ਆਸਟ੍ਰੇਲੀਅਨ ਨੈਸ਼ਨਲ ਡੋਮੇਸਟਿਕ ਫੈਮਿਲੀ ਐਂਡ ਸੈਕਸੁਅਲ ਵਾਇਲੈਂਸ ਕਾਉਂਸਲਿੰਗ ਸਰਵਿਸ ਜਿਸਨੂੰ ਕਿ ਆਮ ਤੌਰ 'ਤੇ 1800 RESPECT ਹੈਲਪਲਾਈਨ ਵਜੋਂ ਜਾਣਿਆ ਜਾਂਦਾ ਹੈ, ਦੇ ਅਨੁਸਾਰ ਜਿਨਸੀ ਹਿੰਸਾ ਸ਼ਬਦ ਦੀ ਵਰਤੋਂ ਕਿਸੇ ਵੀ ਜਿਨਸੀ ਗਤੀਵਿਧੀ ਦਾ ਵਰਨਣ ਕਰਨ ਲਈ ਕੀਤੀ ਜਾ ਸਕਦੀ ਹੈ "ਜੋ ਕਿ ਤੁਹਾਨੂੰ ਡਰਿਆ ਜਾਂ ਅਸਹਿਜ ਮਹਿਸੂਸ ਕਰਾਉਂਦੀ ਹੈ"।
ਜਿਨਸੀ ਹਿੰਸਾ ਵਿੱਚ ਜਿਨਸੀ ਹਮਲਾ, ਜਿਨਸੀ ਸ਼ੋਸ਼ਣ, ਬਲਾਤਕਾਰ ਅਤੇ ਜਿਨਸੀ ਪਰੇਸ਼ਾਨੀ ਸ਼ਾਮਲ ਹੈ। ਇੱਥੇ ਹਿੰਸਾ ਸ਼ਬਦ ਸਰੀਰਕ ਹਮਲੇ ਦੇ ਨਾਲ-ਨਾਲ ਭਾਵਨਾਤਮਕ ਅਤੇ ਮਨੋਵਿਗਿਆਨਕ ਨੁਕਸਾਨ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ ਜੋ ਕਿ ਵਿਅਕਤੀਗਤ ਤੌਰ 'ਤੇ, ਜਾਂ ਗੈਰ-ਸਰੀਰਕ ਸਾਧਨਾਂ ਦੁਆਰਾ, ਜਿਵੇਂ ਕਿ ਔਨਲਾਈਨ ਪਹੁੰਚਾਇਆ ਜਾ ਸਕਦਾ ਹੈ।
ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੇ ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆ ਵਿੱਚ ਪੰਜ ਵਿੱਚੋਂ ਇੱਕ ਔਰਤ ਨੇ 15 ਸਾਲ ਦੀ ਉਮਰ ਤੋਂ ਬਾਅਦ ਜਿਨਸੀ ਹਿੰਸਾ ਦਾ ਅਨੁਭਵ ਕੀਤਾ ਹੈ।

ਸੀਨੀਅਰ ਸਾਰਜੈਂਟ ਮੋਨੀਕ ਕੈਲੀ ਵਿਕਟੋਰੀਆ ਪੁਲਿਸ ਦੀ ਸਪੈਸ਼ਲਿਸਟ ਡਿਟੈਕਟਿਵਜ਼ ਟੀਮ ਦੀ ਅਗਵਾਈ ਕਰਦੀ ਹੈ ਜੋ ਕਿ ਜਿਨਸੀ ਅਪਰਾਧਾਂ ਦੀ ਜਾਂਚ ਕਰਦੀ ਹੈ ਅਤੇ ਜਿਨਸੀ ਹਿੰਸਾ ਦੇ ਪੀੜਤਾਂ ਨਾਲ ਕੰਮ ਕਰਦੀ ਹੈ। ਉਹ ਕਹਿੰਦੀ ਹੈ ਕਿ ਜਿਨਸੀ ਹਮਲੇ ਨੂੰ ਕਿਸੇ ਵੀ ਅਣਚਾਹੇ ਨਜ਼ਦੀਕੀ ਸੰਪਰਕ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ।
ਜਿਨਸੀ ਹਿੰਸਾ ਨੂੰ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ। ਹਾਲ ਹੀ ਦੇ ਸਾਲਾਂ ਵਿੱਚ, ਕੁਝ ਆਸਟ੍ਰੇਲੀਅਨ ਅਧਿਕਾਰ ਖੇਤਰ ਜਿਨਸੀ ਅਪਰਾਧਾਂ ਦੇ ਦੋਸ਼ੀ ਲੋਕਾਂ ਨੂੰ ਅਦਾਲਤ ਵਿੱਚ ਇਹ ਸਾਬਤ ਕਰਨ ਲਈ ਲਾਜ਼ਮੀ ਬਣਾਉਣ ਲਈ ਆਪਣੇ ਕਾਨੂੰਨਾਂ ਨੂੰ ਬਦਲ ਰਹੇ ਹਨ ਕਿ ਉਹਨਾਂ ਨੇ ਜਿਨਸੀ ਗਤੀਵਿਧੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਹਿਮਤੀ ਪ੍ਰਾਪਤ ਕੀਤੀ ਸੀ।
ਇਨਵੈਸਟੀਗੇਟਿਵ ਜਰਨਲਿਸਟ ਜੈਸ ਹਿੱਲ ਨੇ ਤਿੰਨ ਭਾਗਾਂ ਵਾਲੀ ਡਾਕੂਮੈਂਟਰੀ ਲੜੀ 'ਆਸਕਿੰਗ ਫਾਰ ਇਟ' ਵਿੱਚ ਜਿਨਸੀ ਸਹਿਮਤੀ ਦੀ ਖੋਜ ਕੀਤੀ ਹੈ।
ਉਹ ਕਹਿੰਦੀ ਹੈ ਕਿ ਹਰੇਕ ਵਿਅਕਤੀ ਲਈ ਪਹਿਲਾ ਕਦਮ ਇਹ ਪਤਾ ਲਗਾਉਣਾ ਹੈ ਕਿ ਜਿਨਸੀ ਸੰਪਰਕ ਵਿੱਚ ਕੀ ਮਹਿਸੂਸ ਹੁੰਦਾ ਹੈ ਅਤੇ ਕੀ ਚੰਗਾ ਨਹੀਂ ਲੱਗਦਾ। ਇੱਕ ਵਾਰ ਜਦੋਂ ਤੁਸੀਂ ਆਪਣੀਆਂ ਸੀਮਾਵਾਂ ਨੂੰ ਜਾਣਦੇ ਹੋ, ਤਾਂ ਤੁਹਾਨੂੰ ਉਹਨਾਂ ਨੂੰ ਸਥਾਪਿਤ ਕਰਨਾ ਚਾਹੀਦਾ ਹੈ, ਅਤੇ ਆਪਣੇ ਸਾਥੀ ਨੂੰ ਇਹ ਵੀ ਪੁੱਛਣਾ ਚਾਹੀਦਾ ਹੈ ਕਿ ਉਹ ਕਿਵੇਂ ਮਹਿਸੂਸ ਕਰ ਰਹੇ ਹਨ। ਇਹ ਮਹੱਤਵਪੂਰਨ ਹੈ ਕਿ ਨੇੜਲੀ ਗਤੀਵਿਧੀ ਦੇ ਹਰ ਪੜਾਅ 'ਤੇ 'ਹਾਂ' ਜਾਂ 'ਨਾਂ' ਕਿਵੇਂ ਕਹਿਣਾ ਹੈ।

ਜਿਨਸੀ ਸਹਿਮਤੀ ਨੂੰ ਯਕੀਨੀ ਬਣਾਉਣ ਦਾ ਮਤਲਬ ਹੈ ਕਿ ਤੁਹਾਨੂੰ ਇਹ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਗੱਲਬਾਤ ਦੇ ਪੂਰੇ ਸਮੇਂ ਦੌਰਾਨ ਕੀਤੀਆਂ ਜਾ ਰਹੀਆਂ ਸਾਰੀਆਂ ਜਿਨਸੀ ਗਤੀਵਿਧੀਆਂ ਦੀ ਇੱਕ ਉਤਸ਼ਾਹੀ, ਹਾਂ-ਪੱਖੀ ਪ੍ਰਵਾਨਗੀ ਹੈ।
ਜਿਨਸੀ ਸਹਿਮਤੀ ਨੂੰ ਯਕੀਨੀ ਬਣਾਉਣਾ ਇਹ ਸੋਚਣ ਨਾਲੋਂ ਕਿਤੇ ਜ਼ਿਆਦਾ ਹੈ ਕਿ ਕੋਈ ਵਿਅਕਤੀ ਜਿਨਸੀ ਗਤੀਵਿਧੀ ਲਈ ਸਹਿਮਤ ਹੋ ਰਿਹਾ ਹੈ।
ਤੁਹਾਨੂੰ ਮੌਖਿਕ ਅਤੇ ਗੈਰ-ਮੌਖਿਕ ਸੰਕੇਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਇਹ ਦਰਸਾਉਂਦੇ ਹਨ ਕਿ ਜਿਨਸੀ ਸਹਿਮਤੀ ਸੁਤੰਤਰ ਤੌਰ 'ਤੇ ਦਿੱਤੀ ਜਾ ਰਹੀ ਹੈ ਜਾਂ ਨਹੀਂ। ਇਹ ਇਸ ਲਈ ਹੈ ਕਿਉਂਕਿ ਸਹਿਮਤੀ ਨੂੰ ਕਿਸੇ ਵੀ ਪੜਾਅ 'ਤੇ ਵਾਪਸ ਲਿਆ ਜਾ ਸਕਦਾ ਹੈ, ਅਤੇ ਜੇਕਰ ਤੁਹਾਡਾ ਸਾਥੀ ਚੁੱਪ ਹੋ ਜਾਂਦਾ ਹੈ ਜਾਂ ਅਧਰੰਗ ਹੋ ਜਾਂਦਾ ਹੈ, ਤਾਂ ਉਹ ਅਸਹਿਮਤੀ ਦਾ ਸੰਕੇਤ ਦੇ ਸਕਦੇ ਹਨ।
ਵਕੀਲ ਅਤੇ ਲੇਖਕ ਮਾਈਕਲ ਬ੍ਰੈਡਲੀ ਨੇ ਸਾਲਾਂ ਤੋਂ ਜਿਨਸੀ ਹਿੰਸਾ ਪੀੜਤਾਂ ਨਾਲ ਕੰਮ ਕੀਤਾ ਹੈ।
ਉਹ ਕਹਿੰਦਾ ਹੈ ਕਿ ਕਾਨੂੰਨ ਪਹਿਲਾਂ ਹੀ ਸਪੱਸ਼ਟ ਉਦਾਹਰਣਾਂ ਸਥਾਪਤ ਕਰਦਾ ਹੈ ਜਿਸ ਵਿੱਚ ਜਿਨਸੀ ਸਹਿਮਤੀ ਨਹੀਂ ਦਿੱਤੀ ਜਾ ਸਕਦੀ।

ਹਾਲਾਂਕਿ, ਸ਼੍ਰੀ ਬ੍ਰੈਡਲੀ ਇਹ ਵੀ ਕਹਿੰਦੇ ਹਨ ਕਿ ਕੁਝ ਸਮੱਸਿਆਵਾਂ ਦੇ ਖੇਤਰ ਅਜਿਹੇ ਹਨ ਜਿਨ੍ਹਾਂ 'ਚ ਡਰ ਜਾਂ ਦਬਾਅ ਦੇ ਕਾਰਨ ਸਹਿਮਤੀ ਦਿੱਤੀ ਜਾਂਦੀ ਹੈ, ਉਨ੍ਹਾਂ 'ਚ ਕਾਨੂੰਨੀ ਪ੍ਰਣਾਲੀ ਬਲਾਤਕਾਰ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦੀ ਹੈ, ਇਹ ਇੱਕ ਥਿੜਕਵਾਂ ਵਿਸ਼ਾ ਹੈ।
ਜਿਨਸੀ ਸਹਿਮਤੀ ਦੀ ਮੰਗ ਕਰਨ, ਦੇਣ ਅਤੇ ਇਨਕਾਰ ਕਰਨ ਦੇ ਪਹਿਲੂ ਇਸ ਸਾਲ (2023) ਤੋਂ ਆਸਟ੍ਰੇਲੀਅਨ ਰਾਸ਼ਟਰੀ ਪਾਠਕ੍ਰਮ ਦਾ ਇੱਕ ਲਾਜ਼ਮੀ ਤੱਤ ਬਣ ਗਏ ਹਨ। ਇਹ ਨਿਰਦੇਸ਼ ਆਲੋਚਨਾ ਦੇ ਜਵਾਬ ਵਜੋਂ ਆਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਲਿੰਗਕਤਾ ਦੀਆਂ ਸਮਕਾਲੀ ਧਾਰਨਾਵਾਂ ਅਤੇ ਜਿਨਸੀ ਸ਼ੋਸ਼ਣ ਦੀ ਰੋਕਥਾਮ 'ਤੇ ਉਚੇਚਾ ਧਿਆਨ ਨਹੀਂ ਦਿੱਤਾ ਗਿਆ ਸੀ।
ਨਵੇਂ ਪਾਠਕ੍ਰਮ ਦਾ ਉਦੇਸ਼ ਸਹਿਮਤੀ ਅਤੇ ਆਦਰਪੂਰਣ ਸਬੰਧਾਂ ਨੂੰ ਉਮਰ ਦੇ ਅਨੁਕੂਲ ਤਰੀਕੇ ਨਾਲ ਸਿਖਾਉਣਾ ਹੈ, ਜੋ ਕਿ ਜ਼ਬਰਦਸਤੀ ਅਤੇ ਅਸੰਤੁਲਨ ਨੂੰ ਕਵਰ ਕਰਦਾ ਹੈ। ਇਹ ਮਰਦਾਂ ਅਤੇ ਔਰਤਾਂ 'ਤੇ ਰੱਖੀਆਂ ਗਈਆਂ ਪਰੰਪਰਾਗਤ ਸੱਭਿਆਚਾਰਕ ਉਮੀਦਾਂ ਵਿੱਚ ਅੰਤਰ ਸਮੇਤ ਲਿੰਗਕ ਰੂੜ੍ਹੀਵਾਦਾਂ ਨੂੰ ਵੀ ਖੋਜਦਾ ਹੈ।

ਰਿਚੀ ਹਾਰਡਕੋਰ ਇੱਕ ਸਿੱਖਿਅਕ ਅਤੇ ਕਾਰਕੁਨ ਹੈ ਜਿਸਦਾ ਪਰਿਵਾਰਕ ਅਤੇ ਜਿਨਸੀ ਹਿੰਸਾ ਦੀ ਰੋਕਥਾਮ ਵਿੱਚ ਕੰਮ ਕਰਨ ਦਾ ਸਾਲਾਂ ਦਾ ਤਜ਼ਰਬਾ ਹੈ। ਉਹ ਪੂਰੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸਕੂਲਾਂ ਨੂੰ ਸਪੱਸ਼ਟ ਸੈਕਸ ਸਿੱਖਿਆ ਅਤੇ ਸਹਿਮਤੀ ਪ੍ਰੋਗਰਾਮ ਪ੍ਰਦਾਨ ਕਰਦਾ ਹੈ।
ਉਸਦਾ ਮੰਨਣਾ ਹੈ ਕਿ ਸੱਭਿਆਚਾਰਕ ਨਿਯਮਾਂ ਵਿੱਚ ਜੋ ਅੰਤਰ ਹੈ,ਔਰਤਾਂ ਦੇ ਜਿਨਸੀ ਉਦੇਸ਼ ਅਤੇ ਸੈਕਸ ਬਾਰੇ ਖੁੱਲ੍ਹ ਕੇ ਬੋਲਣ ਨੂੰ ਵਰਜਿਤ ਕਰਦਾ ਹੈ ਅਤੇ ਨਾਲ ਹੀ ਇੱਕ ਕਲੰਕ ਵੀ ਸਮਝਿਆ ਜਾਂਦਾ ਹੈ, ਜਦੋਂ ਕਿ ਬੱਚੇ ਵੱਧ ਤੋਂ ਵੱਧ ਸਪੱਸ਼ਟ ਅਤੇ ਹਿੰਸਕ ਅਸ਼ਲੀਲ ਸਮੱਗਰੀ ਤੱਕ ਔਨਲਾਈਨ ਪਹੁੰਚ ਕਰ ਸਕਦੇ ਹਨ।
ਦਿੱਤੀ ਗਈ ਜਿਨਸੀ ਸਹਿਮਤੀ ਵਾਪਸ ਲਈ ਜਾਣ ਦੇ ਯੋਗ ਹੈ, ਅਤੇ ਪੀੜ੍ਹੀਆਂ ਗੱਲਬਾਤ ਦੌਰਾਨ ਜਿਨਸੀ ਸਹਿਮਤੀ ਮੰਗਣ ਦੇ ਆਦੀ ਹੋ ਗਈਆਂ ਹਨ, ਇਸਦਾ ਮਤਲਬ ਹੈ ਕਿ ਬਹੁਤ ਸਾਰੇ ਜਿਨਸੀ ਸਬੰਧ ਅਣਜਾਣੇ ਵਿੱਚ ਗੈਰ-ਸਹਿਮਤੀ ਵਾਲੇ ਹੋ ਸਕਦੇ ਹਨ।

ਜੈਸ ਹਿੱਲ ਲਈ, ਕੁਦਰਤੀ ਤਰੀਕੇ ਨਾਲ ਜਿਨਸੀ ਸਹਿਮਤੀ ਦੀ ਮੰਗ ਕਰਨਾ ਸਿੱਖਣ ਵਿੱਚ ਸੈਕਸ ਦੇ ਆਲੇ ਦੁਆਲੇ ਸੱਭਿਆਚਾਰਕ ਤੌਰ 'ਤੇ ਥੋਪੀ ਗਈ ਸ਼ਰਮ, ਲਿੰਗਕ ਅਤੇ ਜਿਨਸੀ ਉਮੀਦਾਂ, ਅਤੇ ਨਾਰੀ ਅਤੇ ਮਰਦਾਨਗੀ ਦੀਆਂ ਪੁਰਾਣੀਆਂ ਧਾਰਨਾਵਾਂ ਨੂੰ ਅਪਡੇਟ ਕਰਨਾ ਸ਼ਾਮਲ ਹੈ।
ਜੇ ਤੁਹਾਨੂੰ ਭਾਵਨਾਤਮਕ ਸਹਾਇਤਾ ਦੀ ਲੋੜ ਹੈ, ਤਾਂ ਤੁਸੀਂ 1800RESPECT, 13 11 14 'ਤੇ ਲਾਈਫਲਾਈਨ ਨਾਲ ਜਾਂ 1800 22 46 36 'ਤੇ ਬਿਓਂਡ ਬਲੂ ਨਾਲ ਸੰਪਰਕ ਕਰ ਸਕਦੇ ਹੋ।







