ਜ਼ਿਲ੍ਹਾ ਪੱਧਰੀ ਅਤੇ ਆਸਟ੍ਰੇਲੀਆ ਦੀ ਘਰੇਲੂ ਟੀ-20 ਵੂਮੈਨ ਬਿਗ ਬੈਸ਼ ਲੀਗ ਵਿੱਚ ਸਫਲ ਕ੍ਰਿਕੇਟ ਪ੍ਰਦਰਸ਼ਨ 'ਤੋਂ ਬਾਅਦ ਨੌਜਵਾਨ ਖਿਡਾਰਨ ਹਸਰਤ ਗਿੱਲ ਹੁਣ ਆਸਟ੍ਰੇਲੀਆ ਦੀ ਅੰਡਰ-19 ਕ੍ਰਿਕਟ ਟੀਮ 'ਚ ਸ਼ਾਮਿਲ ਹੋ ਗਈ ਹੈ।
ਲੈੱਗ ਸਪਿੰਨ ਆਲਰਾਊਂਡਰ ਹਸਰਤ ਨੂੰ ਮਾਰਚ, 2024 ਵਿੱਚ ਸ਼੍ਰੀਲੰਕਾ ਦੇ ਦੌਰੇ ਲਈ ਆਸਟਰੇਲੀਆਈ ਅੰਡਰ 19 ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਦੌਰਾ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੇ ਆਈਸੀਸੀ ਮਹਿਲਾ ਅੰਡਰ 19 ਵਿਸ਼ਵ ਕੱਪ ਲਈ ਇੱਕ ਪ੍ਰਮੁੱਖ ਲੀਡ-ਅੱਪ ਹੋਵੇਗਾ, ਜਿਸ ਵਿੱਚ ਗਿੱਲ ਨੂੰ ਉਮੀਦ ਹੈ ਕਿ ਉਹ ਵਿਸ਼ਵ ਕੱਪ ਵਿੱਚ ਵੀ ਆਸਟਰੇਲੀਆ ਦੀ ਨੁਮਾਇੰਦਗੀ ਕਰੇਗੀ।
ਜ਼ਿਕਰਯੋਗ ਹੈ ਕਿ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਨਿਪੁੰਨ ਹਸਰਤ ਵਿਕਟੋਰੀਅਨ ਪ੍ਰੀਮੀਅਰ ਕ੍ਰਿਕੇਟ (ਸੀਜ਼ਨ 2021/22) ਵਿੱਚ ਮੈਲਬੌਰਨ ਕ੍ਰਿਕੇਟ ਕਲੱਬ ਲਈ ਹੈਟ੍ਰਿਕ ਲਈ ਅਤੇ 26 ਵਿਕਟਾਂ ਦੇ ਨਾਲ ਸਭ ਤੋਂ ਵੱਧ ਵਿਕਟ ਲੈਣ ਵਾਲੀ ਸਰਵੋਤਮ ਖਿਡਾਰੀ ਸੀ ਅਤੇ ਵਿਕਟੋਰੀਆਂ ਪ੍ਰੀਮਿਅਰ ਕ੍ਰਿਕੇਟ ਲੀਗ 2023-2024 ਸੀਜ਼ਨ ਦੀ ਸਰਵੋਤਮ ਖਿਡਾਰੀ ਵੀ ਰਹੀ ਹੈ।
ਹਸਰਤ ਨੂੰ 13 ਸਾਲ ਦੀ ਉਮਰ ਵਿੱਚ ਕਲੱਬ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਮੈਲਬੌਰਨ ਜ਼ਿਲ੍ਹਾ ਪ੍ਰੀਮੀਅਰ 1 ਲਈ ਚੁਣਿਆ ਗਿਆ ਸੀ ਅਤੇ ਇਤਿਹਾਸ ਰਚਦਿਆਂ ਮੈਲਬੌਰਨ ਕ੍ਰਿਕਟ ਕਲੱਬ ਵਿੱਚ ਪਹਿਲੇ ਸਾਲ ਵਿੱਚ 'ਮੋਸਟ ਵੇਲੂਏਬਲ ਪਲੇਅਰ' ਨਾਲ ਸਨਮਾਨਿਤ ਕੀਤਾ ਗਿਆ ਸੀ। ਜਿਸ ਨਾਲ ਉਹ ਇਹ ਵੱਕਾਰੀ ਪੁਰਸਕਾਰ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਬਣ ਗਈ ਸੀ ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਹਸਰਤ ਦੀ ਮਾਂ ਜਗਰੂਪ ਗਿੱਲ ਦਾ ਕਹਿਣਾ ਹੈ ਹਸਰਤ ਦਾ ਜਨਮ ਪੰਜਾਬ ਵਿੱਚ ਹੋਇਆ ਸੀ ਅਤੇ ਉਹ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ 2008 ਵਿੱਚ ਪੰਜਾਬ ਦੇ ਅੰਮ੍ਰਿਤਸਰ ਲਾਗੇ ਪੈਂਦੇ ਪਿੰਡ ਬਾਸਰਕੇ ਤੋਂ ਆਸਟ੍ਰੇਲੀਆ ਆਏ ਸੀ।

"ਹਰ ਪ੍ਰਾਪਤੀ ਸਖ਼ਤ ਮਿਹਨਤ ਨਾਲ ਮਿਲਦੀ ਹੈ ਤੇ ਸਾਨੂੰ ਆਪਣੀ ਧੀ ਦੀਆਂ ਪ੍ਰਾਪਤੀਆਂ 'ਤੇ ਬਹੁਤ ਮਾਣ ਹੈ," ਸ਼੍ਰੀਮਤੀ ਜਗਰੂਪ ਗਿੱਲ ਨੇ ਕਿਹਾ।
ਜ਼ਿਕਰਯੋਗ ਹੈ ਕਿ ਹਸਰਤ ਕ੍ਰਿਕੇਟ ਦੇ ਨਾਲ ਨਾਲ ਆਰਕੀਟੈਕਚਰ ਦੀ ਪੜਾਈ ਵੀ ਕਰ ਰਹੀ ਹੈ।
ਪੂਰੀ ਗੱਲਬਾਤ ਇੱਥੇ ਸੁਣੋ:







