ਬਰਨਾਲ਼ਾ ਦੇ ਪਿਛੋਕੜ ਵਾਲ਼ੀ ਡਾ. ਹਰਦੀਪ ਕੌਰ ਸੰਧੂ ਤਕਰੀਬਨ 20 ਸਾਲ ਪਹਿਲਾਂ ਆਸਟ੍ਰੇਲੀਆ ਆਈ ਸੀ।
ਉਨ੍ਹਾਂ ਸਿਡਨੀ ਆਉਂਦਿਆਂ ਹੀ ਸਾਇੰਸ ਅਧਿਆਪਨ ਨੂੰ ਕਿੱਤੇ ਵਜੋਂ ਅਪਣਾਇਆ।
ਉਨ੍ਹਾਂ ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ.ਐਚ.ਡੀ. (ਬਨਸਪਤੀ ਵਿਗਿਆਨ) ਹੋਣ ਕਰਕੇ ਉਨ੍ਹਾਂ ਨੂੰ ਸਾਇੰਸ ਪੜ੍ਹਾਉਣ ਵਿੱਚ ਕਦੇ ਕੋਈ ਦਿੱਕਤ ਨਹੀਂ ਆਈ।
ਉਹ ਹੁਣ ਸੈਕੰਡਰੀ ਕਾਲਜ ਦੇ ਭਾਸ਼ਾ ਸਿਖਲਾਈ ਪ੍ਰੋਗਰਾਮ ਤਹਿਤ ਸਿਡਨੀ ਦੇ ਹਿਲਸ ਕੈਂਪਸ ਵਿੱਚ 11ਵੀਂ ਜਮਾਤ ਨੂੰ ਪੰਜਾਬੀ ਵੀ ਪੜ੍ਹਾ ਰਹੇ ਹਨ।
ਡਾ. ਸੰਧੂ, ਪੰਜਾਬੀ ਨੂੰ ਸਮਰਪਿਤ ਚਾਰ ਕਿਤਾਬਾਂ ਜਿਸ ਵਿੱਚ 'ਹਾਇਕੂ ਤ੍ਰਿੰਞਣ', 'ਰੰਗ ਸ਼ਹੂਦੀ' ਤੇ 'ਰਿਸ਼ਮ ਲੋਇ ਲੋਇ' ਵੀ ਸ਼ਾਮਿਲ ਹਨ, ਪਾਠਕਾਂ ਦੀ ਝੋਲੀ ਪਾ ਚੁੱਕੇ ਹਨ।
ਉਨ੍ਹਾਂ ਦੇ ਲਿਖੇ ਚਾਰ ਪੰਜਾਬੀ ਗੀਤ 'ਸਾਕ ਸਕੀਰੀ, 'ਮੋਰ ਪੰਖੀਆ', 'ਮਿਲਾਪ ਟੱਪੇ' ਤੇ 'ਗੱਲ ਸੁਣ ਜਾ ਕਾਸਦਾ' ਯੂ ਟਿਊਬ ਉੱਤੇ ਸੁਣੇ ਜਾ ਸਕਦੇ ਹਨ।
ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਐਸ ਬੀ ਐਸ ਪੰਜਾਬੀ ਨਾਲ ਇਸ ਗੱਲਬਾਤ ਦੌਰਾਨ ਉਨ੍ਹਾਂ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਮਾਂ ਬੋਲੀ ਪੰਜਾਬੀ ਨਾਲ਼ ਸਾਂਝ ਪਾਉਣ ਦਾ ਸੁਨੇਹਾ ਦਿੱਤਾ।
ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ....



