ਬੈਰੀ ਲੋਜੀ ਦੀ ਮਾਤਾ ਨੇ ਆਪਣੇ ਪਤੀ ਦੀ ਉਮਰ ਭਰ ਦੇਖਭਾਲ ਕੀਤੀ ਅਤੇ ਇਸੇ ਕਰਕੇ ਉਹ ਆਪਣੀ ਸਿਹਤ ਪ੍ਰਤੀ ਹਮੇਸ਼ਾਂ ਅਵੇਸਲੀ ਹੀ ਰਹੀ। ਅਤੇ ਜਦੋਂ ਉਸ ਨੇ ਸਮਾਂ ਕੱਢ ਕੇ ਅੱਖਾਂ ਦੀ ਜਾਂਚ ਕਰਵਾ ਹੀ ਲਈ ਤਾਂ ਡਾਕਟਰਾਂ ਨੇ ਦਸਿਆ ਕਿ ਉਸ ਦੀਆਂ ਅੱਖਾਂ ਵਿੱਚਲੇ ਗਲੋਕੋਮਾ ਕਾਰਨ ਬਹੁਤ ਦੇਰ ਹੋ ਚੁੱਕੀ ਹੈ ਅਤੇ ਕੁੱਝ ਸਮੇਂ ਬਾਅਦ ਉਸ ਦੀ ਅੱਖਾਂ ਦੀ ਰੋਸ਼ਨੀ ਇਕਦਮ ਖਤਮ ਹੋ ਗਈ।
ਗਲੋਕੋਮਾ ਇੱਕ ਗੰਭੀਰ ਰੋਗ ਹੈ ਜੋ ਕਿ 80ਵਿਆਂ ਤੋਂ ਉਪਰ ਦੇ ਅੱਠਾਂ ਵਿੱਚੋਂ ਇੱਕ ਆਸਟ੍ਰੇਲੀਆਈ ਨੂੰ ਹੁੰਦਾ ਹੈ। ਆਸਟ੍ਰੇਲੀਆ ਦੇ 3% ਲੋਕ ਇਸ ਤੋਂ ਪੀੜਤ ਹਨ। ਬਦਕਿਸਮਤੀ ਨਾਲ ਸਿਰਫ ਅੱਧੇ ਗਲੋਕੋਮਾਂ ਪੀੜਤ ਹੀ ਇਸ ਦੀ ਸਮੇਂ ਤੇ ਪਹਿਚਾਣ ਕਰ ਪਾਉਂਦੇ ਹਨ। ਸੈਂਟਰ ਫਾਰ ਆਈ ਰਿਸਰਚ ਆਸਟ੍ਰੇਲੀਆ ਦੀ ਡਾ ਜੈਨੀਫਰ ਫੈਨ ਗਾਸਕਿਨ ਅਨੁਸਾਰ ਜਿਆਦਾ ਕੇਸਾਂ ਵਿੱਚ ਗਲੋਕੋਮਾ ਦੀ ਪਹਿਚਾਣ ਉਸ ਸਮੇਂ ਹੁੰਦੀ ਹੈ ਜਦੋਂ ਇਹ ਅੱਖਾਂ ਦਾ ਚੰਗਾ ਖਾਸਾ ਨੁਕਸਾਨ ਕਰ ਚੁੱਕੀ ਹੁੰਦੀ ਹੈ।
ਬਰਿਸਬੇਨ ਦੇ ਗਰੇਸ ਐਂਡ ਵਿਜ਼ਨ ਆਪਟੋਮਿਟਰਿਸਟ ਦੀ ਲੂਸੀ ਹੇਸ ਅਨੁਸਾਰ ਗਲੋਕੋਮਾ ਵਾਸਤੇ ਜਾਂਚ ਅਤੇ ਉਪਰਚਾਰ ਅੱਖਾਂ ਦੇ ਕਿਸੇ ਮਾਹਰ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਇਹ ਉਹਨਾਂ ਲੋਕਾਂ ਵਿੱਚ ਜਿਆਦਾ ਪਾਇਆ ਜਾਂਦਾ ਹੈ ਜਿਨਾਂ ਦੇ ਪਰਿਵਾਰ ਵਿੱਚ ਕਿਸੇ ਇੱਕ ਨੁੰ ਗਲੋਕੋਮਾ ਦਾ ਰੋਗ ਹੁੰਦਾ ਹੈ।
ਸੱਤਾਂ ਵਿੱਚੋਂ ਇੱਕ ਆਸਟ੍ਰੇਲੀਅਨ ਦੀਆਂ ਉਮਰ ਵਧਣ ਨਾਲ ਅੱਖਾਂ ਵਿੱਚ ਮਾਂਸਪੇਸ਼ੀਆਂ ਦੀ ਕਮਜ਼ੋਰੀ ਹੋ ਜਾਂਦੀ ਹੈ, ਜਿਸ ਕਾਰਨ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ। ਲੋਜੀ ਦੀਆਂ ਅੱਖਾਂ ਵੀ 20 ਸਾਲ ਤੋਂ ਇਸ ਨਾਲ ਪੀੜਤ ਹਨ।
ਡਾ ਫੈਨ ਗਾਸਕਿਨ ਅਨੁਸਾਰ ਤੰਦਰੁਸਤ ਜੀਵਨਸ਼ੈਲੀ ਨਾਲ ਇਸ ਰੋਗ ਨੂੰ ਦੂਰ ਕੀਤਾ ਜਾ ਸਕਦਾ ਹੈ।
ਬਜ਼ੁਰਗਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੇ ਜਾਣ ਦਾ ਦੂਜਾ ਪ੍ਰਮੁੱਖ ਕਾਰਨ ਹੈ ਕੈਟਾਰੈਕਟ। ਡਾ ਗਾਸਕਿਨ ਅਨੁਸਾਰ ਹਰ ਲੰਬੀ ਉਮਰ ਭੋਗਣ ਵਾਲੇ ਇਨਸਾਨ ਨੂੰ ਇਹ ਆਮ ਹੀ ਹੋ ਜਾਂਦਾ ਹੈ। ਡਾਇਬੀਟੀਜ਼ ਅਤੇ ਸੂਰਜ ਦੀ ਰੋਸ਼ਨੀ ਦਾ ਅੱਖਾਂ ਵਿੱਚ ਜਿਆਦਾ ਪੈਣਾ ਵੀ ਇਸ ਦੇ ਕਈ ਕਾਰਨਾਂ ਵਿੱਚੋਂ ਹਨ।
ਮੈਡੀਬੈਂਕ ਬੈਟਰ ਹੈਲਥ ਇੰਡੇਕਸ ਦਾ ਡਾਟਾ ਦਸਦਾ ਹੈ ਕਿ ਤਕਰੀਬਨ 7 ਲੱਖ ਆਸਟ੍ਰੇਲੀਅਨ ਲੋਕ ਕੈਟਾਰੈਕਟ ਤੋਂ ਪੀੜਤ ਹਨ। ਕੈਟਾਰੈਕਟ ਨੂੰ ਕੱਢਣ ਲਈ ਕੀਤੇ ਜਾਣ ਵਾਲੇ ਆਪ੍ਰੇਸ਼ਨਾਂ ਵਿੱਚ 9.5% ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਪਰ ਲੂਸੀ ਹੇਸ ਕਹਿੰਦੀ ਹੈ ਕਿ ਕੈਟਾਰੈਕਟ ਤੋਂ ਪੀੜਤ ਲੋਕਾਂ ਨੂੰ ਜਿਆਦਾ ਚਿੰਤਾ ਵੀ ਨਹੀਂ ਕਰਨੀ ਚਾਹੀਦੀ।
ਡਾ ਫੈਨ ਗਾਸਕਿਨ ਅਨੁਸਾਰ ਵਡੇਰੀ ਉਮਰ ਦੇ ਲੋਕਾਂ ਨੂੰ ਜੇਕਰ ਹਰ ਸਾਲ ਨਹੀਂ ਤਾਂ ਹਰ ਦੋ ਸਾਲਾਂ ਵਿੱਚ ਇੱਕ ਵਾਰ ਤਾਂ ਅੱਖਾਂ ਜਰੂਰ ਹੀ ਚੈੱਕ ਕਰਵਾਉਣੀਆਂ ਚਹੀਦੀਆਂ ਹਨ।
ਬੈਰੀ ਲੋਜੀ ਨੂੰ ਆਪਣੀ ਮਾਤਾ ਦੀਆਂ ਅੱਖਾਂ ਦੀ ਰੋਸ਼ਨੀ ਜਾਣ ਕਾਰਨ ਇਸ ਦੀ ਮਹੱਤਤਾ ਦਾ ਚੰਗੀ ਤਰਾਂ ਪਤਾ ਚਲ ਚੁਕਿਆ ਹੈ।
ਜਿਆਦਾ ਜਾਣਕਾਰੀ ਲਈ ਵਿਜ਼ਨ ਆਸਟ੍ਰੇਲੀਆ ਦੀ ਵੈਬਸਾਈਟ ਤੇ ਜਾਉ। ਇਸ ਦੇ ਨਾਲ ਹੀ ਮੈਕੂਲਰ ਡੀਸੀਜ਼ ਫਾਉਂਡੇਸ਼ਨ ਦੀ ਵੈਬਸਾਈਟ ਉੱਤੇ ਵੀ ਅੱਖਾਂ ਦੇ ਰੋਗਾਂ ਬਾਰੇ ਭਰਪੂਰ ਜਾਣਕਾਰੀ ਉਪਲਬਧ ਹੈ। ਵਰਲਡ ਗਲੋਕੋਮਾ ਵੀਕ 8 ਤੋਂ 14 ਮਾਰਚ ਨੂੰ ਮਨਾਇਆ ਜਾਣਾ ਹੈ। ਗਲੋਕੋਮਾ ਆਸਟ੍ਰੇਲੀਆ ਦੀ ਵੈਬਸਾਈਟ ਤੇ ਬਹੁਤ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।