ਜਗਤਾਰ ਸਿੰਘ ਦਾ ਜਨਮ ਕਲਕੱਤਾ ਵਿੱਚ ਹੋਇਆ ਸੀ। ਭਾਰਤ ਵਿੱਚ ਐਰੋਸਪੇਸ ਇੰਜਨੀਅਰਿੰਗ ਵਿੱਚ ਬੈਚਲਰ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਇਸੇ ਖੇਤਰ ਵਿੱਚ ਮਾਸਟਰ ਡਿਗਰੀ ਕਰਨ ਲਈ 2019 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ।
ਜਗਤਾਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਸਦੇ ਮਾਤਾ-ਪਿਤਾ ਜੋ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ, ਉਸਨੂੰ ਇੱਕ ਸਫਲ ਐਰੋਸਪੇਸ ਇੰਜੀਨੀਅਰ ਵਜੋਂ ਦੇਖਣਾ ਚਾਹੁੰਦੇ ਸਨ।
2012 ਵਿੱਚ ਉਸਦੇ ਪਿਤਾ ਬਲਦੇਵ ਸਿੰਘ ਦਿਲ ਦੀ ਬਿਮਾਰੀ ਕਰਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ ਤੇ ਉਪਰੰਤ 2015 ਵਿੱਚ ਇਕ ਹਾਦਸੇ ਵਿੱਚ ਉਸਦੀ ਮਾਤਾ ਹਰਬਿੰਦਰ ਕੌਰ ਦੀ ਵੀ ਮੌਤ ਹੋ ਗਈ।
ਇਸ ਦੁਰਘਟਨਾ ਵਿੱਚ ਜਗਤਾਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਅਤੇ ਉਸਨੂੰ ਇਸਦੇ ਮਾਨਸਿਕ-ਅਸਰਾਂ ਤੋਂ ਬਾਹਰ ਆਉਣ ਲਈ ਕਾਫੀ ਵਕਤ ਲੱਗਿਆ।
"ਇਹ ਇੱਕ ਬਹੁਤ ਔਖਾ ਸਮਾਂ ਸੀ। ਮੇਰਾ ਭਰਾ ਰਮਨ ਉਸ ਵੇਲ਼ੇ ਮੈਲਬੌਰਨ ਵਿੱਚ ਪੜ੍ਹਾਈ ਕਰ ਰਿਹਾ ਸੀ। ਸਾਡੇ ਦੋਨਾਂ ਲਈ ਮਾਂ-ਬਾਪ ਦੀ ਕਮੀ ਬੜੀ ਅਕਿਹ ਅਤੇ ਅਸਹਿ ਸੀ," ਉਨ੍ਹਾਂ ਕਿਹਾ।
"ਆਰਥਿਕ ਤੌਰ ਉੱਤੇ ਵੀ ਇਹ ਇਕ ਨਵੀਂ ਚੁਣੌਤੀ ਸੀ। ਮੈਂ ਪੈਸੇ ਕਮਾਉਣ ਲਈ ਇੱਕ ਰੈਸਟੋਰੈਂਟ ਵਿੱਚ ਵੀ ਕਾਫੀ ਦੇਰ ਕੰਮ ਕੀਤਾ - ਦਿਨੇ ਪੜ੍ਹਾਈ ਅਤੇ ਰਾਤ ਨੂੰ ਰੈਸਟੋਰੈਂਟ ਦਾ ਕੰਮ ਕਾਫੀ ਮੇਹਨਤ ਵਾਲਾ ਸੀ।"

ਕੁਈਨਸਲੈਂਡ ਦੇ ਤਟਵਰਤੀ ਸ਼ਹਿਰ ਟਾਊਨਸਵਿਲ ਵਿੱਚ ਜੇਮਸ ਕੁੱਕ ਯੂਨੀਵਰਸਿਟੀ ਵਿੱਚ ਮਾਸਟਰਜ਼ ਦੀ ਡਿਗਰੀ ਕਰਦਿਆਂ ਉਨਾਂ ਦੀ 'ਐਲੂਮੀਨੀਅਮ ਅਲੋਇਜ਼' 'ਤੇ ਕੀਤੀ ਖੋਜ ਇੱਕ ਪ੍ਰਸਿੱਧ ਇੰਟਰਨੈਸ਼ਨਲ ਜਰਨਲ 'ਫਟੀਗ' ਵਿੱਚ ਵੀ ਪ੍ਰਕਾਸ਼ਤ ਹੋਈ ਹੈ।
ਹੁਣ ਉਹ ਇਸੇ ਯੂਨੀਵਰਸਿਟੀ ਤੋਂ ਪੂਰੇ ਵਜੀਫੇ ਦੇ ਨਾਲ ਇਸੇ ਖੇਤਰ ਵਿੱਚ ਪੀ ਐਚ ਡੀ ਕਰਨ ਜਾ ਰਹੇ ਹਨ।
ਇਸ ਦੌਰਾਨ ਆਸਟ੍ਰੇਲੀਆ ਰਹਿੰਦਿਆਂ ਉਹ ਆਪਣੇ ਭਰਾ ਨਾਲ਼ ਮਿਲਕੇ ਇੱਕ 'ਕਲੀਨਿੰਗ' ਕੰਪਨੀ ਵੀ ਚਲਾ ਰਹੇ ਹਨ।
ਆਪਣੀ ਸਫਲਤਾ ਵਿੱਚ ਆਪਣੇ ਭਰਾ ਅਤੇ ਮਾਪਿਆਂ ਸਮਾਨ ਮਾਸੀਆਂ ਅਤੇ ਮਾਮਿਆਂ ਦੇ ਯੋਗਦਾਨ ਨੂੰ ਸਲਾਹੁੰਦਿਆਂ ਉਨ੍ਹਾਂ ਹਮੇਸ਼ਾਂ 'ਚੜ੍ਹਦੀ ਕਲਾ' ਵਿੱਚ ਰਹਿਣ ਦਾ ਸੁਨੇਹਾ ਦਿੱਤਾ ਹੈ।
ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ...
Read this story in English:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।






