26 ਜਨਵਰੀ 2021 ਨੂੰ ਨਵੀਂ ਦਿੱਲੀ ਵਿਖੇ ਹੋਈ ਟ੍ਰੈਕਟਰ ਰੈਲੀ ਦੌਰਾਨ ਨਵਰੀਤ ਸਿੰਘ ਦੀ ਮੌਤ ਪਿੱਛੋਂ ਉਸਦਾ ਪਰਿਵਾਰ ਅੱਜ ਵੀ ਸਦਮੇ ਵਿੱਚ ਹੈ।
ਪਰਿਵਾਰ ਨੇ ਦਿੱਲੀ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਹੈ ਕਿ ਉਸਦੀ ਮੌਤ ਪੁਲਿਸ ਦੀ ਗੋਲੀਬਾਰੀ ਕਾਰਨ ਹੋਈ ਹੈ ਜਿਸਨੂੰ ਕਿ ਦਿੱਲੀ ਪੁਲਿਸ ਵੱਲੋਂ ਨਕਾਰਿਆ ਗਿਆ ਹੈ।
ਨਵਰੀਤ ਸਿੰਘ ਜੋ ਮੈਲਬੌਰਨ ਵਿੱਚ ਅੰਤਰਾਸ਼ਟਰੀ ਵਿਦਿਆਰਥੀ ਵਜੋਂ ਰਹਿੰਦਾ ਰਿਹਾ ਹੈ ਆਪਣੀ ਨਵ-ਵਿਆਹੀ ਪਤਨੀ ਨਾਲ 2019 ਦੇ ਅਖੀਰ ਵਿੱਚ ਵਿਆਹ ਦੀ ਪਾਰਟੀ ਲਈ ਭਾਰਤ ਪਰਤਿਆ ਸੀ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਨੇ ਦੱਸਿਆ ਕਿ ਕਿ ਉਹ ਵੀਜ਼ਾ ਪ੍ਰਕਿਰਿਆ ਵਿੱਚ ਹੋ ਰਹੀ ਦੇਰੀ ਕਾਰਣ ਅਜੇ ਭਾਰਤ ਵਿੱਚ ਹੀ ਸੀ ਜਦਕਿ ਉਸਦੀ ਪਤਨੀ ਆਪਣੀ ਪੜ੍ਹਾਈ ਕਰਨ ਲਈ ਮੈਲਬੌਰਨ ਵਾਪਸ ਚਲੀ ਗਈ ਸੀ।
"ਉਹ ਆਸਟ੍ਰੇਲੀਆ ਵਿੱਚ ਖੁਸ਼ਹਾਲ ਜ਼ਿੰਦਗੀ ਬਤੀਤ ਕਰਨ ਦੀ ਇੱਛਾ ਰੱਖਦਾ ਸੀ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ," ਉਨ੍ਹਾਂ ਕਿਹਾ।

ਨਵਰੀਤ ਦੇ ਪਰਿਵਾਰ ਨੇ ਫਰਵਰੀ ਵਿਚ ਉਸ ਦੀ ਮੌਤ ਪਿਛਲੇ ਕਾਰਨਾਂ ਨੂੰ ਜਾਨਣ ਲਈ 'ਵਿਸ਼ੇਸ਼ ਜਾਂਚ ਟੀਮ (ਐਸਆਈਟੀ)' ਦੀ ਮੰਗ ਲਈ ਦਿੱਲੀ ਹਾਈਕੋਰਟ ਪਹੁੰਚ ਕੀਤੀ ਹੈ।
ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਨਵਰੀਤ ਨੂੰ ਪੁਲਿਸ ਨੇ ਕਥਿਤ ਤੌਰ ਉੱਤੇ 'ਗੋਲੀ ਮਾਰ ਦਿੱਤੀ ਜਿਸ ਕਾਰਨ ਉਹ ਟਰੈਕਟਰ ਦਾ ਕੰਟਰੋਲ ਗੁਆ ਬੈਠਾ ਜੋ ਫਿਰ ਪੁਲਿਸ ਦੀਆਂ ਬੈਰੀਕੇਡਾਂ ਤੋੜਦਾ ਹੋਇਆ ਪਲਟ ਗਿਆ'।
ਪਰਿਵਾਰ ਨੇ ਦੋਸ਼ ਲਾਇਆ ਕਿ “ਉਹ ਪਲਟੇ ਟਰੈਕਟਰ ਹੇਠਾਂ ਗੰਭੀਰ ਜ਼ਖਮੀ ਹਾਲਤ ਵਿੱਚ ਪਿਆ ਸੀ। ਪਰ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਦੇ ਬਾਵਜੂਦ, ਦਿੱਲੀ ਪੁਲਿਸ ਵੱਲੋਂ ਉਸ ਦੀ ਜਾਨ ਬਚਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ,” ਉਨ੍ਹਾਂ ਕਿਹਾ।
"ਇਸ ਦੀ ਬਜਾਏ, ਦਿੱਲੀ ਪੁਲਿਸ ਨੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਉਸ ਜਗ੍ਹਾ 'ਤੇ ਪਹੁੰਚਣ ਤੋਂ ਰੋਕਣ ਲਈ ਅੱਥਰੂ ਗੈਸ ਦੀ ਗੋਲੀਬਾਰੀ ਦਾ ਸਹਾਰਾ ਲਿਆ, ਜਿੱਥੇ ਨਵਰੀਤ ਦੀ ਲਾਸ਼ ਟਰੈਕਟਰ ਹੇਠਾਂ ਦਬੀ ਹੋਈ ਸੀ।"
ਦਿੱਲੀ ਪੁਲਿਸ ਦਾ ਦਾਅਵਾ ਹੈ ਕਿ ਨਵਰੀਤ ਦੀ ਮੌਤ ਉਸ ਵੇਲੇ ਹੋਈ ਜਦੋਂ ਉਸ ਦਾ “ਤੇਜ਼ ਰਫ਼ਤਾਰ” ਟਰੈਕਟਰ ਬੈਰੀਕੇਡਾਂ ਨਾਲ ਟਕਰਾਉਣ ਤੋਂ ਬਾਅਦ ਪਲਟ ਗਿਆ, ਜੋਕਿ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਰੱਖੇ ਗਏ ਸਨ।
ਪੁਲਿਸ ਨੇ ਇਸ ਸਿਲਸਿਲੇ ਵਿੱਚ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੀ ਸੀ।
ਉੱਤਰ ਪ੍ਰਦੇਸ਼ ਸਿਵਲ ਹਸਪਤਾਲ ਰਾਮਪੁਰ ਵਿਖੇ ਇੱਕ ਮੈਡੀਕਲ ਪੈਨਲ ਵੱਲੋਂ ਤਿਆਰ ਕੀਤੀ ਪੋਸਟ ਮਾਰਟਮ ਰਿਪੋਰਟ ਵਿੱਚ ਇਹ ਸਿੱਟਾ ਕੱਢਿਆ ਗਿਆ ਕਿ ਨਵਰੀਤ ਦੀ ਮੌਤ ਹਾਦਸੇ ਦੌਰਾਨ ਸਿਰ ਉੱਤੇ ਲੱਗੀ ਗੰਭੀਰ ਸੱਟ ਕਾਰਨ ਹੋਈ ਹੈ।
ਦਿੱਲੀ ਹਾਈਕੋਰਟ ਦੀ ਪਿਛਲੀ ਸੁਣਵਾਈ 15 ਅਪ੍ਰੈਲ ਨੂੰ ਸੀ ਜਿਸ ਦੌਰਾਨ ਕੇਸ ਨਾਲ਼ ਸਬੰਧਿਤ ਐਕਸਰੇ ਰਿਪੋਰਟਾਂ ਵੀ ਦਿਖਾਈਆਂ ਗਈਆਂ ਅਤੇ ਅਦਾਲਤ ਨੂੰ ਦੱਸਿਆ ਗਿਆ ਕਿ ਨਵਰੀਤ ਦੇ ਸਿਰ ਉੱਤੇ ‘ਗੋਲੀ ਲੱਗਣ ਦੇ ਸਬੂਤ ਨਹੀਂ ਮਿਲਦੇ’।

ਹਾਈਕੋਰਟ ਨੂੰ ਦਿੱਤੀ ਆਪਣੀ ਪਟੀਸ਼ਨ ਵਿੱਚ ਸ੍ਰੀ ਡਿਬਡਿਬਾ ਨੇ ਆਪਣੇ ਪੋਤੇ ਦੀ ਮੌਤ ਸਬੰਧੀ ‘ਉੱਚ ਪੱਧਰੀ ਜਾਂਚ’ ਦੀ ਮੰਗ ਕੀਤੀ ਹੈ।
ਉਨ੍ਹਾਂ ਦੀ ਵਕੀਲ ਵਰਿੰਦਾ ਗਰੋਵਰ ਨੇ ਇਸ ਘਟਨਾ ਦੇ ਚਸ਼ਮਦੀਦ ਗਵਾਹਾਂ ਅਤੇ ਵੱਖ-ਵੱਖ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਉਸਦੀ ਮੌਤ ਪਿਛਲਾ ਕਾਰਨ ਪੁਲਿਸ ਦੀ ਗੋਲੀਬਾਰੀ ਨੂੰ ਦੱਸਿਆ ਹੈ।
ਐਸ ਬੀ ਐਸ ਪੰਜਾਬੀ ਨਾਲ ਆਪਣੀ ਇੰਟਰਵਿਊ ਦੌਰਾਨ ਸ੍ਰੀ ਡਿਬਡਿਬਾ ਨੇ ਜ਼ਿਕਰ ਕੀਤਾ ਕਿ ਲੰਡਨ ਦੇ ਮਾਹਿਰ ਪੈਥੋਲੋਜੀ ਡਾਕਟਰ ਬੇਸਿਲ ਪਰਡੂ ਨੇ ਦਿ ਗਾਰਡੀਅਨ ਨੂੰ ਦਿੱਤੀ ਇੰਟਰਵਿਊ ਦੌਰਾਨ ਵੀ ਇਹਨਾਂ ਤੱਥਾਂ ਦਾ ਜ਼ਿਕਰ ਕੀਤਾ ਸੀ।
![Sikh community in Melbourne paid tribute to Navreet Singh by holding a religious ceremony at the Gurdwara [Sikh Temple] in Craigieburn.](https://images.sbs.com.au/drupal/yourlanguage/public/cregi.jpg?imwidth=1280)
ਇਸ ਦੌਰਾਨ ਪਿਛਲੇ ਮਹੀਨੇ ਮੈਲਬੌਰਨ ਕਰਰੇਗੀਬਰਨ ਗੁਰਦਵਾਰਾ ਸਾਹਿਬ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਸਥਾਨਕ ਭਾਈਚਾਰੇ ਵੱਲੋਂ ਨਵਰੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਜਿਸ ਵਿੱਚ ਮ੍ਰਿਤਕ ਦੀ ਮੈਲਬੌਰਨ-ਰਹਿੰਦੀ ਪਤਨੀ ਵੀ ਸ਼ਾਮਿਲ ਹੋਈ।
ਦਿੱਲੀ ਹਾਈਕੋਰਟ ਵਿਚਲੇ ਕੇਸ ਦੀ ਅਗਲੀ ਸੁਣਵਾਈ ਮਈ ਵਿੱਚ ਨਿਰਧਾਰਤ ਕੀਤੀ ਗਈ ਹੈ।
ਪੂਰੀ ਜਾਣਕਾਰੀ ਲਈ ਹਰਦੀਪ ਸਿੰਘ ਡਿਬਡਿਬਾ ਨਾਲ਼ ਕੀਤੀ ਇਹ ਗੱਲਬਾਤ ਸੁਣੋ
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।








