Key Points
- ਭੁਪਿੰਦਰ ਸਿੰਘ ਨੂੰ ਖ਼ਤਰਨਾਕ ਡਰਾਈਵਿੰਗ ਕਰਕੇ 40 ਸਾਲਾ ਕ੍ਰਿਸਟੀਨ ਸੈਂਡਫ਼ੋਰਡ ਦੀ ਮੌਤ ਦੇ ਮਾਮਲੇ ‘ਚ 5 ਸਾਲ 2 ਮਹੀਨੇ ਦੀ ਕੈਦ ਹੋਈ ਹੈ ।
- ਧਾਰਮਿਕ ਮੁਸ਼ਕਿਲਾਂ ਦੇ ਆਧਾਰ ‘ਤੇ ਸਜ਼ਾ ਘਟਾਉਣ ਦੀ ਮੰਗ ਅਦਾਲਤ ਨੇ ਰੱਦ ਕਰ ਦਿੱਤੀ।
- ਜੱਜ ਨੇ ਕਿਹਾ ਇਹ ਸਜ਼ਾ ਨੌਜਵਾਨਾਂ ਨੂੰ ਸਖ਼ਤ ਚੇਤਾਵਨੀ ਦੇਣ ਲਈ ਹੈ ਅਤੇ ਇਸ ਤਰ੍ਹਾਂ ਦੀ ਡਰਾਈਵਿੰਗ ਦੀ ਖੁੱਲ੍ਹੀ ਨਿੰਦਾ ਹੋਣੀ ਚਾਹੀਦੀ ਹੈ।
ਪੰਜ ਸਾਲ ਪਹਿਲਾਂ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਆਏ ਨੌਜਵਾਨ ਭੁਪਿੰਦਰ ਸਿੰਘ 18 ਮਾਰਚ 2023 ਨੂੰ ਆਪਣੇ ਦੋਸਤ ਦੀ ਫੋਰਡ ਮਸਟੈਂਗ ਵਿੱਚ ਐਡੀਲੇਡ ਦੀ ਨੌਰਥ ਈਸਟ ਰੋਡ ਉੱਪਰ ਤਕਰੀਬਨ 150km/h ਦੀ ਰਫਤਾਰ ‘ਤੇ ਕਾਰ ਚਲਾ ਰਹੇ ਸਨ। ਇਹ ਕਾਰ 2 ਬੱਚਿਆਂ ਦੀ ਮਾਂ ਕ੍ਰਿਸਟੀਨ ਸੈਂਡਫ਼ੋਰਡ ਦੀ ਕਾਰ ਵਿੱਚ ਜ਼ੋਰ ਨਾਲ ਟਕਰਾਈ ਅਤੇ ਉਸ ਦੀ ਥਾਂ ਹੀ ਮੌਤ ਹੋ ਗਈ।
ਅਦਾਲਤ ਵਿਚ ਸਾਊਥ ਆਸਟ੍ਰੇਲੀਆ ਪੁਲਿਸ ਦੇ ਸਾਰਜੈਂਟ ਫੱਲਚਰ ਨੇ ਹਾਦਸੇ ਦੀ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਸਾਹਮਣੇ ਆਇਆ ਕੇ 60km/h ਦੀ ਸਪੀਡ ਲਿਮਿਟ ਵਾਲੀ ਸੜਕ ‘ਤੇ ਭੁਪਿੰਦਰ ਲਗਾਤਾਰ ਤੇਜ਼ ਰਫਤਾਰ ਨਾਲ ਆ ਰਿਹਾ ਸੀ। ਉਸ ਦੀ ਰਫਤਾਰ ਲੱਗ-ਭੱਗ 125-128km/h ਸੀ ਜਦੋਂ ਉਹ ਕ੍ਰਿਸਟੀਨ ਦੀ ਕਾਰ ਨਾਲ ਟਕਰਾਇਆ ਅਤੇ ਉਸ ਦੀ ਮੌਤ ਦਾ ਕਾਰਨ ਬਣਿਆ।
ਮੁਕਦਮਾ ਸ਼ੁਰੂ ਹੋਣ ਤੋਂ ਬਾਅਦ ਭੁਪਿੰਦਰ ਨੇ ਆਪਣਾ ਜੁਰਮ ਕਬੂਲਿਆ ਅਤੇ ਜੱਜ ਮਸਕਟ ਨੇ ਸਜ਼ਾ ਤੈਅ ਕਰਨ ਤੋਂ ਪਹਿਲਾ ਬੇਲ ਰੱਧ ਕਰ ਕੇ ਮਈ ਤੋਂ ਹੀ ਉਸ ਨੂੰ ਰਿਮਾਂਡ ਵਿੱਚ ਰੱਖਣ ਦਾ ਆਦੇਸ਼ ਦਿੱਤਾ।
ਸਜ਼ਾ ਨਿਸਚਿਤ ਕਰਨ ਤੋਂ ਪਹਿਲਾਂ, ਭੁਪਿੰਦਰ ਦੇ ਵਕੀਲ ਜੋਰਡਨ ਡਐਂਜੇਲੋ ਨੇ ਉਸ ਦੇ ਗਹਿਰੇ ਅਫ਼ਸੋਸ ਅਤੇ ਜੇਲ੍ਹ ਵਿੱਚ ਆ ਰਹੀਆਂ ਧਾਰਮਿਕ ਤੇ ਨਿੱਜੀ ਮੁਸ਼ਕਲਾਂ ਦੇ ਆਧਾਰ 'ਤੇ ਇਹ ਸਜ਼ਾ ਘਰਲੀ ਗਿਰਫ਼ਤਾਰੀ (house arrest) ਹੇਠ ਪੂਰੀ ਕਰਨ ਦੀ ਬੇਨਤੀ ਕੀਤੀ।
ਡਐਂਜੇਲੋ ਨੇ ਦੱਸਿਆ ਕਿ “ਹੋਰ ਕੈਦੀਆਂ ਨੇ ਭੁਪਿੰਦਰ ਦੀ ਦਸਤਾਰ ਦਾ ਮਜ਼ਾਕ ਉਡਾਇਆ, ਅਤੇ ਵੈਸ਼ਨੂੰ ਹੋਣ ਕਰਕੇ ਕੈਦ ਵਿੱਚ ਉਸ ਨੇ ਸਿਰਫ਼ ਜੈਮ, ਬ੍ਰੈਡ ਅਤੇ ਇੰਸਟੈਂਟ ਨੂਡਲਜ਼ ਖਾਧੇ, ਜਿਸ ਕਰਕੇ ਰਿਮਾਂਡ ਵਿੱਚ ਰਹਿਣ ਦੌਰਾਨ ਉਸ ਦਾ 9 ਕਿਲੋ ਵਜ਼ਨ ਘਟ ਗਿਆ”।
ਜੱਜ ਮਸਕਟ ਨੇ ਆਪਣੀ ਫੈਸਲੇ ਵਿੱਚ ਮੰਨਿਆ ਕਿ ਧਾਰਮਿਕ ਜਿੰਮੇਵਾਰੀਆਂ ਨਿਭਾਉਣ ਕਰਕੇ ਭੁਪਿੰਦਰ ਲਈ ਕੈਦ ਕੱਟਣਾ ਹੋਰ ਕੈਦੀਆਂ ਨਾਲੋਂ ਵਧੇਰੇ ਮੁਸ਼ਕਲ ਹੋਵੇਗਾ ਅਤੇ ਸਜ਼ਾ ਦੇਣ ਸਮੇਂ ਇਸ ਗੱਲ ਦਾ ਖਿਆਲ ਰੱਖਿਆ ਜਾਵੇਗਾ।ਪਰ ਧਰਮ ਦੀ ਬੁਨਿਆਦ 'ਤੇ ਸਜ਼ਾ ਨੂੰ ਸਿਰਫ ਘਰੇਲੂ ਗ੍ਰਿਫ਼ਤਾਰੀ ਨਹੀਂ ਬਣਾਇਆ ਜਾ ਸਕਦਾ।
ਜੋ ਸਜ਼ਾ ਦਿੱਤੀ ਜਾ ਰਹੀ ਹੈ, ਉਹ ਸਿਰਫ਼ ਤੁਹਾਡੇ ਵੱਲੋਂ ਜਾਣ-ਬੁੱਝ ਕੇ ਕੀਤੀ ਗਈ ਖ਼ਤਰਨਾਕ ਡਰਾਈਵਿੰਗ ਦੇ ਜੁਰਮ ਲਈ ਸਜ਼ਾ ਹੀ ਨਹੀਂ, ਬਲਕਿ ਹੋਰ ਡਰਾਈਵਰਾਂ—ਖ਼ਾਸ ਕਰਕੇ ਤੁਹਾਡੇ ਵਰਗੇ ਨੌਜਵਾਨ ਡਰਾਈਵਰਾਂ ਨੂੰ ਵੀ ਇੱਕ ਸਖ਼ਤ ਚੇਤਾਵਨੀ ਦੇਣ ਲਈ ਹੈ। ਇਸ ਤਰ੍ਹਾਂ ਦੀ ਡਰਾਈਵਿੰਗ ਜੋ ਕਿਸੇ ਦੀ ਮੌਤ ਦਾ ਕਾਰਨ ਬਣੇ, ਉਸ ਦੀ ਖੁੱਲ੍ਹੀ ਤੌਰ 'ਤੇ ਨਿੰਦਿਆ ਕਰਨੀ ਚਾਹੀਦੀ ਹੈ।ਜੱਜ ਮਸਕਟ
11 ਜੁਲਾਈ 2025 ਨੂੰ ਜੱਜ ਨੇ ਭੁਪਿੰਦਰ ਨੂੰ 5 ਸਾਲ, 2 ਮਹੀਨੇ ਅਤੇ 21 ਦਿਨ ਦੀ ਕੈਦ ਦੀ ਸਜ਼ਾ ਸੁਣਾਈ ਅਤੇ 15 ਸਾਲ ਲਈ ਡਰਾਈਵਿੰਗ ਲਾਇਸੈਂਸ ਹਾਸਲ ਕਰਨ ਤੋਂ ਅਯੋਗ ਕਰਾਰ ਦਿੱਤਾ।
ਅਦਾਲਤ ਦੇ ਬਾਹਰ, ਕ੍ਰਿਸਟੀਨ ਦੇ ਪਿਤਾ, ਕ੍ਰਿਸ ਟੱਕਰ ਨੇ ABC ਨਿਊਜ਼ ਨੂੰ ਦੱਸਿਆ ਕਿ ਇਸ ਸਜ਼ਾ ਨਾਲ ਕੋਈ ਵੀ ਜਿੱਤਿਆ ਨਹੀਂ ਅਤੇ ਹੁਣ ਕੁਝ ਵੀ ਕ੍ਰਿਸਟੀਨ ਨੂੰ ਵਾਪਸ ਨਹੀਂ ਲਿਆ ਸਕਦਾ।
ਇਸ ਖ਼ਬਰ ਦਾ ਪੂਰਾ ਵੇਰਵਾ ਜਾਨਣ ਲਈ ਸੁਣੋ ਇਹ ਆਡੀਉ।