Key Points
- ਸ੍ਰੀ ਰੰਧਾਵਾ ਨੇ 50 ਸਾਲ ਦੀ ਨੌਕਰੀ ਦੌਰਾਨ ਆਪਣੀਆਂ ਵੱਖ ਵੱਖ ਪ੍ਰਾਪਤੀਆਂ ਵੀ ਸਾਂਝੀਆ ਕੀਤੀਆਂ।
- 2020 ਵਿੱਚ, 'ਆਸਟ੍ਰੇਲੀਆ ਡੇਅ ਮੈਡਲ' ਸ਼੍ਰੀ ਰੰਧਾਵਾ ਦੀਆਂ ਪ੍ਰਾਪਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।
ਆਸਟ੍ਰੇਲੀਅਨ ਰੱਖਿਆ ਵਿਭਾਗ ਨੇ ਜਸਬੀਰ ਸਿੰਘ ਰੰਧਾਵਾ ਨੂੰ 'ਆਸਟ੍ਰੇਲੀਆ ਡੇਅ ਮੈਡਲ' ਨਾਲ ਸਨਮਾਨਿਤ ਕੀਤਾ ਹੈ। ਸ਼੍ਰੀ ਰੰਧਾਵਾ ਨੇ ਆਸਟ੍ਰੇਲੀਅਨ ਹਾਈਡਰੋਗ੍ਰਾਫਿਕ ਦਫਤਰ ਦੇ ਹਿੱਸੇ ਵਜੋਂ ਵੱਖ-ਵੱਖ ਰੱਖਿਆ ਉਦੇਸ਼ਾਂ ਵਿੱਚ ਯੋਗਦਾਨ ਪਾਇਆ ਹੈ।
ਵਿਦੇਸ਼ ਮਾਮਲਿਆਂ ਦੇ ਸਹਾਇਕ ਨਿਰਦੇਸ਼ਕ, ਸ੍ਰੀ ਰੰਧਾਵਾ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ, "ਇਹ ਸਨਮਾਨ ਉਨ੍ਹਾਂ ਕਰਮਚਾਰੀਆਂ ਨੂੰ ਮਾਨਤਾ ਦਿੰਦਾ ਹੈ ਜਿਨ੍ਹਾਂ ਨੇ ਵਿਭਾਗ ਦੇ ਕੰਮ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।"

ਆਪਣੇ ਸਫਰ ’ਤੇ ਝਾਤ ਮਾਰਦਿਆਂ, ਸ੍ਰੀ ਰੰਧਾਵਾ ਨੇ 50 ਸਾਲ ਦੀ ਨੌਕਰੀ ਦੌਰਾਨ ਆਪਣੀਆਂ ਪਿਛਲੀਆਂ ਪ੍ਰਾਪਤੀਆਂ ਵੀ ਸਾਂਝੀਆ ਕੀਤੀਆਂ।
“ਹਾਈ ਸਕੂਲ ਪਾਸ ਕਰਨ ਤੋਂ ਬਾਅਦ, ਭੂਮੀ ਸਰਵੇਖਣ ਡਿਪਲੋਮਾ ਪੂਰਾ ਕਰਨ ਲਈ ਮੈਨੂੰ ਬ੍ਰਿਟਿਸ਼ ਮਾਈਨਿੰਗ ਕੰਪਨੀ ਤੋਂ ਸਕਾਲਰਸ਼ਿਪ ਮਿਲੀ, ਅਤੇ ਮੈਂ ਅਵੱਲ ਦਰਜੇ ਵਿੱਚ ਗ੍ਰੈਜੂਏਟ ਹੋਇਆ”, ਸ੍ਰੀ ਰੰਧਾਵਾ ਨੇ ਕਿਹਾ।
ਉਨ੍ਹਾਂ ਨੇ ‘ਰਾਇਲ ਇੰਸਟੀਟਿਊਸ਼ਨ ਆਫ ਚਾਰਟਡ ਸਰਵੈਂਟਸ’ ਵਿੱਚ ਵੀ ਪੜ੍ਹਾਈ ਹਾਸਿਲ ਕੀਤੀ ਅਤੇ ਇੱਥੇ ਵੀ ਕਲਾਸ ਵਿਚੋਂ ਅਵੱਲ ਰਹੇ।
ਇਹ ਸੂਚੀ 2012 ਦੇ ਤੌਰ 'ਤੇ ਜਾਰੀ ਹੈ, ‘ਆਸਟ੍ਰੇਲੀਅਨ ਸਰਵੇਇੰਗ ਐਂਡ ਸਪੇਸ਼ਲ ਸਇੰਸਿਜ਼ ਇੰਸਟੀਟਿਊਟ’ ਨੇ ਸ੍ਰੀ ਰੰਧਾਵਾ ਨੂੰ ਹਾਈਡ੍ਰੋਗ੍ਰਾਫੀ ਪੇਸ਼ੇ ਵਿੱਚ ਕੰਮ ਕਰਨ ਲਈ ਇੱਕ ਫੈਲੋਸ਼ਿਪ ਦਿੱਤੀ ਸੀ।
“2013 ਅਤੇ 2014 ਵਿੱਚ, ਆਸਟ੍ਰੇਲੀਆ ਦੇ ਹਾਈਡ੍ਰੋਗਰਾਫਰ ਨੇ ਮੈਨੂੰ ਪ੍ਰਸ਼ੰਸਾ ਨਾਲ ਨਿਵਾਜਿਆ ਸੀ”, ਸ੍ਰੀ ਰੰਧਾਵਾ ਨੇ ਦੱਸਿਆ।
ਇਸ ਪ੍ਰਸ਼ੰਸਾ ਨੇ ਵਿਦੇਸ਼ ਮਾਮਲਿਆਂ ਦੇ ਡਿਪਟੀ ਡਾਇਰੈਕਟਰ ਵਜੋਂ ਉਸਦੇ 20 ਸਾਲ ਦੇ ਕੰਮ ਨੂੰ ਮਾਨਤਾ ਦਿੱਤੀ।

ਸਾਲ 2020 ਵਿੱਚ, ਸ੍ਰੀ ਰੰਧਾਵਾ ਦੀਆਂ ਪ੍ਰਾਪਤੀਆਂ ਦੀ ਸੂਚੀ ਵਿੱਚ ‘ਆਸਟ੍ਰੇਲੀਆ ਡੇਅ ਮੈਡਲ’ ਵੀ ਸ਼ਾਮਲ ਹੋ ਗਿਆ।
ਸਾਲ 2023 ਵਿੱਚ ਆਸਟ੍ਰੇਲੀਅਨ ਸਿੱਖ ਐਵਾਰਡਜ਼ ਆਫ ਐਕਸੀਲੈਂਸ ਮੌਕੇ, ਸ੍ਰੀ ਰੰਧਾਵਾ ਨੂੰ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਆ ਗਿਆ ਸੀ।
ਆਸਟ੍ਰੇਲੀਅਨ ਹਾਈਡਰੋਗ੍ਰਾਫਿਕ ਸੇਵਾ ਵਿੱਚ ਸ੍ਰੀ ਰੰਧਾਵਾ ਦੇ ਸਫਰ ਅਤੇ ਆਸਟ੍ਰੇਲੀਅਨ ਪੰਜਾਬੀ ਭਾਈਚਾਰੇ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਜਾਨਣ ਲਈ ਇਹ ਇੰਟਰਵਿਊ ਸੁਣੋ....







