ਮੰਗਲਵਾਰ ਨੂੰ ਮੈਲਬੌਰਨ ਦੇ ਉੱਤਰ-ਪੱਛਮ ਵਿੱਚ ‘ਬੁੱਲਾ-ਡਿਗਰਜ਼’ ਰੋਡ ਉੱਤੇ ਵਾਪਰੀ ਇੱਕ ਭਿਆਨਕ ਸੜਕ ਦੁਰਘਟਨਾ ਵਿੱਚ ਆਸਟ੍ਰੇਲੀਆ ਦੇ ਨੌਜਵਾਨ ਗਾਇਕ ਨਿਰਵੈਰ ਸਿੰਘ ਦੀ ਮੌਤ ਹੋ ਗਈ ਹੈ।
ਡਿੱਗਰਜ਼ ਰੈਸਟ ਇਲਾਕੇ ਵਿੱਚ ਹੋਏ ਇਸ ਹਾਦਸੇ ਦੇ ਦੋ ਕਥਿਤ ਦੋਸ਼ੀਆਂ ਨੂੰ ਖਤਰਨਾਕ ਢੰਗ ਨਾਲ਼ ਕਾਰ ਚਲਾਉਣ ਲਈ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ ਅਤੇ ਨਿਰਵੈਰ ਨੂੰ ਆਪਣੇ ਮਿਲਾਪੜੇ ਸੁਭਾਅ ਕਰਕੇ ਯਾਦ ਕੀਤਾ ਜਾ ਰਿਹਾ ਹੈ।
ਮਰਹੂਮ ਗਾਇਕ ਦੇ ਸਾਬਕਾ ਸੰਗੀਤ ਅਧਿਆਪਕ ਬਿਕਰਮ ਮਲਹਾਰ ਨੇ ਐਸ.ਬੀ.ਐਸ. ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿਰਵੈਰ ਆਪਣੇ ਬੱਚਿਆਂ ਨੂੰ ਸੰਗੀਤ ਸਿਖਾਉਣਾ ਚਾਹੁੰਦੇ ਸਨ।
ਇੱਕ ਸਮਰਪਿਤ ਪਿਤਾ ਵਜੋਂ ਉਸ ਨੂੰ ਯਾਦ ਕਰਦਿਆਂ ਸ਼੍ਰੀ ਮਲਹਾਰ ਨੇ ਦੱਸਿਆ ਕਿ:
ਨਿਰਵੈਰ ਅਕਸਰ ਕਹਿੰਦਾ ਸੀ ਕਿ ਉਹਨਾਂ ਦੇ ਬੱਚੇ ਚਾਹੇ ਜਿਹੜੇ ਮਰਜ਼ੀ ਖੇਤਰ ਵਿੱਚ ਕੰਮ ਕਰਨ ਪਰ ਸੰਗੀਤ ਤੇ ਕਲਾ ਦਾ ਤੋਹਫ਼ਾ ਉਹ ਆਪਣੇ ਬੱਚਿਆਂ ਦੀ ਝੋਲੀ ਪਾਉਣਾ ਚਾਹੁੰਦੇ ਹਨ।ਬਿਕਰਮ ਮਲਹਾਰ
ਇੱਕ ਪ੍ਰਭਾਵਸ਼ਾਲੀ ਆਵਾਜ਼
ਬਿਕਰਮ ਮਲਹਾਰ ਹੁਣ ਕੁੱਝ ਸਮੇਂ ਤੋਂ ਨਿਰਵੈਰ ਦੇ ਬੱਚਿਆਂ ਨੂੰ ਸੰਗੀਤ ਸਿਖਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਭਾਈਚਾਰੇ ਨੇ ਇੱਕ 'ਪ੍ਰਭਾਵਸ਼ਾਲੀ ਆਵਾਜ਼ ਵਾਲੀ ਚੰਗੀ ਰੂਹ' ਨੂੰ ਗਵਾ ਦਿੱਤਾ ਹੈ।
ਇਸ ਹਾਦਸੇ ਤੋਂ ਉਦਾਸ ਹੋਏ ਸ਼੍ਰੀ ਮਲਹਾਰ ਨੇ ਨਿਰਵੈਰ ਦੇ ਗਾਇਕੀ ਦੇ ਸਫ਼ਰ ਦੀਆਂ ਕੁੱਝ ਯਾਦਾਂ ਸਾਂਝੀਆਂ ਕੀਤੀਆਂ।
ਉਹਨਾਂ ਦੱਸਿਆ ਕਿ ਉਹ ਨਿਰਵੈਰ ਨੂੰ 2009 ਤੋਂ ਜਾਣਦੇ ਸਨ ਜਿਸ ਸਮੇਂ ਉਸ ਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। 13 ਸਾਲ੍ਹਾਂ ਦੀ ਇਸ ਜਾਣ ਪਛਾਣ ਤੋਂ ਬਾਅਦ ਉਹ ਨਿਰਵੈਰ ਨੂੰ ‘ਮੂੰਹੋ ਕੱਢੇ ਬੋਲ ਪੁਗਾਉਣ ਵਾਲਾ’ ਵਿਅਕਤੀ ਦੱਸਦੇ ਹਨ।

ਨਿਰਵੈਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ।
ਕਿੰਗਲੇਕ ਵਾਸੀ ਚਰਨਾਮਤ ਸਿੰਘ ਦੇ 'ਫਾਰਮ' ਉੱਤੇ ਇਸ ਗਾਇਕ ਵੱਲੋਂ ਆਪਣੇ ਇੱਕ ਗੀਤ ਦੀ ਵੀਡੀਓ ਸ਼ੂਟ ਕੀਤੀ ਗਈ ਸੀ, ਨਿਰਵੈਰ ਨਾਲ ਆਪਣੀ ਸਾਂਝ ਨੂੰ ਯਾਦ ਕਰਦਿਆਂ ਚਰਨਾਮਤ ਹੋਰਾਂ ਦਾ ਕਹਿਣਾ ਹੈ ਕਿ ਥੋੜੀ ਜਿਹੀ ਜ਼ਿੰਦਗੀ ਵਿੱਚ ਬਹੁਤ ਸਾਰਾ ਪਿਆਰ ਕਮਾਉਣ ਵਾਲੇ ਨਿਰਵੈਰ ਨਾਲ ਉਹ ਪਰਿਵਾਰ ਸਮੇਤ ਮਿਲਦੇ ਵਰਤਦੇ ਸਨ।
ਗੱਲਬਾਤ ਕਰਦਿਆਂ ਉਨ੍ਹਾਂ ਮਰਹੂਮ ਗਾਇਕ ਦੇ ਪਰਿਵਾਰ ਅਤੇ ਕਰੀਬੀਆਂ ਨੂੰ ਇਸ ਔਖੀ ਘੜ੍ਹੀ ਵਿੱਚ ਹੌਂਸਲਾ ਰੱਖਣ ਲਈ ਕਿਹਾ।
"ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ੇ ਅਤੇ ਪਿੱਛੇ ਸਾਰੇ ਪਰਿਵਾਰ ਤੇ ਮਿੱਤਰਾਂ ਸੱਜਣਾ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸ਼ਾਇਦ ਇਨ੍ਹਾਂ ਹੀ ਸਾਥ ਲਿਖਿਆ ਸੀ ਪਰ ਤੂੰ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਜਿੰਦਾ ਰਹੇਂਗਾ ਤੇਰੀਆਂ ਯਾਦਾਂ ਤੇ ਤੇਰੇ ਗੀਤ ਸਦਾ ਹੀ ਫਿਜ਼ਾ ਵਿੱਚ ਗੂੰਜਦੇ ਰਹਿਣਗੇ," ਉਨ੍ਹਾਂ ਕਿਹਾ।

ਨਿਰਵੈਰ ਆਪਣੇ ਗੀਤ ‘ਤੇਰੇ ਬਿਨਾਂ’ ਲਈ ਜਾਣੇ ਜਾਂਦੇ ਸਨ। ਇਸ ਤੋਂ ਇਲਾਵਾ ਉਹਨਾਂ ਨੇ ‘ਜਾਨ ਤੋਂ ਜ਼ਿਆਦਾ’, ਹਿੱਕ ਠੋਕ ਕੇ’ ਅਤੇ ‘ਫਰਾਰੀ ਡ੍ਰੀਮ’ ਵਰਗੇ ਕਈ ਗੀਤ ਗਾਏ ਸਨ।
ਵਿਕਟੋਰੀਆ ਪੁਲਿਸ ਦੇ ਇੱਕ ਬੁਲਾਰੇ ਨੇ ਐਸ.ਬੀ.ਐਸ ਪੰਜਾਬੀ ਨੂੰ ਦੱਸਿਆ ਕਿ ਮੌਕੇ ਉੱਤੇ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਵਿੱਚ ਵਾਲਨ ਦਾ ਇੱਕ 23-ਸਾਲਾ ਵਿਅਕਤੀ ਅਤੇ ਸਨਬਰੀ ਦੀ ਇੱਕ 26-ਸਾਲਾ ਔਰਤ ਸ਼ਾਮਲ ਹੈ।
ਪੁਲਿਸ ਵੱਲੋਂ ਜਲਦ ਹੀ ਇੰਨ੍ਹਾਂ ਤੋਂ ਪੁੱਛ-ਗਿੱਛ ਕੀਤੇ ਜਾਣ ਦੀ ਉਮੀਦ ਹੈ।
ਹਾਦਸੇ ਵਿੱਚ ਸ਼ਾਮਲ ਤੀਜੇ ਵਾਹਨ ਦੀ ਔਰਤ 'ਡਰਾਈਵਰ' ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਹ ਅਜੇ ਜੇਰੇ ਇਲਾਜ ਹੈ।
ਡੈਸ਼ਕੈਮ/ਸੀ.ਸੀ.ਟੀ.ਵੀ ਫੁਟੇਜ ਜਾਂ ਕਿਸੇ ਵੀ ਜਾਣਕਾਰੀ ਵਾਲਾ ਵਿਅਕਤੀ 1800 333 000 ਉੱਤੇ ‘ਕ੍ਰਾਈਮ ਸਟੌਪਰਜ਼’ ਨਾਲ ਸੰਪਰਕ ਜਾਂ ਇਸ ਵੈਬਸਾਈਟ ਉੱਤੇ ਰਿਪੋਰਟ ਕਰ ਸਕਦਾ ਹੈ।
ਇਹ ਜਾਣਕਾਰੀ ਅੰਗ੍ਰੇਜ਼ੀ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ




