Key Points
- ਆਸਟ੍ਰੇਲੀਆ ਦੇ ਸਾਰੇ IVF ਕਲੀਨਿਕਾਂ ਦਾ ਡੇਟਾ ਇੱਕ ਸਰਕਾਰੀ ਫੰਡ ਪ੍ਰਾਪਤ ਵੈੱਬਸਾਈਟ 'ਤੇ ਉਪਲਬਧ ਹੈ।
- ਮਾਹਿਰ ਪ੍ਰਜਣਨ ਸ਼ਕਤੀ ਕਲੀਨਿਕ ਦੀ ਚੋਣ ਕਰਦੇ ਸਮੇਂ ਵੱਖ-ਵੱਖ ਕਾਰਕਾਂ ਦੀ ਜਾਂਚ ਕਰਨ ਦੀ ਸਲਾਹ ਦਿੰਦੇ ਹਨ।
- ਇਹ ਯਕੀਨੀ ਬਣਾ ਲਓ ਕਿ ਤੁਸੀਂ ਸਰਕਾਰੀ ਫੰਡ ਪ੍ਰਾਪਤ ਪ੍ਰਜਣਨ ਸੇਵਾਵਾਂ ਲਈ ਯੋਗ ਹੋ ਜਾਂ ਨਹੀਂ।
- ਜਣਨ ਸ਼ਕਤੀ ਸਲਾਹ ਤੁਹਾਨੂੰ ਜਾਂ ਤੁਹਾਡੇ ਸਾਥੀ ਦੇ ਜਣਨ ਸ਼ਕਤੀ ਇਲਾਜ ਦੇ ਕਿਸੇ ਵੀ ਸੰਭਾਵੀ ਨਤੀਜੇ ਨੂੰ ਸਮਝਣ ਅਤੇ ਤਿਆਰ ਕਰਨ ਵਿੱਚ ਮਦਦ ਕਰਦੀ ਹੈ।
- ਮੈਂ IVF ਕਲੀਨਿਕ ਦੀ ਚੋਣ ਕਿਸ ਤਰ੍ਹਾਂ ਕਰਾਂ?
- ਮੇਰਾ IVF ਇਲਾਜ ਕੌਣ ਕਰੇਗਾ?
- ਕੀ IVF ਮਹਿੰਗਾ ਹੈ?
- ਕੀ IVF ਹੀ ਇੱਕੋ ਇੱਕ ਵਿਕਲਪ ਹੈ?
- ਕੀ ਮੈਨੂੰ ਚੋਣ ਕਰਨ ਵੇਲੇ ਮੈਨੂੰ ਸਹਾਇਤਾ ਮਿਲੇਗੀ?
ਸਾਲ 1978 ਵਿੱਚ ਜਦੋਂ ਬ੍ਰਿਟੇਨ ਵਿਖੇ ਦੁਨੀਆ ਦਾ ਪਹਿਲਾ ਆਈਵੀਐਫ ਬੱਚਾ ਪੈਦਾ ਹੋਇਆ ਤਾਂ ਇਸ ਨੇ ਪ੍ਰਜਣਨ ਦੇ ਇਲਾਜ ਨੂੰ ਬਦਲ ਕੇ ਰੱਖ ਦਿੱਤਾ।
ਮੌਜੂਦਾ ਸਮੇਂ ਆਈਵੀਐਫ ਦਾ ਉਪਯੋਗ ਵਿਸ਼ਵ ਭਰ ਵਿੱਚ ਵਿਆਪਕ ਰੂਪ ਤੋਂ ਕੀਤਾ ਜਾਂਦਾ ਹੈ ਅਤੇ ਆਸਟ੍ਰੇਲੀਆ ਉਨ੍ਹਾਂ ਮੁਲਕਾਂ ਵਿਚੋਂ ਇੱਕ ਹੈ, ਜਿੱਥੇ ਲੋਕਾਂ ਦੀ ਗਿਣਤੀ ਦੇ ਮੁਕਾਬਲੇ ਆਈਵੀਐਫ ਕਰਵਾਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ।
ਪ੍ਰੋਫੈਸਰ ਜਾਰਜੀਨਾ ਚੈਂਬਰਜ਼ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿਚ ਨੈਸ਼ਨਲ ਪੇਰੀਨੈਟਲ ਐਪੀਡੇਮੇਓਲਿਜੀ ਐਂਡ ਸਟੈਟਿਸਟਕ ਯੂਨਿਟ ਦੇ ਡਾਇਰੈਕਟਰ ਹਨ।
ਉਹ ਆਸਟ੍ਰੇਲੀਅਨ ਐਂਡ ਨਿਊਜ਼ੀਲੈਂਡ ਅਸਿਸਟਡ ਰੀਪ੍ਰੋਡਕਸ਼ਨ ਡੈਟਾ ਬੇਸ ਜਿਸ ਨੂੰ ਐਨਜ਼ਾਰਡ ਵੀ ਕਿਹਾ ਜਾਂਦਾ ਹੈ, ਉਸ ਦੀ ਦੇਖਰੇਖ ਵੀ ਕਰਦੇ ਹਨ।
ਪ੍ਰੋਫੈਸਰ ਚੈਂਬਰਜ਼ ਕਹਿੰਦੀ ਹੈ ਕਿ ਇਹ ਰਾਸ਼ਟਰੀ ਸੰਸਥਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਕੀਤੇ ਗਏ ਹਰੇਕ ਆਈਵੀਐਫ ਚੱਕਰ ਦਾ ਰਿਕਾਰਡ ਰੱਖਦੀ ਹੈ।

ਇਕੱਠਾ ਕੀਤਾ ਗਿਆ ਡੈਟਾ ਆਸਟ੍ਰੇਲੀਆ ਸਰਕਾਰ ਤੋਂ ਫੰਡ ਪ੍ਰਾਪਤ ਸੰਸਥਾ ਦੀ ਵੈਬਸਾਈਟ yourivfsuccess.com.au ’ਤੇ ਜਾਂਦਾ ਹੈ।
ਇਹ ਵੈਬਸਾਈਟ ਫਰਟੀਲਿਟੀ ਕਲੀਨਿਕਾਂ ਤੋਂ ਸਵਤੰਤਰ ਹੈ।
ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਜਾਣਕਾਰੀ ਇਕੱਠੀ ਕਰਦੀ ਹੈ ਅਤੇ ਇਸ ਨੂੰ ਆਮ ਜਨਤਾ ਲਈ ਸੌਖੇ ਤਰੀਕੇ ਨਾਲ ਪੇਸ਼ ਕਰਦੀ ਹੈ।
ਤਾਂ ਲੋਕ ਇਸ ਵੈਬਸਾਈਟ ਤੋਂ ਕੀ ਜਾਣਕਾਰੀ ਹਾਸਿਲ ਕਰ ਸਕਦੇ ਹਨ?
ਇਸ ਵੈਬਸਾਈਟ ’ਤੇ ਆਉਣ ਵਾਲੇ ਰਾਸ਼ਟਰੀ ਆਈਵੀਐਫ ਅੰਕੜਿਆਂ ਦਾ ਅਧਿਐਨ ਕਰ ਸਕਦੇ ਹਨ ਅਤੇ ਆਪਣੀ ਸਥਿਤੀ ਮੁਤਾਬਿਕ ਤਿਆਰ ਕੀਤੇ ਗਏ ਇੰਟ੍ਰੈਕਟਿਵ ਟੂਲ ਦਾ ਉਪਯੋਗ ਕਰ ਸਕਦੇ ਹਨ।
ਇਨ੍ਹਾਂ ਵਿੱਚੋਂ ਇੱਕ ਟੂਲ ਆਈਵੀਐਫ ਕਰਵਾ ਰਹੀਆਂ ਮਹਿਲਾਵਾਂ ਨੂੰ ਗਰਭਧਾਰਨ ਦੀਆਂ ਸੰਭਾਵਨਾਵਾਂ ਦਾ ਅਨੁਮਾਨ ਲਗਾਉਣ ਵਿੱਚ ਮਦਦ ਕਰਦਾ ਹੈ।

ਆਈਵੀਐਫ ਸਮੇਤ ਪਜਣਨ ਦੇ ਇਲਾਜ ਮਹਿੰਗੇ ਹੋ ਸਕਦੇ ਹਨ। ਜ਼ਿਆਦਾਤਰ ਲੋਕਾਂ ਨੂੰ ਪੂਰੀ ਲਾਗਤ ਜਾਂ ਘੱਟ ਤੋਂ ਘੱਟ ਕੁਝ ਹਿੱਸਾ ਆਪਣੇ ਨਿੱਜੀ ਸਿਹਤ ਬੀਮਾ ਰਾਹੀਂ ਅਦਾ ਕਰਨਾ ਪਵੇਗਾ।
ਮਰੀਜ਼ ਮੈਡੀਕੇਅਰ ਛੋਟ ਦਾ ਦਾਅਵਾ ਕਰ ਸਕਦੇ ਹਨ। ਨਾਲ ਹੀ, ਤੁਹਾਡੇ ਰਾਜ ਜਾਂ ਖੇਤਰ ਦੀ ਸਿਹਤ ਸੇਵਾ ਵੀ ਸਰਕਾਰੀ ਫੰਡ ਪ੍ਰਾਪਤ ਸੇਵਾਵਾਂ ਪ੍ਰਦਾਨ ਕਰ ਸਕਦੀ ਹੈ।
ਇਹ ਸਮਝਣਾ ਮਹੱਤਵਪੂਰਨ ਹੈ ਕਿ ਤੁਹਾਨੂੰ ਕਿਸ ਪ੍ਰਕਾਰ ਦੀ ਸਹਾਇਤਾ ਉਪਲਬਧ ਹੈ, ਇਸ ਦੇ ਲਈ ਤੁਹਾਨੂੰ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਤੁਸੀਂ ਸਰਕਾਰੀ ਜਾਂ ਨਿੱਜੀ ਕਲ਼ੀਨਿਕ ਦੀ ਚੋਣ ਕਰੋ, ਸ਼ੁਰੂਆਤੀ ਪੜਾਅ ਆਮ ਤੌਰ ਤੇ ਇੱਕੋ ਜਿਹੇ ਹੀ ਹੁੰਦੇ ਹਨ। ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਪਰਿਵਾਰਕ ਡਾਕਟਰ ਤੋਂ ਰੈਫਰਲ ਲੈਣਾ ਹੋਵੇਗਾ। ਫਿਰ ਫਰਟੀਲਿਟੀ ਕਲੀਨਿਕ ਵਿੱਚ ਆਪਣੀ ਪਹਿਲੀ ਮੁਲਾਕਾਤ ਦੌਰਾਨ ਤੁਹਾਨੂੰ ਆਪਣੀ ਮੈਡੀਕਲ ਹਿਸਟਰੀ ਦੱਸਣੀ ਪਵੇਗੀ ਅਤੇ ਕਈ ਤਰ੍ਹਾਂ ਦੀ ਮੈਡੀਕਲ ਜਾਂਚ ਕਰਵਾਉਣੀ ਹੋਵੇਗੀ।
ਇਸ ਪੂਰੀ ਪ੍ਰਕ੍ਰਿਆ ਦੌਰਾਨ, ਲੋਕਾਂ ਨੂੰ ਮਾਹਰਾਂ ਦੀ ਇੱਕ ਟੀਮ ਦਾ ਸਹਿਯੋਗ ਮਿਲਦਾ ਹੈ।
ਆਪਣੇ ਰਾਜ ਜਾਂ ਖੇਤਰ ਮੁਤਾਬਿਕ ਆਈਵੀਐਫ ਵਰਗੀਆਂ ਸਹਾਇਕ ਜਣੇਪਾ ਪ੍ਰਕ੍ਰਿਆਵਾਂ ਲਈ ਪ੍ਰਜਣਨ ਸਲਾਹ, ਕਾਨੂੰਨੀ ਤੌਰ ਤੇ ਲਾਜ਼ਮੀ ਹੋ ਸਕਦੀ ਹੈ।
ਇਸ ਸਲਾਹ ਦਾ ਖਰਚਾ ਇਲਾਜ ਦੇ ਖਰਚੇ ਵਿੱਚ ਸ਼ਾਮਿਲ ਹੁੰਦਾ ਹੈ ਅਤੇ ਇਸ ਪ੍ਰਕਾਰ ਦੀ ਸਲਾਹ ਦਾ ਇੱਕ ਵਿਸ਼ੇਸ਼ ਮਕਸਦ ਹੁੰਦਾ ਹੈ।
Disclaimer: ਇਹ ਜਾਣਕਾਰੀ ਆਮ ਕਿਸਮ ਦੀ ਹੈ। ਆਪਣੀ ਸਥਿਤੀ ਬਾਰੇ ਸਪੱਸ਼ਟ ਸਲਾਹ ਲਈ ਆਪਣੇ ਸਿਹਤ ਪ੍ਰੈਕਟੀਸ਼ਨਰ ਨਾਲ ਸੰਪਰਕ ਕਰੋ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ







