਇੱਕ ਛੋਟੀ ਨਾਰੰਗੀ ਰੰਗ ਦੀ ਛਿਪਕਲੀ ਹੈ ਜੋ ਜ਼ਮੀਨ ਦੇ ਅੰਦਰ ਇੱਕ ਪਰਿਵਾਰਕ ਖੁੱਡ ਪ੍ਰਣਾਲੀ ਵਿੱਚ ਰਹਿੰਦੀ ਹੈ। ਤਜਾਕੁਰਾ ਬਾਰੇ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਉਹ ਕਈ ਪੀੜ੍ਹੀਆਂ ਇਕੱਠੀਆਂ ਰਹਿੰਦੀਆਂ ਹਨ, ਇੱਕੋ ਖੁੱਡ ਸਾਂਝੀ ਕਰਦੀਆਂ ਹਨ ਅਤੇ ਇੱਕ ਦੂਜੇ ਦਾ ਖਿਆਲ ਰੱਖਦੀਆਂ ਹਨ। ਇਹ ਗੱਲ ਸਾਡੇ ਆਦਿਵਾਸੀ ਭਾਈਚਾਰਿਆਂ ਵਿੱਚ ਪਰਿਵਾਰ, ਭਾਈਚਾਰੇ ਅਤੇ ਧਰਤੀ ਦੀ ਦੇਖਭਾਲ ਦੀਆਂ ਕਦਰਾਂ ਨੂੰ ਦਰਸਾਉਂਦੀ ਹੈ।”

ਆਸਟ੍ਰੇਲੀਆ ਵਿੱਚ ਅਲੋਪ ਹੋਣ ਦਾ ਸੰਕਟ (extinction crisis) ਕੀ ਹੈ?
ਆਸਟ੍ਰੇਲੀਆ ਇਸ ਵੇਲੇ ਇੱਕ ਗੰਭੀਰ ਜੈਵ-ਵਿਭਿੰਨਤਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜੋ ਘੁਸਪੈਠੀ ਸ਼ਿਕਾਰੀ ਜਾਨਵਰਾਂ ਜਿਵੇਂ ਕਿ ਲੋਮੜੀਆਂ ਅਤੇ ਜੰਗਲੀ ਬਿੱਲੀਆਂ ਦੇ ਪ੍ਰਭਾਵ, ਨਿਵਾਸ ਸਥਾਨਾਂ ਦੀ ਤਬਾਹੀ ਅਤੇ ਮੌਸਮੀ ਤਬਦੀਲੀ ਕਾਰਨ ਪੈਦਾ ਹੋ ਰਿਹਾ ਹੈ।
ਬਦਕਿਸਮਤੀ ਨਾਲ, ਥਣਧਾਰੀ ਜੀਵਾਂ (mammals) ਦੇ ਅਲੋਪ ਹੋਣ ਦੇ ਮਾਮਲੇ ਵਿੱਚ ਵੀ ਆਸਟ੍ਰੇਲੀਆ ਦੀ ਦਰ ਦੁਨੀਆ ਵਿੱਚ ਸਭ ਤੋਂ ਵੱਧ ਹੈ।
ਪ੍ਰੋਫੈਸਰ ਪੋਸਿੰਘਮ ਕਹਿੰਦੇ ਹਨ, "ਆਸਟ੍ਰੇਲੀਆ ਵਿੱਚ ਸ਼ਾਇਦ 5 ਲੱਖ ਤੋਂ ਵੱਧ ਵੱਖ-ਵੱਖ ਪ੍ਰਜਾਤੀਆਂ ਹਨ, ਜਿੰਨ੍ਹਾਂ ਵਿੱਚੋਂ ਕਈਆਂ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪਰ ਜਿੰਨ੍ਹਾਂ ਪ੍ਰਜਾਤੀਆਂ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਉਨ੍ਹਾਂ ਵਿੱਚੋਂ 2,000 ਦੇ ਅਲੋਪ ਹੋਣ ਦਾ ਖ਼ਤਰਾ ਹੈ।"
"ਅਤੇ ਅਫ਼ਸੋਸ ਦੀ ਗੱਲ ਹੈ ਕਿ ਪਿਛਲੇ 250 ਸਾਲਾਂ ਦੇ ਉਦਯੋਗੀਕਰਨ ਤੋਂ ਬਾਅਦ, ਆਸਟ੍ਰੇਲੀਆ ਵਿੱਚ ਪ੍ਰਜਾਤੀਆਂ ਦੇ ਖ਼ਤਮ ਹੋਣ ਦੀ ਦਰ ਆਮ ਨਾਲੋਂ 100 ਗੁਣਾ ਵੱਧ ਰਹੀ ਹੈ। ਅਸਲ ਵਿੱਚ, ਜੇ ਅਸੀਂ ਇਸ ਨੂੰ ਨਾ ਰੋਕਿਆ, ਤਾਂ ਅਸੀਂ ਅਗਲੇ 200 ਜਾਂ 300 ਸਾਲਾਂ ਵਿੱਚ ਆਪਣੀਆਂ ਲਗਭਗ ਅੱਧੀਆਂ ਪ੍ਰਜਾਤੀਆਂ ਗੁਆ ਸਕਦੇ ਹਾਂ।"

ਆਸਟ੍ਰੇਲੀਆ ਦੇ ਜੰਗਲੀ ਜੀਵਾਂ ਅਤੇ ਪੌਦਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਖ਼ਤਰੇ ਕੀ ਹਨ?
ਆਸਟ੍ਰੇਲੀਆ ਦੀ ਜੈਵਿਕ ਵਿਭਿੰਨਤਾ ਨੂੰ ਪ੍ਰਭਾਵਿਤ ਕਰਨ ਵਾਲੇ ਤਿੰਨ ਮੁੱਖ ਖ਼ਤਰੇ ਹਨ।
ਪਹਿਲਾ ਖ਼ਤਰਾ ਵਿਕਾਸ (development) ਅਤੇ ਖੇਤੀਬਾੜੀ ਲਈ ਕੁਦਰਤੀ ਨਿਵਾਸ ਸਥਾਨਾਂ (habitat) ਦੀ ਤਬਾਹੀ ਹੈ।
ਦੂਜਾ ਖਤਰਾ ਘੁਸਪੈਠੀ ਪ੍ਰਜਾਤੀਆਂ ਦਾ ਹੈ, ਜਿਸ ਵਿੱਚ ਲੋਮੜੀਆਂ, ਬਿੱਲੀਆਂ, ਹਿਰਣ, ਨੁਕਸਾਨਦੇਹ ਘਾਹ-ਝਾੜੀਆਂ ਅਤੇ ਕੁਝ ਬਿਮਾਰੀਆਂ ਦੀ ਆਮਦ ਸ਼ਾਮਲ ਹੈ।
ਜਲਵਾਯੂ ਪਰਿਵਰਤਨ (Climate change) ਆਸਟ੍ਰੇਲੀਆ ਦੀ ਜੈਵਿਕ ਵਿਭਿੰਨਤਾ ਲਈ ਇੱਕ ਹੋਰ ਉਭਰਦਾ ਖ਼ਤਰਾ ਹੈ।
ਪ੍ਰੋਫੈਸਰ ਪੋਸਿੰਘਮ ਕਹਿੰਦੇ ਹਨ, "ਮੌਸਮੀ ਤਬਦੀਲੀ ਨੇ ਪਹਿਲਾਂ ਹੀ ਆਸਟ੍ਰੇਲੀਆਈ ਮਹਾਂਦੀਪ ਨੂੰ ਡੇਢ ਡਿਗਰੀ ਤੱਕ ਗਰਮ ਕਰ ਦਿੱਤਾ ਹੈ।"
Many species will not be able to adapt to the increased temperatures and increased frequency of catastrophic events, like fire, flood and intense cyclones.Professor Hugh Possingham
"ਕੁਦਰਤੀ ਨਿਵਾਸ ਸਥਾਨਾਂ ਦਾ ਖਿੰਡਣਾ (fragmentation) ਅਤੇ ਹੋਰ ਖ਼ਤਰਨਾਕ ਪ੍ਰਕਿਰਿਆਵਾਂ ਦਾ ਪ੍ਰਭਾਵ ਮਿਲ ਕੇ ਕਈ ਆਸਟ੍ਰੇਲੀਆਈ ਜੰਗਲੀ ਜੀਵਾਂ ਅਤੇ ਪੌਦਿਆਂ ਦੀਆਂ ਪ੍ਰਜਾਤੀਆਂ ਨੂੰ ਗੰਭੀਰ ਖ਼ਤਰੇ ਵਿੱਚ ਪਾ ਰਿਹਾ ਹੈ।
ਮਿਸਟਰ ਬ੍ਰੈਡਬੀ ਕਹਿੰਦੇ ਹਨ, 'ਅਸੀਂ ਲਗਾਤਾਰ ਆਪਣੇ ਜੰਗਲੀ ਜੀਵਾਂ ਅਤੇ ਪੌਦਿਆਂ ਨੂੰ ਹੋਣ ਵਾਲੇ ਖ਼ਤਰਿਆਂ ਬਾਰੇ ਗੱਲ ਕਰਦੇ ਰਹਿੰਦੇ ਹਾਂ। ਪਰ ਅਸਲ ਵਿੱਚ ਅਸੀਂ ਇਸ ਸਮੇਂ ਕਈ ਤਰ੍ਹਾਂ ਦੇ ਤੁਰੰਤ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਇਸ ਵੱਡੇ ਅਤੇ ਆਪਸ ਵਿੱਚ ਜੁੜੇ ਹੋਏ ਇਕੋਸਿਸਟਮ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡ ਦਿੱਤਾ ਹੈ ਜਿਨ੍ਹਾਂ ਨੂੰ ਅਸੀਂ 'ਰਿਜ਼ਰਵ' (reserves) ਕਹਿੰਦੇ ਹਾਂ, ਅਤੇ ਆਮ ਤੌਰ 'ਤੇ ਅਸੀਂ ਇਨ੍ਹਾਂ ਦੀ ਉਹ ਦੇਖਭਾਲ ਜਾਂ ਪ੍ਰਬੰਧਨ ਨਹੀਂ ਕਰਦੇ ਜਿਸਦੀ ਲੋੜ ਹੈ।'"

ਮੈਂ ਆਸਟ੍ਰੇਲੀਆ ਦੇ ਜੰਗਲੀ ਜੀਵਾਂ ਅਤੇ ਪੌਦਿਆਂ ਦੀ ਰੱਖਿਆ ਵਿੱਚ ਕਿਵੇਂ ਮਦਦ ਕਰ ਸਕਦਾ ਹਾਂ?
ਅਸੀਂ ਸਾਰੇ ਮਿਲ ਕੇ ਆਸਟ੍ਰੇਲੀਆ ਦੇ ਜੰਗਲੀ ਜੀਵਾਂ ਅਤੇ ਪੌਦਿਆਂ ਦੀ ਰੱਖਿਆ ਵਿੱਚ ਯੋਗਦਾਨ ਪਾ ਸਕਦੇ ਹਾਂ।
ਪ੍ਰੋਫੈਸਰ ਪੋਸਿੰਘਮ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਪਹਿਲਾ ਕਦਮ ਖੁਦ ਨੂੰ ਜਾਣੂ ਕਰਵਾਉਣਾ ਹੈ, ਅਤੇ ਤੁਸੀਂ ਆਪਣੇ ਇਲਾਕੇ ਵਿੱਚ ਕਿਸੇ ਵਾਤਾਵਰਣ ਸੰਭਾਲ ਸਮੂਹ (conservation group) ਜਾਂ ਕੁਦਰਤੀ ਇਤਿਹਾਸ ਦੇ ਸਮੂਹ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਸਕਦੇ ਹੋ। ਤੁਸੀਂ ਆਪਣੇ ਬਗੀਚੇ ਵਿੱਚ ਜਾਂ ਸਥਾਨਕ ਪਾਰਕਾਂ ਵਿੱਚ ਜਿੱਥੇ ਵੀ ਖਾਲੀ ਥਾਂ ਹੋਵੇ, ਉੱਥੇ ਦੇਸੀ (native) ਰੁੱਖ ਅਤੇ ਝਾੜੀਆਂ ਲਗਾ ਸਕਦੇ ਹੋ।"
"ਅਤੇ ਇੱਕ ਵਾਰ ਜਦੋਂ ਤੁਸੀਂ ਇਹ ਜਾਣ ਲੈਂਦੇ ਹੋ ਕਿ ਇਹ ਸਾਰੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਆਸਟ੍ਰੇਲੀਆਈ ਲੋਕਾਂ ਦੇ ਸੱਭਿਆਚਾਰ ਅਤੇ ਸਿਹਤ ਲਈ ਕਿੰਨਾ ਵੱਡਾ ਨੁਕਸਾਨ ਹੋਣਗੀਆਂ, ਤਾਂ ਆਪਣੇ ਸਥਾਨਕ ਸਿਆਸਤਦਾਨ ਨਾਲ ਗੱਲ ਕਰੋ ਅਤੇ ਆਸਟ੍ਰੇਲੀਆ ਦੀ ਬਨਸਪਤੀ (flora) ਅਤੇ ਜੀਵ-ਜੰਤੂਆਂ (fauna) ਦੇ ਨੁਕਸਾਨ ਬਾਰੇ ਆਪਣੀ ਚਿੰਤਾ ਜ਼ਾਹਰ ਕਰੋ।"
ਭਾਵੇਂ ਸਥਾਨਕ ਭਾਈਚਾਰਕ ਸਮੂਹਾਂ ਰਾਹੀਂ ਹੋਵੇ ਜਾਂ ਵਾਤਾਵਰਨ ਨਾਲ ਸਬੰਧਤ ਗੈਰ-ਮੁਨਾਫ਼ਾ ਸੰਸਥਾਵਾਂ ਰਾਹੀਂ, ਵਾਤਾਵਰਨ ਸੰਭਾਲ ਦੇ ਕੰਮ ਵਿੱਚ ਸ਼ਾਮਲ ਹੋਣ ਦੇ ਬਹੁਤ ਸਾਰੇ ਮੌਕੇ ਉਪਲਬਧ ਹਨ।

ਮਿਸ ਬ੍ਰੋਮੀਲੋ ਕਹਿੰਦੀ ਹੈ, “ਇਹ ਕੰਮ ਇੱਕ ਸਧਾਰਣ ਕਦਮ ਨਾਲ ਵੀ ਸ਼ੁਰੂ ਹੋ ਸਕਦਾ ਹੈ, ਜਿਵੇਂ ਇਹ ਜਾਣਨਾ ਕਿ ਤੁਸੀਂ ਕਿਸ ਦੀ ਧਰਤੀ‘ਤੇ ਰਹਿ ਰਹੇ ਹੋ, ਅਤੇ ਸਥਾਨਕ ਗਿਆਨ ਨੂੰ ਸੁਣਨਾ ਤੇ ਉਸਦੀ ਇੱਜ਼ਤ ਕਰਨਾ,।”
ਤੁਸੀਂ ਮੂਲ ਨਿਵਾਸੀਆਂ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਵਾਤਾਵਰਨ ਸੰਭਾਲ ਦੇ ਕੰਮਾਂ ਅਤੇ ਰੇਂਜਰ ਪ੍ਰੋਗਰਾਮਾਂ ਦਾ ਸਮਰਥਨ ਕਰ ਸਕਦੇ ਹੋ।
"ਅਤੇ ਜਦੋਂ ਭਾਈਚਾਰੇ ਇਕੱਠੇ ਹੁੰਦੇ ਹਨ, ਉਹ ਸੁਣਦੇ ਹਨ, ਸਿੱਖਦੇ ਹਨ ਅਤੇ ਜ਼ਿੰਮੇਵਾਰੀ ਲੈਂਦੇ ਹਨ, ਤਾਂ ਅਸੀਂ ਉਸ ਸਥਾਨ ਦੀ ਰੱਖਿਆ ਕਰ ਰਹੇ ਹੁੰਦੇ ਹਾਂ ਜਿਸਨੂੰ ਅਸੀਂ ਸਾਰੇ ਖਾਸ ਮੰਨਦੇ ਹਾਂ। ਇਹ ਸਿਰਫ਼ ਮੂਲ ਨਿਵਾਸੀ ਲੋਕਾਂ ਲਈ ਹੀ ਨਹੀਂ, ਸਗੋਂ ਆਸਟ੍ਰੇਲੀਆ ਵਿੱਚ ਹਰ ਕਿਸੇ ਲਈ ਮਹੱਤਵਪੂਰਨ ਹੈ ਕਿ ਜੇ ਅਸੀਂ ਧਰਤੀ ਦੀ ਸੰਭਾਲ ਕਰਾਂਗੇ, ਤਾਂ ਧਰਤੀ ਸਾਡੀ ਸੰਭਾਲ ਕਰੇਗੀ।”
Links to additional information:
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜ ਸਕਦੇ ਹੋ।







