ਆਸਟ੍ਰੇਲੀਆ ਦੇ ਫਿੱਟਨੈੱਸ ਐਕਸ-ਪੋਅ ਦੌਰਾਨ ਹੋਏ ICN Melbourne Muscle & Model Show ਵਿੱਚ ਮੈਲਬਰਨ ਰਹਿਣ ਵਾਲੇ ਦਲਵਿੰਦਰ ਸੋਮਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਗਮੇ ਆਪਣੇ ਨਾਮ ਕੀਤੇ ਹਨ। ਇਹ ਮੁਕਾਬਲਾ ਫਿੱਟਨੈੱਸ ਉਦਯੋਗ ਦਾ ਇੱਕ ਵੱਡਾ ਮੰਚ ਮੰਨਿਆ ਜਾਂਦਾ ਹੈ, ਜਿਸ ਵਿੱਚ ਬਾਡੀ-ਬਿਲਡਿੰਗ ਤੋਂ ਇਲਾਵਾ ਕਈ ਹੋਰ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਦਲਵਿੰਦਰ ਦੱਸਦੇ ਹਨ ਕਿ ਇਹ ਉਹਨਾਂ ਦੀ ਜ਼ਿੰਦਗੀ ਦਾ ਪਹਿਲਾ ਬਾਡੀ-ਬਿਲਡਿੰਗ ਮੁਕਾਬਲਾ ਸੀ ਅਤੇ ਪੱਗ ਬੰਨ੍ਹ ਕੇ ਹਿੱਸਾ ਲੈਣਾ, ਉਨ੍ਹਾਂ ਲਈ ਆਪਣੇ ਆਪ ਵਿੱਚ ਇੱਕ ਵੱਖਰਾ ਤਜਰਬਾ ਸੀ।
ਲੁਧਿਆਣਾ ਦੇ ਪਿੰਡ ਸੋਮਲ ਖੇੜੀ ਤੋਂ 2017 ਵਿੱਚ ਆਸਟ੍ਰੇਲੀਆ ਆਏ ਦਲਵਿੰਦਰ ਕਹਿੰਦੇ ਹਨ ਕਿ ਪੱਗ ਬੰਨ੍ਹ ਕੇ ਸਟੇਜ ‘ਤੇ ਜਾਣਾ ਇੱਕ ਵੱਖਰੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਇਸ ਜਿੱਤ ਤੋਂ ਬਾਅਦ ਉਹਨਾਂ ਪੰਜਾਬੀ ਭਾਈਚਾਰੇ ਵੱਲੋਂ ਕਾਫੀ ਸਨਮਾਨ ਮਿਲਿਆ ਹੈ।
"ਸਟੇਜ 'ਤੇ ਉਸ ਵੇਲੇ ਮੈਨੂੰ ਲੱਗਿਆ ਕਿ ਮੈਂ ਇਕੱਲਾ ਨਹੀਂ ਖੜਾ, ਸਾਰਾ ਪੰਜਾਬ, ਮੇਰਾ ਪਰਿਵਾਰ, ਮੇਰੇ ਦੋਸਤ ਮੇਰੇ ਨਾਲ ਖੜ੍ਹੇ ਹਨ,” ਉਨ੍ਹਾਂ ਦੱਸਿਆ।
ਦਲਵਿੰਦਰ ਦੱਸਦੇ ਹਨ ਕਿ ਕਾਲਜ ਦੇ ਦਿਨਾਂ ਵਿੱਚ ਉਹ ਕਾਫ਼ੀ ਪਤਲੇ ਅਤੇ ਸ਼ਰਮੀਲੇ ਸਨ, ਜਿਸ ਕਾਰਨ ਉਹ ਸਵੇਰੇ 4 ਵਜੇ ਜਿਮ ਜਾਂਦੇ ਸਨ ਤਾਂ ਜੋ ਲੋਕਾਂ ਦੀ ਨਿਗਾਹ ਤੋਂ ਬਚ ਸਕਣ। ਹੌਲੀ-ਹੌਲੀ ਇਹ ਆਦਤ ਇੱਕ ਜੁਨੂੰਨ ਵਿੱਚ ਬਦਲ ਗਈ ਅਤੇ ਉਹਨਾਂ ਨੇ ਪਿਛਲੇ 12-13 ਸਾਲਾਂ ਤੋਂ ਮਿਹਨਤ ਜਾਰੀ ਰੱਖੀ ਸੀ।
“ਆਖਰੀ ਇੱਕ-ਦੋ ਸਾਲ ਮੈਂ ਇਸ ਮੁਕਾਬਲੇ ਲਈ ਖਾਸ ਤਿਆਰੀ ਕੀਤੀ ਸੀ। ਬਾਡੀਬਿਲਡਿੰਗ ਇੱਕ ਅਜਿਹੀ ਖੇਡ ਹੈ ਹੈ ਜਿਸ ਵਿੱਚ 24 ਘੰਟੇ ਅਨੁਸ਼ਾਸਨ ਚਾਹੀਦਾ ਹੈ, ਖਾਣ-ਪੀਣ ਤੋਂ ਲੈ ਕੇ ਟ੍ਰੇਨਿੰਗ ਯਾਨੀ ਸਿਖਲਾਈ ਤੱਕ ਹਰ ਚੀਜ਼ ‘ਤੇ ਧਿਆਨ ਦੇਣਾ ਪੈਂਦਾ ਹੈ", ਉਨ੍ਹਾਂ ਕਿਹਾ।

ਉਹਨਾਂ ਮੁਤਾਬਿਕ ਪ੍ਰਵਾਸੀ ਪਰਿਵਾਰਾਂ ਵਿੱਚ ਸਮੇਂ ਦਾ ਪ੍ਰਬੰਧਨ (Time Management) ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ। ਉਹਨਾਂ ਦੇ ਇਸ ਸਫ਼ਰ ਵਿੱਚ ਪਰਿਵਾਰ ਦਾ ਯੋਗਦਾਨ ਵੀ ਬਹੁਤ ਵੱਡਾ ਰਿਹਾ ਹੈ। ਦਲਵਿੰਦਰ ਦੱਸਦੇ ਹਨ ਕਿ ਉਹ ਪੂਰਾ ਸਮਾਂ ਕੰਮ ਕਰਨ ਦੇ ਨਾਲ ਆਪਣੀ ਪਰਿਵਾਰਿਕ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ ਅਤੇ ਉਹਨਾਂ ਦੀ ਪਤਨੀ, ਮਾਪੇ ਅਤੇ ਦੋ ਛੋਟੀਆਂ ਧੀਆਂ ਨੇ ਇਸ ਦੌਰਾਨ ਪੂਰਾ ਸਾਥ ਦਿੱਤਾ ਹੈ।
ਉਹ ਕਹਿੰਦੇ ਹਨ ਕਿ ਉਹਨਾਂ ਦੀ ਸਖਤ ਖ਼ੁਰਾਕ ਦੇ ਦੌਰਾਨ ਘਰ ਦੇ ਹੋਰ ਮੈਂਬਰਾਂ ਨੇ ਵੀ ਆਪਣੀ ਜੀਵਨ ਸ਼ੈਲੀ ਨੂੰ ਬਦਲਿਆ, ਤਾਂ ਜੋ ਉਹ ਆਪਣੇ ਟੀਚੇ ‘ਤੇ ਕੇਂਦ੍ਰਿਤ ਰਹਿ ਸਕਣ ਅਤੇ ਉਹਨਾਂ ਦੇ ਬੱਚੇ ਵੀ ਹੁਣ ਸਮਝਦੇ ਹਨ ਕਿ ਤੰਦਰੁਸਤ ਜੀਵਨ ਸ਼ੈਲੀ ਕੀ ਹੁੰਦੀ ਹੈ।
ਨੌਕਰੀ, ਪਰਿਵਾਰ ਅਤੇ ਸਿਖਲਾਈ ਵਿੱਚਕਾਰ ਸੰਤੁਲਨ ਬਣਾਉਣਾ ਆਸਾਨ ਨਹੀਂ, ਪਰ ਜੇ ਤੁਸੀਂ ਆਪਣਾ ਸਮਾਂ ਠੀਕ ਤਰੀਕੇ ਨਾਲ ਮੈਨੈਜ ਕਰੋ, ਤਾਂ ਤੁਸੀਂ ਆਪਣੀ ਮੰਜ਼ਿਲ ਹਾਸਲ ਕਰ ਸਕਦੇ ਹੋ।Dalwinder Somal
ਉਹਨਾਂ ਅਨੁਸਾਰ "ਅਸੀਂ ਵਿਦੇਸ਼ ਚੰਗੀ ਜ਼ਿੰਦਗੀ ਅਤੇ ਪੈਸਾ ਕਮਾਉਣ ਲਈ ਆਉਂਦੇ ਹਾਂ, ਪਰ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਹੀ ਜ਼ਰੂਰੀ ਹੈ।"
ਸੁਣੋ ਦਲਵਿੰਦਰ ਸੋਮਲ ਦੀ ਇਹ ਕਹਾਣੀ ਇਸ ਪੌਡਕਾਸਟ ਰਾਹੀਂ...
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





