ਦਲਜੀਤ ਕੌਰ ਬਾਂਸਲ ਜੋ ਸਾਲ 2016 ਤੋਂ ਲਗਾਤਾਰ ਹਰ ਸ਼ਨੀਵਾਰ ਵਾਲੇ ਦਿਨ ਨਿਊ ਸਾਊਥ ਵੇਲਜ਼ ਦੇ ਸਕੂਲੀ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾ ਰਹੇ ਹਨ ਦਾ ਕਹਿਣਾ ਹੈ ਕਿ ਨੌਜਵਾਨਾਂ ਲਈ ਬਹੁ-ਭਾਸ਼ਾਈ ਹੋਣ ਦੇ ਕਈ ਲਾਭ ਹਨ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, “ਇਸ ਸਾਲ ਦੇ 12ਵੀਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ। ਸਾਰੇ ਹੀ ਵਿਦਿਆਰਥੀਆਂ ਨੇ ਬੈਂਡ ਚਾਰ ਤੋਂ ਉੱਪਰ ਦੇ ਅੰਕ ਪ੍ਰਾਪਤ ਕੀਤੇ ਹਨ”।
ਨਿਊ ਸਾਊਥ ਵੇਲਜ਼ ਦੇ ਸਿਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਸਿਖਾਉਣ ਲਈ ਹਰ ਸ਼ਨੀਵਾਰ ਵਾਲੇ ਦਿਨ ਸੈਕੰਡਰੀ ਕਾਲਜ ਆਫ ਲੈਂਗੂਏਜ ਵਿੱਚ ਕਲਾਸਾਂ ਲਗਾਈਆਂ ਜਾਂਦੀਆਂ ਹਨ ਜੋ ਕਿ ਸਿਡਨੀ ਦੇ ਸੈਵਨ ਹਿੱਲਜ਼, ਲਿਵਰਪੂਲ, ਪੈਰਾਮੈਟਾ ਆਦਿ ਕਈ ਥਾਵਾਂ ਤੇ ਮੌਜੂਦ ਹਨ।
ਸ਼੍ਰੀਮਤੀ ਬਾਂਸਲ ਨੇ ਦੱਸਿਆ ਕਿ ਪੰਜਾਬੀ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਸੰਖਿਆ ਵਿੱਚ ਪਿਛਲੇ ਸਾਲਾਂ ਦੌਰਾਨ ਕਾਫੀ ਉਤਰਾਅ ਚੜਾਅ ਰਹੇ ਹਨ।
“ਨਵੇਂ ਪ੍ਰਵਾਸ ਕਰਕੇ ਆਏ ਕਈ ਮਾਪਿਆਂ ਨੂੰ ਸ਼ਾਇਦ ਅਜੇ ਵੀ ਇਹ ਨਹੀਂ ਪਤਾ ਕਿ ਨਿਊ ਸਾਊਥ ਵੇਲਜ਼ ਦੇ ਸਕੂਲਾਂ ਵਿੱਚ ਪੰਜਾਬੀ ਦਾ ਵਿਸ਼ਾ ਬਿਲਕੁਲ ਮੁਫਤ ਪੜ੍ਹਾਇਆ ਜਾਂਦਾ ਹੈ। ਪੰਜਾਬੀ ਦਾ ਵਿਸ਼ਾ ਦੋ ਯੂਨਿਟ ਸਬਜੈਕਟਸ ਦੇ ਬਰਾਬਰ ਪੜ੍ਹਿਆ ਜਾ ਸਕਦਾ ਹੈ," ਉਨ੍ਹਾਂ ਕਿਹਾ।
ਉਨ੍ਹਾਂ ਭਾਈਚਾਰੇ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਗਲੀ ਪੀੜ੍ਹੀ ਨੂੰ ਮਾਂ-ਬੋਲੀ ਨਾਲ ਜੋੜਨ ਲਈ ਸਭ ਨੂੰ ਮਿਲਕੇ ਹੰਭਲਾ ਮਾਰਨਾ ਹੋਵੇਗਾ।
ਹੋਰ ਜਾਣਕਾਰੀ ਲਈ ਇਹ ਆਡੀਓ ਇੰਟਰਵਿਊ ਸੁਣੋ.....