ਪੰਜਾਬ ਦੇ ਕਪੂਰਥਲਾ ਨੇੜੇ ਇੱਕ ਛੋਟੇ ਜਿਹੇ ਪਿੰਡ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਆਸਟ੍ਰੇਲੀਆ ਦੇ ਹੌਸਪਿਟੈਲਿਟੀ ਉਦਯੋਗ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਅਮਰਜੀਤ ਸਿੰਘ ਅੱਜ Horn Please, Daughter-in-Law ਅਤੇ Bibi Ji ਵਰਗੇ ਪ੍ਰਸਿੱਧ ਭਾਰਤੀ ਰੈਸਟੋਰੈਂਟਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਪਰਵਾਸ ਸਫ਼ਰ, ਸੰਘਰਸ਼, ਕਾਮਯਾਬੀ ਅਤੇ ਆਸਟ੍ਰੇਲੀਆ 'ਚ ਰੈਸਟੋਰੈਂਟ ਉਦਯੋਗ ਦੇ ਬਦਲਦੇ ਰੁਝਾਨਾਂ ਦੀਆਂ ਬਾਰੀਕੀਆਂ ਬਾਰੇ ਦਿਲਚਸਪ ਗੱਲਾਬਾਤਾਂ ਲਈ ਇਹ ਪੌਡਕਾਸਟ ਸੁਣੋ।
ਸ਼ੈਫ ਅਮਰ ਸਿੰਘ ਲਈ ਖਾਣਾ ਬਣਾਉਣ ਦੀ ਸ਼ੁਰੂਆਤ ਕਿਸੇ ਹੋਟਲ ਜਾਂ ਰੈਸਟੋਰੈਂਟ ਤੋਂ ਨਹੀਂ, ਸਗੋਂ ਆਪਣੇ ਘਰ ਦੀ ਰਸੋਈ ਤੋਂ ਹੋਈ।
ਉਹ ਦੱਸਦੇ ਹਨ ਕਿ ਪੰਜਾਬ ਵਿੱਚ ਆਪਣੇ ਸਾਂਝੇ ਪਰਿਵਾਰ ਵਿੱਚ ਮਾਂ ਨਾਲ ਰਸੋਈ ਦਾ ਕੰਮ ਕਰਦਿਆਂ ਹੀ ਉਨ੍ਹਾਂ ਨੂੰ ਖਾਣਾ ਬਣਾਉਣ ਅਤੇ ਲੋਕਾਂ ਨੂੰ ਖੁਆਉਣ ਦਾ ਸ਼ੌਕ ਪਿਆ। ਉਨ੍ਹਾਂ ਮੁਤਾਬਕ ਇਹੀ ਸ਼ੌਕ ਬਾਅਦ ਵਿੱਚ ਉਨ੍ਹਾਂ ਦੇ ਪੇਸ਼ੇ ਦੀ ਨੀਂਹ ਬਣਿਆ।

ਅਮਰ ਸਿੰਘ ਕਹਿੰਦੇ ਹਨ ਕਿ ਪੇਸ਼ੇਵਰ ਰਸੋਈਏ ਵਜੋਂ ਕੰਮ ਸਿੱਖਣ ਲਈ ਉਨ੍ਹਾਂ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ। ਕਰੀਬ 20 ਸਾਲ ਪਹਿਲਾਂ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਅਮਰ ਸਿੰਘ ਪੰਜਾਬ ਵਿੱਚ ਰੈਸਟੋਰੈਂਟ ਦਾ ਕੰਮ ਸਿੱਖਣ ਲਈ ਖੁਦ ਪੈਸੇ ਦਿੰਦੇ ਸਨ।
ਆਸਟ੍ਰਲੀਆ ਵਿੱਚ ਨਵੀਂ ਸ਼ੁਰੂਆਤ
ਸਾਲ 2008 ਵਿੱਚ ਉਹ ਕੁੱਕਰੀ ਦੀ ਪੜ੍ਹਾਈ ਲਈ ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਆਏ।
ਉਹ ਦੱਸਦੇ ਹਨ ਕਿ ਉਸ ਸਮੇਂ ਨੌਕਰੀਆਂ ਲੱਭਣੀਆਂ ਆਸਾਨ ਨਹੀਂ ਸਨ ਅਤੇ ਇੱਕ-ਇੱਕ ਨੌਕਰੀ ਲਈ ਕਈ ਲੋਕ ਕੋਸ਼ਿਸ਼ ਕਰ ਰਹੇ ਸਨ। ਪਰ ਪੰਜਾਬ ਵਿੱਚ ਸਿੱਖਿਆ ਰਸੋਈ ਦਾ ਕੰਮ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਬਣਿਆ।
ਉਸ ਵੇਲੇ ਕਿਚਨ ਦੇ ਕੰਮ ਨੂੰ ਅੱਜ ਵਾਂਗ ਇੱਜ਼ਤ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਸੀ, ਪਰ ਮੇਰੇ ਲਈ ਪੈਸੇ ਤੋਂ ਵੱਧ ਕੰਮ ਸਿੱਖਣਾ ਮਹੱਤਵਪੂਰਨ ਸੀ।Chef Amar
ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ, "ਹੁਨਰ ਇੱਕ ਅਜਿਹੀ ਚੀਜ਼ ਹੈ ਜੋ ਜ਼ਿੰਦਗੀ ਭਰ ਤੁਹਾਡੇ ਨਾਲ ਰਹਿੰਦੀ ਹੈ। ਤੁਸੀਂ ਦੇਸ਼ ਬਦਲ ਲਵੋ ਜਾਂ ਨੌਕਰੀ, ਪਰ ਸਿੱਖਿਆ ਹੋਇਆ ਹੁਨਰ ਤੁਹਾਡੇ ਕੋਲ ਹੀ ਰਹਿੰਦਾ ਹੈ।"
ਉਨ੍ਹਾਂ ਮੁਤਾਬਕ ਆਸਟ੍ਰੇਲੀਆ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰਦਿਆਂ ਆਪਣੇ ਹੁਨਰ 'ਤੇ ਭਰੋਸਾ ਰੱਖਣਾ ਅਤੇ ਲਗਾਤਾਰ ਸਿੱਖਦੇ ਰਹਿਣਾ ਉਨ੍ਹਾਂ ਦੇ ਸਫ਼ਰ ਵਿੱਚ ਅਹਿਮ ਰਿਹਾ।
ਰੈਸਟੋਰੈਂਟ ਸਿਰਫ਼ ਖਾਣੇ ਦਾ ਨਹੀਂ, ਤਜਰਬੇ ਦਾ ਵੀ ਕਾਰੋਬਾਰ
ਸ਼ੈਫ ਤੋਂ ਕਾਰੋਬਾਰੀ ਬਣਨ ਦੇ ਸਫ਼ਰ ਨੂੰ ਅਮਰ ਸਿੰਘ ਵੱਡੀ ਜ਼ਿੰਮੇਵਾਰੀ ਮੰਨਦੇ ਹਨ।
ਉਨ੍ਹਾਂ ਅਨੁਸਾਰ ਰੈਸਟੋਰੈਂਟ ਚਲਾਉਣਾ ਸਿਰਫ਼ ਰਸੋਈ ਤੱਕ ਸੀਮਿਤ ਨਹੀਂ ਹੁੰਦਾ। ਸਮਾਨ ਦੀ ਖਰੀਦ ਤੋਂ ਲੈ ਕੇ ਸਟਾਫ਼, ਰੈਸਟੋਰੈਂਟ ਦੀ ਸਾਂਭ-ਸੰਭਾਲ ਅਤੇ ਗਾਹਕਾਂ ਦੇ ਤਜਰਬੇ ਤੱਕ ਹਰ ਪੱਖ 'ਤੇ ਲਗਾਤਾਰ ਧਿਆਨ ਦੇਣਾ ਪੈਂਦਾ ਹੈ।
ਅੱਜ ਵੀ ਮੈਂ ਹਰ ਰੋਜ਼ ਕੁਝ ਸਮਾਂ ਰਸੋਈ ਵਿੱਚ ਅਤੇ ਕੁਝ ਸਮਾਂ ਗਾਹਕਾਂ ਦੇ ਵਿਚਕਾਰ ਬਿਤਾਉਂਦਾ ਹਾਂ,Chef Amar
ਉਨ੍ਹਾਂ ਮੁਤਾਬਕ ਗਾਹਕਾਂ ਨਾਲ ਸਿੱਧੀ ਗੱਲਬਾਤ ਕਰਨ ਨਾਲ ਤੁਰੰਤ ਪ੍ਰਤੀਕਿਰਿਆ ਮਿਲਦੀ ਹੈ ਅਤੇ ਇਹ ਕਿਸੇ ਵੀ ਰੈਸਟੋਰੈਂਟ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ।
ਅਮਰ ਸਿੰਘ ਕਹਿੰਦੇ ਹਨ ਕਿ ਛੋਟਾ menu ਰੱਖਣਾ, ਹਰ ਰੋਜ਼ ਤਾਜ਼ਾ ਭੋਜਨ ਤਿਆਰ ਕਰਨਾ ਅਤੇ ਜੰਮੇ ਹੋਏ ਭੋਜਨ ਤੋਂ ਪਰਹੇਜ਼ ਕਰਨਾ ਉਨ੍ਹਾਂ ਦੀ ਕੰਮ ਕਰਨ ਦੀ ਪਹੁੰਚ ਦਾ ਹਿੱਸਾ ਹੈ।
ਉਨ੍ਹਾਂ ਮੁਤਾਬਕ ਭੋਜਨ ਦੀ ਲਗਾਤਾਰ ਇੱਕੋ ਜਿਹੀ ਗੁਣਵੱਤਾ ਹੀ ਗਾਹਕਾਂ ਦਾ ਭਰੋਸਾ ਜਿੱਤਣ ਵਿੱਚ ਮਦਦ ਕਰਦੀ ਹੈ।
ਚੁਣੌਤੀਆਂ ਦੇ ਬਾਵਜੂਦ ਨਵਾਂ ਰੈਸਟੋਰੈਂਟ
ਕੋਵਿਡ-19 ਮਹਾਮਾਰੀ ਤੋਂ ਬਾਅਦ ਜਦੋਂ ਕਈ ਰੈਸਟੋਰੈਂਟ ਕਾਰੋਬਾਰ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਸਨ, ਉਸ ਸਮੇਂ ਅਮਰ ਸਿੰਘ ਨੇ ਨਵਾਂ ਰੈਸਟੋਰੈਂਟ Bibi Ji, Carlton ਖੋਲ੍ਹਣ ਦਾ ਫ਼ੈਸਲਾ ਕੀਤਾ।
ਉਹ ਦੱਸਦੇ ਹਨ ਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ, ਪਰ ਉਨ੍ਹਾਂ ਨੂੰ ਆਪਣੇ ਹੁਨਰ ਅਤੇ ਆਪਣੇ ਭੋਜਨ 'ਤੇ ਪੂਰਾ ਭਰੋਸਾ ਸੀ।
ਅਮਰ ਸਿੰਘ ਲਈ ਕਾਮਯਾਬੀ ਸਿਰਫ਼ ਰੈਸਟੋਰੈਂਟਾਂ ਦੀ ਗਿਣਤੀ ਨਾਲ ਨਹੀਂ ਮਾਪੀ ਜਾਂਦੀ, ਹਾਲਾਂਕਿ ਇਸ ਵੇਲੇ ਉਹ ਕਈ ਰੈਸਟੋਰੈਂਟਾਂ ਦੇ ਮਾਲਕ ਹਨ।
ਉਹ ਕਹਿੰਦੇ ਹਨ ਕਿ ਜ਼ਿੰਦਗੀ ਨੇ ਉਨ੍ਹਾਂ ਨੂੰ ਇੱਕ ਗੱਲ ਸਿਖਾਈ ਹੈ—ਜੇਕਰ ਵਿਅਕਤੀ ਆਪਣੇ ਹੁਨਰ ਨੂੰ ਨਿਖਾਰਦਾ ਰਹੇ, ਮਿਹਨਤ ਕਰੇ ਅਤੇ ਲੋਕਾਂ ਨੂੰ ਵਧੀਆ ਤਜਰਬਾ ਦੇਣ ਨੂੰ ਪਹਿਲ ਦੇਵੇ, ਤਾਂ ਮੌਕੇ ਆਪਣੇ ਆਪ ਬਣਦੇ ਜਾਂਦੇ ਹਨ।
ਨੌਜਵਾਨਾਂ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨਾਂ ਲਈ ਉਨ੍ਹਾਂ ਦੀ ਸਲਾਹ ਵੀ ਇਸੇ ਤਜਰਬੇ ਤੋਂ ਆਉਂਦੀ ਹੈ।
"ਕਾਰੋਬਾਰ ਹਮੇਸ਼ਾ ਉਸੇ ਖੇਤਰ ਵਿੱਚ ਸ਼ੁਰੂ ਕਰੋ ਜਿਸ ਬਾਰੇ ਤੁਹਾਨੂੰ ਤਜਰਬਾ ਹੋਵੇ," ਉਹ ਕਹਿੰਦੇ ਹਨ। ਉਨ੍ਹਾਂ ਮੁਤਾਬਕ ਤਜਰਬਾ ਹੀ ਮੁਸ਼ਕਲ ਸਮੇਂ ਵਿੱਚ ਸਹੀ ਫ਼ੈਸਲੇ ਲੈਣ ਦਾ ਭਰੋਸਾ ਦਿੰਦਾ ਹੈ।
ਪੂਰੀ ਜਾਣਕਾਰੀ ਲਈ ਇਹ ਇੰਟਰਵਿਊ ਸੁਣੋ...





