ਧੋਖਾਧੜੀ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਨੇ ਸਿਡਨੀ ਦੇ ਇੱਕ ਕਾਰੋਬਾਰੀ ਲੂਬੋ ਜੈਕ ਰੈਸਕੋਵਿੱਕ ਦੇ ਦਫਤਰ ਉੱਤੇ ਛਾਪਾ ਮਾਰਿਆ ਹੈ। ਇਥੇ ਯਾਦ ਦਿਵਾਉਣਾ ਵਾਜਬ ਹੋਵੇਗਾ ਕਿ ਇਹ ਲੂਬੋ ਜੈਕ ਰੈਸਕੋਵਿਕ ਉਹੀ ਵਿਅਕਤੀ ਹਨ ਜਿਸ ਦੇ ਕਈ ਮਿਲੀਅਨ ਡਾਲਰਾਂ ਵਾਲੇ ਵੀਜ਼ਾ ਘਪਲਿਆਂ ਬਾਬਤ, ਪਿਛਲੇ ਸਾਲ ਐਸ ਬੀ ਐਸ ਅਤੇ ਫੇਅਰਫੈਕਸ ਨੇ ਮਿਲ ਪਰਦਾਫਾਸ਼ ਕੀਤਾ ਸੀ।
ਕੂਈਨਜ਼ਲੈਂਡ ਦੇ ਫਰਾਡ ਐਂਡ ਸਾਈਬਰ ਕਰਾਈਮ ਗਰੁੱਪ ਨੇ ਨਿਊ ਸਾਊਥ ਵੇਲਜ਼ ਦੀ ਪੁਲਿਸ ਨਾਲ ਮਿਲ ਕੇ ਇਸ ਮਹੀਨੇ ਗਲੋਬਲ ਸਕਿਲਸ ਐਂਡ ਬਿਸਨਸ ਸਰਵਿਸਿਸ ਨਾਮਕ ਅਦਾਰੇ ਦੇ ਬੋਲਕਮ ਹਿਲਜ਼ ਵਾਲੇ ਦਫਤਰ ਵਿੱਚ ਇੱਕ ਸਰਚ ਵਾਰੰਟ ਉੱਤੇ ਅਮਲ ਕੀਤਾ ਹੈ।
ਇਸ ਛਾਪੇ ਦੋਰਾਨ ਜਿਹੜੇ ਦਸਤਾਵੇਜ਼ ਅਤੇ ਕੰਪਿਊਟਰ ਜਬਤ ਕੀਤੇ ਗਏ ਹਨ, ਉਹਨਾਂ ਨੂੰ ਹੁਣ ਇਸ ਕੰਪਨੀ ਅਤੇ ਇਸ ਦੇ ਡਾਇਰੇਕਟ ਸ਼੍ਰੀ ਰੈਸਕੋਵਿੱਕ ਉੱਤੇ ਚੱਲ ਰਹੀ ਜਾਂਚ ਵਾਸਤੇ ਵਰਤਿਆ ਜਾਵੇਗਾ।
ਸਾਬਕਾ ਗਾਹਕਾਂ ਨੇ ਐਸ ਬੀ ਐਸ ਅਤੇ ਫੇਅਰਫੈਕਸ ਨੂੰ ਦੱਸਿਆ ਸੀ ਕਿ ਗਲੋਬਲ ਸਕਿਲਸ ਐਂਡ ਬਿਸਨਸ ਸਰਵਿਸਿਸ ਨੇ ਕਈ ਪ੍ਰਵਾਸੀਆਂ ਨੂੰ ਅਜਿਹੀਆਂ ਨੋਕਰੀਆਂ ਲੱਭ ਕੇ ਦੇਣ ਦਾ ਵਾਦਾ ਕੀਤਾ ਸੀ ਜਿਸ ਦੁਆਰਾ ਉਹਨਾਂ ਨੂੰ ਇਸ ਮੁਲਕ ਵਿੱਚ ਪਰਮਾਨੈਂਟ ਰੈਸੀਡੈਂਸੀ ਮਿੱਲ ਸਕਦੀ ਸੀ। ਅਤੇ ਇਸ ਦੇ ਬਦਲੇ ਇਸ ਕੰਪਨੀ ਨੇ 70,000 ਡਾਲਰਾਂ ਤੱਕ ਦੀ ਫੀਸ ਮੰਗੀ ਸੀ।
ਇਸ ਅਦਾਰੇ ਨੇ ਰੁਜ਼ਗਾਰ ਦਾਤਾਵਾਂ ਨੂੰ ਵੀ ਨੋਕਰੀ ਅਤੇ ਵੀਜ਼ਾ ਦੇਣ ਦੇ ਬਦਲੇ ਨਕਦ ਪੈਸੇ ਦੇਣ ਦੀ ਪੇਸ਼ਕਸ਼ ਕੀਤੀ ਸੀ।
ਸਾਬਕਾ ਗਾਹਕ ਜਿਨ੍ਹਾਂ ਵਿੱਚ ਜਿਆਦਾਤਰ ਭਾਰਤੀ ਹੀ ਸਨ, ਨੇ ਕਈ ਮਹੀਨਿਆਂ ਤੱਕ ਸ਼੍ਰੀ ਰੈਸਕੋਵਿੱਕ ਵਲੋਂ ਨੋਕਰੀ ਮਿਲਣ ਦੀ ਆਸ ਰੱਖੀ ਪਰ ਅੰਤ ਵਿੱਚ ਉਹਨਾਂ ਨੇ ਆਪਣੇ ਪੈਸੇ ਵਾਪਸ ਮੰਗਣ ਵਿੱਚ ਹੀ ਭਲਾਈ ਸਮਝੀ, ਪਰ ਇਹਨਾਂ ਦਾ ਇਹ, ਆਪਣਾ ਪੈਸਾ ਉਹਨਾਂ ਨੂੰ ਵਾਪਸ ਕਦੀ ਵੀ ਪੂਰਾ ਨਹੀਂ ਮਿਲਿਆ ਅਤੇ ਕਈ ਮਾਮਲਿਆਂ ਵਿੱਚ ਤਾਂ ਇੱਕ ਪੈਸਾ ਵੀ ਵਾਪਸ ਨਹੀਂ ਕੀਤਾ ਗਿਆ।
ਤੇ ਇਸ ਤੋਂ ਵੀ ਬੁਰੇ ਹਾਲਾਤ ਉਸ ਸਮੇਂ ਬਣ ਗਏ ਜਦੋਂ ਗਲੋਬਲ ਸਕਿਲਸ ਐਂਡ ਬਿਸਨਸ ਸਰਵਿਸਿਸ ਨੂੰ ਪਿਛਲੇ ਸਾਲ ਸਤੰਬਰ ਵਿੱਚ ਦੀਵਾਲੀਆ ਘੋਸ਼ਤ ਕਰ ਦਿੱਤਾ ਗਿਆ ਸੀ। ਇਸ ਸਮੇ ਇਸ ਉੱਤੇ ਲਗਭਗ 2.5 ਮਿਲਿਅਨ ਦੇ ਕਰਜੇ ਦਰਸਾਏ ਗਏ ਸਨ। ਇਸ ਕਾਰਨ 45 ਤੋਂ ਵੀ ਜਿਆਦਾ ਲੈਣਦਾਰਾਂ ਦੀ ਜੇਬ ਨੂੰ ਕਈ ਹਜਾਰਾਂ ਹੀ ਡਾਲਰਾਂ ਦਾ ਚੂਨਾਂ ਲੱਗ ਗਿਆ ਸੀ।
ਐਸ ਬੀ ਐਸ ਤੇ ਫੇਅਰਫੈਕਸ ਵਲੋਂ ਪ੍ਰਾਪਤ ਕੀਤੇ ਗਏ ਕਈ ਬਿਲਾਂ ਵਿੱਚ ਇਹ ਪਤਾ ਚਲਿਆ ਹੈ ਕਿ ਇਸ ਕੰਪਨੀ ਨੂੰ ਦੀਵਾਲੀਆ ਘੋਸ਼ਤ ਕਰਣ ਤੋਂ ਪਹਿਲਾਂ, ਸ਼੍ਰੀ ਰੈਸਕੋਵਿੱਕ ਨਾਲ ਜੁੜੀਆਂ ਦੋ ਕੰਪਨੀਆਂ ਨੇ ਹੀ ਗੋਲਬਲ ਸਕਿਲਸ ਕੋਲੋਂ ਲਗਭੱਗ ਇਕ ਮਿਲਿਅਨ ਡਾਲਰਾਂ ਦਾ ਦਾਅਵਾ ਵੀ ਕੀਤਾ ਹੋਇਆ ਸੀ, ਜਿਨਾਂ ਵਿੱਚ ਕਿਰਾਇਆ, ਮੈਨੇਜਮੈਂਟ ਫੀਸਾਂ ਅਤੇ ਹੋਰ ਕਈ ਪ੍ਰਕਾਰ ਦੇ ਖਰਚੇ ਸ਼੍ਰੀ ਰੈਸਕੋਵਿੱਕ ਨੇ ਆਪਣੇ ਵਲੋਂ ਦਰਸਾਏ ਹੋਏ ਸਨ।
ਇਹਨਾਂ ਵਿੱਚੋਂ ਹੀ ਇੱਕ ਕੰਪਨੀ, ਸਪੈਸ਼ਲਿਸਟ ਰਿਸੋਰਸਿਸ ਦੇ ਨਾਮ ਤਿੰਨ ਮਿਲੀਅਨ ਦੀ ਕੀਮਤ ਵਾਲਾ, ਬੈਲਾ ਵਿਸਟਾ ਵਿਚਲਾ ਉਹ ਘਰ ਵੀ ਹੈ, ਜਿੱਥੇ ਸ਼੍ਰੀ ਰੈਸਕੋਵਿੱਕ ਅਤੇ ਉਹਨਾਂ ਦਾ ਪਰਿਵਾਰ ਇਸ ਸਮੇਂ ਠਾਠ ਨਾਲ ਰਹਿ ਰਹੇ ਹਨ। ਅਤੇ ਨਾਲ ਹੀ ਇਸੇ ਕੰਪਨੀ ਦੇ ਨਾਮ ਉਹ ਕਾਲੇ ਰੰਗੀ ਪੋਰਸ਼ ਕਾਰ ਵੀ ਹੈ ਜਿਸ ਨੂੰ ਇਹ ਵਰਤ ਰਹੇ ਹਨ। ਹਾਲ ਵਿੱਚ ਹੀ ਸ਼੍ਰੀ ਰੈਸਕੋਵਿੱਕ ਨੇ ਸਪੈਲਿਸਟ ਰਿਸੋਰਸਿਸ ਕੰਪਨੀ ਦੀ ਡਾਇਰੈਕਟਰਸ਼ਿੱਪ ਨੂੰ ਆਪਣੀ ਪਾਰਟਨਰ, ਨਿਉ ਤਾਊ ਦੇ ਨਾਮ ਤਬਦੀਲ ਕਰ ਦਿੱਤਾ ਹੈ, ਜੋ ਕਿ ਇਹਨਾਂ ਦੇ ਨਾਲ ਬੈਲਾ ਵਿਸਟਾ ਵਾਲੇ ਘਰ ਵਿੱਚ ਰਹਿੰਦੀ ਹੈ।