ਅੰਤੜੀਆਂ ਦੇ ਕੈਂਸਰ ਦੀ ਮੁਫ਼ਤ ਜਾਂਚ ਕਰਨ ਵਾਲੀ ਮੁਹਿੰਮ ਜਾਂ 'ਫਰੀ ਕੈਂਸਰ ਸਕਰੀਨਿੰਗ ਪ੍ਰੋਗਰਾਮ' ਬੇਸ਼ੱਕ ਆਸਟਰੇਲੀਅਨ ਲੋਕਾਂ ਦੀ ਜਾਨ ਬਚਾਉਣ ਵਿਚ ਕਾਰਗਰ ਸਾਬਤ ਹੋਇਆ ਹੈ ਪਰ ਬਾਵਜੂਦ ਇਸ ਦੇ ਲੋਕਾਂ ਵਲੋਂ ਕੈਂਸਰ ਦੀ ਜਾਂਚ ਵਿੱਚ ਰੁਚੀ ਨਹੀਂ ਵਿਖਾਈ ਜਾ ਰਹੀ।
ਹੁਣ ਕੈਂਸਰ ਕੌਂਸਲ ਵਿਕਟੋਰੀਆਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਓਹ ਨੈਸ਼ਨਲ ਬਾਉਲ ਕੈਂਸਰ ਸਕਰੀਨਿੰਗ ਪ੍ਰੋਗਰਾਮ ਵਿਚ ਹਿੱਸਾ ਲੈਣ।
ਕੈਂਸਰ ਮਾਹਿਰ ਡਾ. ਮਨਨ ਚੱਢਾ ਦੱਸਦੇ ਹਨ ਕਿ 50 ਤੋਂ 74 ਸਾਲ ਦੀ ਉਮਰ ਵਰਗ ਦੇ ਲੋਕਾਂ ਨੂੰ ਅੰਤੜੀਆਂ ਦੇ ਕੈਂਸਰ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਪਰ ਇਹ ਕਿਸੇ ਵੀ ਉਮਰ ਨੂੰ ਬਿਨਾ ਕਿਸੇ ਲੱਛਣ ਦੇ ਆਪਣੀ ਜਕੜ ਵਿੱਚ ਲੈ ਸਕਦੀ ਹੈ।
ਉਨ੍ਹਾਂ ਅਪੀਲ ਕੀਤੀ ਕਿ ਲੋਕਾਂ ਨੂੰ ਕੈਂਸਰ ਕੌਂਸਿਲ ਵਿਕਟੋਰੀਆ ਵਲੋਂ ਕੈਂਸਰ ਦੀ ਜਾਂਚ ਲਈ ਭੇਜੀ ਜਾਂਦੀ ਮੁਫਤ ਸਕਰੀਨਿੰਗ ਕਿੱਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਲੱਛਣ ਪਕੜ ਵਿੱਚ ਆਉਣ ਤੋਂ ਬਾਅਦ ਅੰਤੜੀਆਂ ਦੇ ਕੈਂਸਰ ਦੇ 90 ਪ੍ਰਤੀਸ਼ਤ ਤੋਂ ਵੱਧ ਕੇਸਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਜਾ ਸਕਦਾ ਹੈ।

Credit: Photo Supplied by Dr. Manan Chadha
ਕੈਂਸਰ ਕੌਂਸਲ ਵਿਕਟੋਰੀਆ ਵਲੋਂ ਮੁਫਤ ਵਿੱਚ ਟੈਸਟ ਕਿੱਟ ਮੁਹੱਈਆ ਕਰਵਾਏ ਜਾਣ ਦੇ ਬਾਵਜੂਦ ਹਾਲੇ ਤੱਕ ਲੋਕਾਂ ਦੀ ਸ਼ਾਮੂਲੀਅਤ 44% ਤੋਂ ਵੀ ਘੱਟ ਹੈ। ਟੈਸਟ ਕਿੱਟ ਦਾ ਇਸਤੇਮਾਲ ਕਰਨ ਲਈ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਭਾਸ਼ਾਵਾਂ ਵਿੱਚ ਵੀ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ, ਸੋ ਸਭ ਨੂੰ ਬਿਨਾਂ ਦੇਰ ਕੀਤੇ ਟੈਸਟ ਕਰਨਾ ਚਾਹੀਦਾ ਹੈ ਤਾਂ ਜੋ ਇਸ ਕੈਂਸਰ ਦੀ ਸ਼ੁਰੂਆਤ ਵਿੱਚ ਹੀ ਇਸ ਦਾ ਇਲਾਜ ਕੀਤਾ ਜਾ ਸਕੇ।ਡਾ. ਮਨਨ ਚੱਢਾ
ਕਾਬਿਲੇਗੌਰ ਹੈ ਕਿ ਅੰਤੜੀਆਂ ਦਾ ਕੈਂਸਰ (ਬਾਊਲ ਕੈਂਸਰ) ਜਿਸ ਨੂੰ ਕਿ ਕੋਲੋਰੈਕਰਟਲ ਕੈਂਸਰ ਜਾਂ ਸਰਲ ਭਾਸ਼ਾ ਵਿਚ ਅੰਤੜੀਆਂ ਦਾ ਕੈਂਸਰ ਵੀ ਕਿਹਾ ਜਾਂਦਾ ਹੈ, ਇਹ ਆਸਟਰੇਲੀਆ ਵਿਚ ਦੂਜਾ ਸਭ ਤੋਂ ਖਤਰਨਾਕ ਕੈਂਸਰ ਹੋਣ ਦੇ ਨਾਲ-ਨਾਲ ਦੇਸ਼ ਭਰ ਵਿਚ ਤੀਜਾ ਸਭ ਤੋਂ ਆਮ ਪਕੜ ਵਿਚ ਆਉਣ ਵਾਲਾ ਕੈਂਸਰ ਹੈ।
ਬਾਊਲ ਕੈਂਸਰ ਆਸਟਰੇਲੀਆ ਮੁਤਾਬਿਕ, ਹਰ ਹਫਤੇ ਇਸ ਸਮੱਸਿਆ ਨਾਲ ਪੀੜਿਤ 300 ਲੋਕਾਂ ਦੀ ਸ਼ਨਾਖਤ ਹੋ ਰਹੀ ਹੈ ਅਤੇ ਇਸ ਨਾਲ 103 ਮੌਤਾਂ ਵੀ ਹੋ ਰਹੀਆਂ ਹਨ।