ਨਿਯਮਤ ਬ੍ਰੈਸਟ ਸਕ੍ਰੀਨਿੰਗ (breast screening) ਕਿਸੇ ਵੀ ਤਰ੍ਹਾਂ ਦੇ ਸੰਕੇਤ ਜਾਂ ਲੱਛਣ ਦਿਖਾਈ ਦੇਣ ਤੋਂ ਪਹਿਲਾਂ ਹੀ, ਸ਼ੁਰੂਆਤੀ ਦੌਰ ਵਿੱਚ ਬ੍ਰੈਸਟ ਕੈਂਸਰ ਦਾ ਪਤਾ ਲਗਾਉਣ ਵਿੱਚ ਮਦਦ ਕਰ ਸਕਦੀ ਹੈ। ਯੋਗ ਔਰਤਾਂ ਜਾਂ ਬ੍ਰੈਸਟ ਕੈਂਸਰ ਦੇ ਖਤਰੇ ਵਾਲੇ ਲੋਕਾਂ ਲਈ ਸਕ੍ਰੀਨਿੰਗ ਮੁਫ਼ਤ ਹੈ। ਇਸ ਵਿੱਚ ਲਗਭਗ 20 ਮਿੰਟ ਲੱਗਦੇ ਹਨ ਅਤੇ ਇਹ ਹਰ ਦੋ ਸਾਲ ਬਾਅਦ ਕਰਵਾਈ ਜਾਂਦੀ ਹੈ। ਇਹ ਆਪਣੀ ਸਿਹਤ ਦਾ ਖ਼ਿਆਲ ਰੱਖਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਆਓ ਜਾਣਦੇ ਹਾਂ ਕਿ ਬ੍ਰੈਸਟ ਸਕ੍ਰੀਨਿੰਗ ਨੂੰ ਲੈ ਕੇ ਘਬਰਾਉਣ ਦੀ ਲੋੜ ਕਿਉਂ ਨਹੀਂ ਹੈ।
Key Points
- ਹਰ ਦੋ ਸਾਲ ਬਾਅਦ 20 ਮਿੰਟ ਦੀ ਸਕ੍ਰੀਨਿੰਗ ਤੁਹਾਡੀ ਜ਼ਿੰਦਗੀ ਬਚਾ ਸਕਦੀ ਹੈ।
- 50 ਤੋਂ 74 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਹਰ ਦੋ ਸਾਲ ਬਾਅਦ ਮੁਫ਼ਤ ਬ੍ਰੈਸਟ ਸਕ੍ਰੀਨਿੰਗ ਲਈ ਅਪੌਇੰਟਮੈਂਟ ਬੁੱਕ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ।
- ਬ੍ਰੈਸਟ ਸਕ੍ਰੀਨਿੰਗ ਵਿੱਚ ਮਹਿਲਾਵਾਂ, ਟ੍ਰਾਂਸ (trans) ਅਤੇ ਜੈਂਡਰ-ਨਿਊਟਰਲ (gender-neutral) ਲੋਕਾਂ ਸਮੇਤ 40 ਸਾਲ ਦੀ ਉਮਰ ਤੋਂ ਐਬੋਰਿਜਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਮਹਿਲਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
- ਪਰਵਾਸੀ ਪਿਛੋਕੜ ਵਾਲੀਆਂ ਔਰਤਾਂ ਲਈ ਆਪਣੀ ਭਾਸ਼ਾ ਵਿੱਚ ਸਹਾਇਤਾ ਉਪਲਬਧ ਹੈ ਅਤੇ ਕਲੀਨਿਕਾਂ ਵਿੱਚ ਨਿੱਜਤਾ ਦਾ ਧਿਆਨ ਰੱਖਿਆ ਜਾਂਦਾ ਹੈ।
ਬ੍ਰੈਸਟ ਸਕ੍ਰੀਨਿੰਗ ਇੰਨੀ ਜ਼ਰੂਰੀ ਕਿਉਂ ਹੈ?
ਬ੍ਰੈਸਟ ਸਕ੍ਰੀਨ ਇੱਕ ਰੁਟੀਨ ਮਹਿਲਾ ਸਿਹਤ ਜਾਂਚ ਹੈ, ਜਿਸ ਰਾਹੀਂ ਬ੍ਰੈਸਟ ਕੈਂਸਰ ਅਤੇ ਹੋਰ ਬਿਮਾਰੀਆਂ ਦੀ ਪਛਾਣ ਕੀਤੀ ਜਾ ਸਕਦੀ ਹੈ।
BreastScreen NSW ਦੀ ਮੁੱਖ ਰੇਡੀਓਗ੍ਰਾਫ਼ਰ ਬਰੌਨਵਿਨ ਮੋਰਲੇ ਦੱਸਦੇ ਹਨ ਕਿ ਬ੍ਰੈਸਟ ਸਕ੍ਰੀਨ ਜਾਂ ਮੈਮੋਗ੍ਰਾਮ ਬ੍ਰੈਸਟ ਦਾ ਘੱਟ ਰੇਡੀਏਸ਼ਨ ਵਾਲਾ ਐਕਸ-ਰੇਅ ਹੁੰਦਾ ਹੈ, ਜਿਸ ਦੀ ਵਰਤੋਂ ਬ੍ਰੈਸਟ ਕੈਂਸਰ ਦੇ ਸ਼ੁਰੂਆਤੀ ਸੰਕੇਤਾਂ ਦੀ ਜਾਂਚ ਲਈ ਕੀਤੀ ਜਾਂਦੀ ਹੈ।
“ਇਸ ਨੂੰ ਚੌਲ ਦੇ ਇੱਕ ਦਾਣੇ ਜਿੰਨੇ ਛੋਟੇ ਕੈਂਸਰ ਦੀ ਵੀ ਪਛਾਣ ਕਰਨ ਲਈ ਤਿਆਰ ਕੀਤਾ ਗਿਆ ਹੈ, ਇਸ ਤੋਂ ਪਹਿਲਾਂ ਕਿ ਉਹ ਨਜ਼ਰ ਆਵੇ ਜਾਂ ਮਹਿਸੂਸ ਹੋਵੇ। ਜਿੰਨੀ ਜਲਦੀ ਬ੍ਰੈਸਟ ਕੈਂਸਰ ਦੀ ਪਛਾਣ ਹੋ ਜਾਂਦੀ ਹੈ, ਉੱਨੀ ਹੀ ਬਚਣ ਦੀ ਸੰਭਾਵਨਾ ਬਿਹਤਰ ਹੁੰਦੀ ਹੈ ਅਤੇ ਇਲਾਜ ਵੀ ਘੱਟ ਮੁਸ਼ਕਲ ਹੋ ਸਕਦਾ ਹੈ।”
ਨਿਯਮਤ ਸਕ੍ਰੀਨਿੰਗ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਬ੍ਰੈਸਟ ਕੈਂਸਰ ਬਿਨਾਂ ਕਿਸੇ ਸਪੱਸ਼ਟ ਲੱਛਣ ਦੇ ਵੀ ਵਿਕਸਿਤ ਹੋ ਸਕਦਾ ਹੈ।
ਅਤੇ ਬ੍ਰੈਸਟ ਸਕ੍ਰੀਨਿੰਗ ਬੁੱਕ ਕਰਨ ਲਈ ਇਹੀ ਕਾਰਨ ਕਾਫ਼ੀ ਹੈ।

ਰਾਸ਼ਟਰੀ ਬ੍ਰੈਸਟ ਸਕ੍ਰੀਨਿੰਗ ਪ੍ਰੋਗਰਾਮ ਤੱਕ ਕੌਣ ਪਹੁੰਚ ਕਰ ਸਕਦਾ ਹੈ?
ਬ੍ਰੈਸਟਸਕ੍ਰੀਨ ਆਸਟ੍ਰੇਲੀਆ (BreastScreen Australia) ਫੈਡਰਲ, ਸਟੇਟ (ਰਾਜ) ਅਤੇ ਟੈਰੇਟਰੀ ਸਰਕਾਰਾਂ ਦਾ ਇੱਕ ਸਾਂਝਾ ਉਪਰਾਲਾ ਹੈ।
ਇਹ ਪ੍ਰੋਗਰਾਮ ਬ੍ਰੈਸਟ ਸਕ੍ਰੀਨਿੰਗ ਨੂੰ ਬਹੁਤ ਸੌਖਾ ਬਣਾਉਂਦਾ ਹੈ। ਇਹ ਬਿਲਕੁਲ ਮੁਫ਼ਤ ਹੈ ਅਤੇ ਤੁਹਾਨੂੰ ਆਪਣੇ ਡਾਕਟਰ ਤੋਂ ਕਿਸੇ ਰੈਫ਼ਰਲ ਦੀ ਵੀ ਲੋੜ ਨਹੀਂ ਹੁੰਦੀ।
ਜੇਕਰ ਤੁਸੀਂ ਯੋਗ ਹੋ ਅਤੇ ਤੁਹਾਡੀ ਉਮਰ 50 ਤੋਂ 74 ਸਾਲ ਦੇ ਵਿੱਚਕਾਰ ਹੈ, ਤਾਂ ਤੁਹਾਨੂੰ ਤੁਹਾਡੇ ਰਾਜ ਜਾਂ ਟੈਰੇਟਰੀ ਦੇ ਬ੍ਰੈਸਟਸਕ੍ਰੀਨ ਕਲੀਨਿਕ ਜਾਂ ਮੋਬਾਈਲ ਵੈਨ 'ਤੇ ਅਪੌਇੰਟਮੈਂਟ ਬੁੱਕ ਕਰਨ ਲਈ ਹਰ ਦੋ ਸਾਲਾਂ ਬਾਅਦ ਡਾਕ ਰਾਹੀਂ ਸੱਦਾ ਪੱਤਰ ਭੇਜਿਆ ਜਾਵੇਗਾ।
ਇਹ ਪ੍ਰੋਗਰਾਮ ਸਾਰਿਆਂ ਲਈ ਸਮਾਵੇਸ਼ੀ ਅਤੇ ਪਹੁੰਚਯੋਗ ਹੈ। ਉਦਾਹਰਨ ਲਈ, BreastScreen NSW ਪੂਰੇ ਰਾਜ ਵਿੱਚ 250 ਤੋਂ ਵੱਧ ਸਕ੍ਰੀਨਿੰਗ ਸਥਾਨਾਂ ਦਾ ਸੰਚਾਲਨ ਕਰਦਾ ਹੈ।
ਕੁਝ ਅਜਿਹੇ ਲੋਕ ਵੀ ਹਨ ਜੋ ਨਿਰਧਾਰਤ ਉਮਰ ਸਮੂਹ ਤੋਂ ਬਾਹਰ ਆਉਂਦੇ ਹਨ, ਪਰ ਫਿਰ ਵੀ ਉਨ੍ਹਾਂ ਨੂੰ ਸਕ੍ਰੀਨਿੰਗ ਕਰਵਾਉਣੀ ਚਾਹੀਦੀ ਹੈ।
BreastScreen ਵੱਲੋਂ Rainbow Screening Clinics ਵੀ ਚਲਾਈਆਂ ਜਾਂਦੀਆਂ ਹਨ, ਜਿੱਥੇ ਹਰ ਕਿਸੇ ਨੂੰ ਸ਼ਾਮਲ ਕੀਤਾ ਜਾਂਦਾ ਹੈ। ਟ੍ਰਾਂਸ ਜਾਂ ਜੈਂਡਰ-ਡਾਇਵਰਸ ਲੋਕਾਂ ਲਈ, ਜਾਂ ਜਿਹੜੇ ਜੈਂਡਰ-ਅਫ਼ਰਮਿੰਗ ਹਾਰਮੋਨ ਲੈ ਰਹੇ ਹਨ, ਇਹ ਪਤਾ ਕਰਨਾ ਮਹੱਤਵਪੂਰਨ ਹੈ ਕਿ ਉਨ੍ਹਾਂ ਨੂੰ ਸਕ੍ਰੀਨਿੰਗ ਕਰਵਾਉਣੀ ਚਾਹੀਦੀ ਹੈ ਜਾਂ ਨਹੀਂ।
ਬ੍ਰੈਸਟ ਸਕ੍ਰੀਨਿੰਗ ਦੌਰਾਨ ਤੁਸੀਂ ਕੀ ਉਮੀਦ ਕਰ ਸਕਦੇ ਹੋ?
ਕਈਆਂ ਲਈ, ਅਪੌਇੰਟਮੈਂਟ ਬੁੱਕ ਕਰਨ ਵਿੱਚ ਸਭ ਤੋਂ ਵੱਡੀ ਰੁਕਾਵਟ ਮਨ ਵਿੱਚ ਰਹਿਣ ਵਾਲੀ ਦੁਵਿਧਾ ਜਾਂ ਅਸੁਰੱਖਿਆ ਦੀ ਭਾਵਨਾ ਹੁੰਦੀ ਹੈ।
ਮੈਲਬਰਨ ਵਿੱਚ 'ਮਲਟੀਕਲਚਰਲ ਸੈਂਟਰ ਫ਼ਾਰ ਵੂਮੈਨਜ਼ ਹੈਲਥ' (MCWH) ਦੇ ਦੁਭਾਸ਼ੀ ਸਿਹਤ ਸਿੱਖਿਅਕ (Bilingual Health Educator) ਫੈਲੀਸ਼ੀਆ ਬੇਲਾਗੀਆ (Felicia Belagia), ਮਹਿਲਾਵਾਂ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਇਹ ਸਮਝਣ ਵਿੱਚ ਮਦਦ ਕਰਦੇ ਹਨ ਕਿ ਜਾਂਚ ਦੌਰਾਨ ਕੀ ਉਮੀਦ ਕੀਤੀ ਜਾਵੇ।
ਉਹ ਦੱਸਦੇ ਹਨ ਕਿ ਇੱਕ ਵਾਰ ਜਦੋਂ ਤੁਸੀਂ ਰਿਸੈਪਸ਼ਨ 'ਤੇ ਪਹੁੰਚਦੇ ਹੋ, ਤਾਂ ਸਕ੍ਰੀਨਿੰਗ ਰੂਮ ਵਿੱਚ ਰੇਡੀਓਗ੍ਰਾਫਰ ਨੂੰ ਮਿਲਣ ਤੋਂ ਪਹਿਲਾਂ ਤੁਹਾਨੂੰ ਕੁਝ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਕਿਹਾ ਜਾਵੇਗਾ।

ਕੀ ਤੁਸੀਂ ਅਜਿਹੇ ਸਮੂਹ ਦਾ ਹਿੱਸਾ ਹੋ ਜਿਨ੍ਹਾਂ ਵਿੱਚ ਸਕ੍ਰੀਨਿੰਗ ਦੀ ਦਰ ਘੱਟ ਹੈ?
ਬਹੁ-ਸੱਭਿਆਚਾਰਕ (multicultural) ਭਾਈਚਾਰਿਆਂ ਦੀਆਂ ਮਹਿਲਾਵਾਂ ਅਤੇ ਜੈਂਡਰ-ਡਾਇਵਰਸ ਲੋਕਾਂ ਵਿੱਚ ਆਮ ਆਬਾਦੀ ਦੇ ਮੁਕਾਬਲੇ ਬ੍ਰੈਸਟ ਸਕ੍ਰੀਨਿੰਗ ਦੀ ਦਰ ਕਾਫ਼ੀ ਘੱਟ ਦੇਖਣ ਨੂੰ ਮਿਲਦੀ ਹੈ।
ਬ੍ਰੈਸਟਸਕ੍ਰੀਨ ਵਿਕਟੋਰੀਆ ਦੀ ਰਿਪੋਰਟ ਮੁਤਾਬਕ ਸਾਲ 2022-24 ਦੌਰਾਨ, ਵਿਕਟੋਰੀਆ ਦੇ ਬਹੁ-ਸੱਭਿਆਚਾਰਕ ਭਾਈਚਾਰਿਆਂ ਦੀਆਂ ਮਹਿਲਾਵਾਂ ਵਿੱਚ ਸਕ੍ਰੀਨਿੰਗ ਦੀ ਦਰ ਵਿਕਟੋਰੀਆ ਦੀ ਆਮ ਭਾਗੀਦਾਰੀ ਦਰ ਨਾਲੋਂ 13 ਪ੍ਰਤੀਸ਼ਤ ਘੱਟ ਸੀ।
ਇਸ ਅੰਕੜੇ ਪਿੱਛੇ ਕਈ ਕਾਰਨ ਹਨ। ਮਿਸ ਬੈਲਾਗੀਆ ਦਾ ਕਹਿਣਾ ਹੈ ਕਿ ਆਪਣੇ ਦੇਸ਼ ਅਤੇ ਆਸਟ੍ਰੇਲੀਆ ਵਿੱਚ ਪਿਛਲੇ ਸਿਹਤ ਸੰਭਾਲ ਤਜਰਬੇ ਵੀ ਇਸ ਦੇ ਸੰਭਾਵਿਤ ਕਾਰਨਾਂ ਵਿੱਚੋਂ ਇੱਕ ਹਨ।

ਕੀ ਦੁਭਾਸ਼ੀਏ ਉਪਲਬਧ ਹਨ?
ਤੁਸੀਂ ਆਪਣੀ ਸਕ੍ਰੀਨਿੰਗ ਦੌਰਾਨ ਭਾਸ਼ਾ ਸਹਾਇਤਾ ਦੀ ਮੰਗ ਕਰ ਸਕਦੇ ਹੋ। ਇਸ ਲਈ Translating and Interpreting Service (TIS National) ਵਰਗੀਆਂ ਸੇਵਾਵਾਂ ਉਪਲਬਧ ਹਨ। ਇਹ ਸੇਵਾ ਸਾਲ ਦੇ ਹਰ ਦਿਨ, 24 ਘੰਟੇ, 13 14 50 ’ਤੇ ਫ਼ੋਨ ਕਰਕੇ ਲਈ ਜਾ ਸਕਦੀ ਹੈ।
ਤੁਸੀਂ ਸਹਾਰੇ ਲਈ ਆਪਣੇ ਨਾਲ ਕਿਸੇ ਵਿਅਕਤੀ ਨੂੰ ਵੀ ਲਿਆ ਸਕਦੇ ਹੋ।
ਬ੍ਰੈਸਟ ਸਕ੍ਰੀਨਿੰਗ ਲਈ ਅਪੌਇੰਟਮੈਂਟ ਕਿਵੇਂ ਬੁੱਕ ਕਰੀਏ
ਆਪਣੀ ਯੋਗਤਾ ਚੈੱਕ ਕਰਨ ਜਾਂ ਮੁਫ਼ਤ ਬ੍ਰੈਸਟ ਸਕ੍ਰੀਨ ਬੁੱਕ ਕਰਨ ਲਈ ਤੁਸੀਂ ਆਸਟ੍ਰੇਲੀਆ ਵਿੱਚ ਕਿਤੇ ਵੀ 13 20 50 ’ਤੇ ਫ਼ੋਨ ਕਰਕੇ ਆਪਣੇ ਸੂਬੇ ਜਾਂ ਟੈਰੀਟਰੀ ਦੀ BreastScreen ਸੇਵਾ ਨਾਲ ਸੰਪਰਕ ਕਰ ਸਕਦੇ ਹੋ।
ਜਾਂ BreastScreen ਦੀ ਵੈੱਬਸਾਈਟ ’ਤੇ ਜਾ ਕੇ ਆਨਲਾਈਨ ਅਪੌਇੰਟਮੈਂਟ ਬੁੱਕ ਕਰ ਸਕਦੇ ਹੋ।
ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।
Subscribe to or follow the Australia Explained podcast for more valuable information and tips about settling into your new life in Australia.
Do you have any questions or topic ideas? Email australiaexplained@sbs.com.au





