ਪੰਜਾਬ ਦੇ ਗੁਰਦਾਸਪੁਰ ਸ਼ਹਿਰ ਦੀ ਜੰਮਪਲ, ਗੁਲਸ਼ਨ ਗੁਰਾਇਆ ਕਰੀਬ ਇੱਕ ਦਹਾਕਾ ਪਹਿਲਾਂ ਆਸਟ੍ਰੇਲੀਆ ਆਈ ਸੀ।
ਕੁਝ ਸਾਲ ਇੱਕ ਮੇਕ-ਅੱਪ ਆਰਟਿਸਟ ਵਜੋਂ ਕੰਮ ਕਰਨ ਤੋਂ ਬਾਅਦ, ਉਹ ਹੁਣ ਜਨਤਕ ਆਵਾਜਾਈ ਦੇ ਖੇਤਰ ਵਿੱਚ ਇੱਕ ਟ੍ਰੈਮ ਡਰਾਈਵਰ ਵਜੋਂ ਕੰਮ ਕਰਦੀ ਹੈ।
ਕੁਝ ਸਾਲ ਇੱਕ ਮੇਕ-ਅੱਪ ਆਰਟਿਸਟ ਵਜੋਂ ਕੰਮ ਕਰਨ ਤੋਂ ਬਾਅਦ, ਉਹ ਹੁਣ ਜਨਤਕ ਆਵਾਜਾਈ ਦੇ ਖੇਤਰ ਵਿੱਚ ਇੱਕ ਟ੍ਰੈਮ ਡਰਾਈਵਰ ਵਜੋਂ ਕੰਮ ਕਰਦੀ ਹੈ।
ਸ਼੍ਰੀਮਤੀ ਗੁਰਾਇਆ ਕਹਿੰਦੀ ਹੈ ਕਿ ਹਾਲਾਂਕਿ ਟ੍ਰੈਮ ਚਲਾਉਣਾ ਵੀ ਦੂਜੇ ਕੰਮਾਂ ਵਰਗਾ ਆਮ ਕੰਮ ਹੈ ਪਰ ਉਹ ਆਪਣੀ ਕਹਾਣੀ ਜ਼ਰੀਏ ਹੋਰ ਔਰਤਾਂ ਨੂੰ ਕੁਝ ਵੱਖਰਾ ਕਰਨ ਲਈ ਪ੍ਰੇਰਿਤ ਕਰਨ ਦੀ ਉਮੀਦ ਰੱਖਦੀ ਹੈ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ, ਸ਼੍ਰੀਮਤੀ ਗੁਰਾਇਆਂ ਨੇ ਕਿਹਾ ਕਿ ਉਸਨੇ ਕਈ ਤਰ੍ਹਾਂ ਦੇ ਵੱਖੋ-ਵੱਖਰੇ ਪੇਸ਼ਿਆਂ ਵਿੱਚ ਕੰਮ ਕੀਤਾ ਹੈ ਕਿਉਂਕਿ ਉਸਨੂੰ ਨਵੀਆਂ ਚੀਜ਼ਾਂ ਦਾ ਅਨੁਭਵ ਕਰਨਾ ਕਾਫ਼ੀ ਪਸੰਦ ਹੈ।

I’m a dental hygienist as per what I’ve studied but I’ve also been working as a make-up artist for the last 8 years now. Source: Supplied by Gulshan Goraya
“ਮੈਂ ਇੱਕ ਡੈਂਟਲ ਹਾਈਜਨਿਸਟ ਦੀ ਪੜ੍ਹਾਈ ਕੀਤੀ ਹੋਈ ਹੈ, ਪਰ ਮੈਂ ਪਿਛਲੇ ਲਗਭਗ ਅੱਠ ਸਾਲਾਂ ਤੋਂ ਮੇਕਅੱਪ ਆਰਟਿਸਟ ਵਜੋਂ ਕੰਮ ਕਰ ਰਹੀ ਹਾਂ।"
“ਮੈਨੂੰ ਜ਼ਿੰਦਗੀ ਦੇ ਨਵੇਂ ਤਜ਼ਰਬਿਆਂ ਨਾਲ ਹਮੇਸ਼ਾ ਤੋਂ ਹੀ ਮੋਹ ਰਿਹਾ ਹੈ ਅਤੇ ਇਸੇ ਲਈ ਮੈਂ ਪਬਲਿਕ ਟਰਾਂਸਪੋਰਟ ਸੈਕਟਰ ਵਿੱਚ ਸ਼ਮੂਲੀਅਤ ਕੀਤੀ ਅਤੇ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਟ੍ਰੈਮ ਡਰਾਈਵਰ ਵਜੋਂ ਕੰਮ ਕਰ ਰਹੀ ਹਾਂ,” ਸ਼੍ਰੀਮਤੀ ਗੁਰਾਇਆ ਨੇ ਕਿਹਾ।
37 ਸਾਲ ਦੀ ਉਮਰ ਵਿੱਚ, ਦੋ ਬੱਚਿਆਂ ਦੀ ਇਹ ਮਾਂ ਟਰਾਂਸਪੋਰਟ ਉਦਯੋਗ ਨਾਲ ਜੁੜੇ 'ਰੂੜ੍ਹੀਵਾਦੀ ਵਿਚਾਰਾਂ' ਨੂੰ ਖਤਮ ਕਰਨ ਦੀ ਉਮੀਦ ਕਰ ਰਹੀ ਹੈ।
ਉਸਨੇ ਕਿਹਾ ਕਿ, "ਹਾਲਾਂਕਿ ਟ੍ਰੈਮ ਚਲਾਉਣਾ ਬੜਾ ਹੀ ਆਸਾਨ ਕੰਮ ਲਗਦਾ ਹੈ, ਪਰ ਇਸ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜੁੜੀਆਂ ਹੋਈਆਂ ਹਨ ਕਿਉਂਕਿ ਤੁਹਾਨੂੰ ਟ੍ਰੈਮ ਚਲਾਉਂਦੇ ਸਮੇਂ ਹਰੇਕ ਪਲ ਟ੍ਰੈਕ ਦਾ ਖ਼ਿਆਲ ਰੱਖਣ ਦੀ ਲੋੜ ਹੁੰਦੀ ਹੈ।"

Gulshan says she has received special praise from people within the community and that’s what she feels she has really earned. Source: Supplied by Gulshan Goraya
"ਟ੍ਰੈਮ ਚਲਾਉਣਾ ਕਿਸੇ ਵੀ ਹੋਰ ਸੜਕੀ ਆਵਾਜਾਈ ਦੇ ਸਾਧਨ ਨੂੰ ਚਲਾਉਣ ਨਾਲੋਂ ਬਹੁਤ ਹੀ ਵੱਖਰਾ ਹੈ, ਜਦੋਂ ਤੁਸੀਂ ਡਰਾਈਵਰ ਸੀਟ ਤੇ ਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਪਲ ਲਈ ਆਪਣਾ ਧਿਆਨ ਭਟਕਾ ਨਹੀਂ ਸਕਦੇ ਕਿਉਂਕਿ ਟ੍ਰੈਮ ਨੂੰ ਸਹੀ ਦਿਸ਼ਾ ਲਿਜਾਣ ਲਈ ਤੁਹਾਨੂੰ ਖੁਦ ਨੂੰ ਟ੍ਰੈਕ ਬਦਲਣਾ ਪੈਂਦਾ ਹੈ," ਸ਼੍ਰੀਮਤੀ ਗੁਰਾਇਆ ਨੇ ਕਿਹਾ।
"ਇਸ ਲਈ ਮੈਂ ਆਪਣੇ ਕੰਮ ਨੂੰ ਬੜੀ ਹੀ ਗੰਭੀਰਤਾ ਨਾਲ ਲੈਂਦੀ ਹਾਂ ਅਤੇ ਹਰ ਸਮੇਂ ਆਪਣਾ ਧਿਆਨ ਪੂਰਾ ਸਥਿਰ ਰੱਖਦੀ ਹਾਂ ਕਿਉਂਕਿ ਮੇਰੇ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੀ ਮੰਜ਼ਿਲ ਤੇ ਪਹੁੰਚਾਉਣਾ ਮੇਰਾ ਫਰਜ਼ ਹੈ।"
ਆਪਣੀ ਇਸ ਨੌਕਰੀ ਲਈ ਆਪਣੇ ਪਿਆਰ ਬਾਰੇ ਗੱਲ ਕਰਦਿਆਂ ਸ਼੍ਰੀਮਤੀ ਗੁਰਾਇਆ ਨੇ ਕਿਹਾ ਕਿ ਦੁਨੀਆ ਉੱਤੇ ਅਜਿਹਾ ਕੋਈ ਵੀ ਕੰਮ ਨਹੀਂ ਹੈ ਜੋ ਇੱਕ ਔਰਤ ਨਹੀਂ ਕਰ ਸਕਦੀ।
"ਕਿਸੇ ਨੂੰ ਕਦੇ ਵੀ ਉਮੀਦ ਅਤੇ ਹੋਂਸਲਾ ਨਹੀਂ ਗੁਆਉਣਾ ਚਾਹੀਦਾ। ਸਮਾਂ ਬਦਲਦਾ ਜਾ ਰਿਹਾ ਹੈ ਅਤੇ ਹੁਣ ਇਹ ਦਿਖਾਉਣ ਦਾ ਸਮਾਂ ਹੈ ਕਿ ਇੱਕ ਔਰਤ ਕੀ ਕੁਝ ਕਰਨ ਦੇ ਸਮਰੱਥ ਹੈ," ਸ਼੍ਰੀਮਤੀ ਗੁਰਾਇਆ ਨੇ ਕਿਹਾ।
ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।