2017 ਵਿੱਚ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦਿੱਤੇ ਜਾਣ ਦੇ ਬਾਵਜੂਦ ਵੀ ਐਲਜੀਬੀਟੀਆਈ ਕਾਰਕੁਨ ਵਿਆਪਕ ਅਧਿਕਾਰਾਂ ਵਾਸਤੇ ਹਾਲੇ ਵੀ ਲਗਾਤਾਰ ਵਕਾਲਤ ਕਰ ਰਹੇ ਹਨ।
ਐਲਜੀਬੀਟੀਆਈ ਇੱਕ ਸਮੂਹਕ ਸ਼ਬਦ ਹੈ ਜੋ ਕਿ ਲੈਸਬੀਅਨ, ਗੇਅ, ਬਾਈ-ਸੈਕਸੂਅਲ, ਟਰਾਂਸਜੈਂਡਰ ਜਾਂ ਇੰਟਰਸੈਕਸ ਲੋਕਾਂ ਦਾ ਹਵਾਲਾ ਦਿੰਦਾ ਹੈ, ਹਾਲਾਂਕਿ ਕਈ ਸਭਿਆਚਾਰਾਂ ਵਿੱਚ ਇਹਨਾਂ ਲੋਕਾਂ ਦਾ ਵਰਨਣ ਕਰਨ ਲਈ ਕੋਈ ਖਾਸ ਸ਼ਬਦ ਨਹੀਂ ਹਨ।
ਬ੍ਰਿਟਿਸ਼ ਸ਼ਾਹੀ ਕਾਨੂੰਨਾਂ ਹੇਠ ਆਸਟਰੇਲੀਆ ਵਿੱਚ ਸਮਲਿੰਗਕਤਾ ਇੱਕ ਅਪਰਾਧ ਸੀ। 1924 ਤੱਕ ਨਿਊ ਸਾਊਥ ਵੇਲਜ਼ ਵਿੱਚ, ਸਮਲਿੰਗੀ ਸਬੰਧ ਬਨਾਉਣ ਵਾਲੇ ਮਰਦਾਂ ਨੂੰ ਉਮਰ ਕੈਦ ਦਿੱਤੀ ਜਾਂਦੀ ਰਹੀ ਹੈ। ਦੂਜੇ ਪਾਸੇ ਵਿਕਟੋਰੀਆ ਵਿੱਚ ਤਾਂ 1949 ਤੱਕ ਸਮਲਿੰਗੀ ਕੰਮਾਂ ਕਾਰਨ ਮੌਤ ਦੀ ਸਜਾ ਦਿੱਤੀ ਜਾਂਦੀ ਸੀ।
1975 ਵਿੱਚ ਉੱਤਰੀ ਆਸਟਰੇਲੀਆ ਵਲੋਂ ਇਸ ਦੇ ਹੱਕ ਵਿੱਚ ਕਾਨੂੰਨ ਬਦਲੀ ਕੀਤੇ ਜਾਣ ਤੋਂ ਬਾਅਦ ਬਾਕੀ ਰਾਜਾਂ ਨੇ ਵੀ ਇਸ ਨੂੰ ਅਪਰਾਧ ਦੀ ਸ਼ਰੇਣੀ ਵਿੱਚੋਂ ਕਢਣਾ ਸ਼ੁਰੂ ਕਰ ਦਿੱਤਾ। ਅਤੇ ਤਸਮਾਨੀਆ ਨੇ ਵੀ ਆਖਰ 1997 ਵਿੱਚ ਇਸ ਨੂੰ ਕਾਨੂੰਨੀ ਤੌਰ ਤੇ ਮਾਨਤਾ ਦੇ ਹੀ ਦਿੱਤੀ।
ਲਾ-ਟਰੋਬ ਯੂਨਿਵਰਸਿਟੀ ਦੇ ਹਿਊਮਨ ਰਾਈਟਸ ਲਾਅ ਸੈਂਟਰ ਅਤੇ ਗੇਅ ਐਂਡ ਲੈਸਬਿਅਨ ਹੈਲਥ ਵਿਕਟੋਰੀਆ ਵਲੋਂ ਸਾਲ 2018 ਵਿੱਚ ਸਾਂਝੇ ਤੌਰ ਤੇ ਪ੍ਰਕਾਸ਼ਤ ਕੀਤੀ ਇੱਕ ਰਿਪੋਰਟ ਵਿੱਚ ਦਸਿਆ ਗਿਆ ਹੈ ਕਿ ਸਮਲਿੰਗੀ ਲੋਕਾਂ ਵਿੱਚੋਂ 10% ਦਾ ਰੂਝਾਨ ਆਪਣੇ ਅੰਗਾਂ ਦੇ ਪਰਿਵਰਤਨ ਕਰਨ ਵੱਲ ਹੈ।
ਪਾਦਰੀ ਐਂਡਰੇ ਅਫਮਾਸਾਗਾ ਜਿਸਨੇ ਕਈ ਸਾਲ ਅਜਿਹਾ ਸਭ ਕੁੱਝ ਕਰਨ ਵਿੱਚ ਲਗਾਏ ਹਨ, ਅਨੁਸਾਰ ਇਹ ਇੱਕ ਬਹੁਤ ਹੀ ਤਕਲੀਫ ਦੇਣ ਵਾਲੀ ਕਿਰਿਆ ਹੈ।
ਬੇਸ਼ਕ ਇੱਕ ਬਹੁਤ ਹੀ ਨਿੱਘੇ ਅਤੇ ਪਿਆਰ ਕਰਨ ਵਾਲੇ ਇਸਾਈ ਪਰਿਵਾਰ ਵਿੱਚ ਪਲੇ ਹੋਣ ਦੇ ਬਾਵਜੂਦ, ਅਫਮਾਸਾਗਾ ਆਪਣੀ ਸਾਰੀ ਜਿੰਦਗੀ ਹੀ ਸਮਲਿੰਗੀ ਹੋਣ ਕਾਰਨ ਹੀਨ-ਭਾਵਨਾ ਵਿੱਚ ਰਹੇ।
ਨੈਸ਼ਨਲ ਐਲਜੀਬੀਟੀ ਹੈਲਥ ਅਲਾਇੰਸ ਦੇ ਅੰਕੜਿਆਂ ਤੋਂ ਪਤਾ ਚਲਿਆ ਹੈ ਕਿ 16 ਤੋਂ 27 ਸਾਲਾਂ ਦੇ ਉਹਨਾਂ ਨੌਜਵਾਨਾਂ, ਜੋ ਕਿ ਸਮਲਿੰਗੀ ਹਨ, ਵਿੱਚ ਆਤਮ ਹੱਤਿਆ ਕਰਨ ਦੀ ਭਾਵਨਾ ਦੂਜਿਆਂ ਦੇ ਮੁਕਾਬਲੇ ਪੰਜ ਗੁਣਾਂ ਜਿਆਦਾ ਹੁੰਦੀ ਹੈ। ਪਾਦਰੀ ਵਜੋਂ ਸੇਵਾ ਕਰਨ ਵਾਲੇ ਅੰਤਾਂ ਦੇ ਧਾਰਮਿਕ ਵਿਅਕਤੀ ਅਫਮਾਸਾਗਾ ਨੇ ਵੀ ਇੱਕ ਵਾਰ ਅਜਿਹਾ ਹੀ ਸੋਚਿਆ ਸੀ।
ਪਰ ਅਜਿਹੀਆਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਦੇ ਬਾਵਜੂਦ ਅਫਮਾਸਾਗਾ ਆਪਣੀ ਅਸਲ ਪਹਿਚਾਣ ਕਾਇਮ ਕਰਨ ਵਿੱਚ ਆਖਰ ਕਾਮਯਾਬ ਹੋ ਹੀ ਗਿਆ।
ਆਸਟਰੇਲੀਅਨ ਹਿਊਮਨ ਰਾਈਟਸ ਕਮਿਸ਼ਨ ਵਲੋਂ ਸਾਲ 2014 ਵਿੱਚ ਕੀਤੀ ਇੱਕ ਰਿਪੋਰਟ ਵਿੱਚ ਪਤਾ ਚਲਿਆ ਸੀ ਕਿ ਦੱਸਾਂ ਵਿੱਚੋਂ ਛੇ ਸਮਲਿੰਗੀਆਂ ਨਾਲ ਜ਼ਬਾਨੀ ਸ਼ੋਸ਼ਣ ਹੋਇਆ ਸੀ। ਜਦੋਂ ਕਿ ਦੱਸਾਂ ਵਿੱਚੋਂ ਦੋ ਨੇ ਸਰੀਰਕ ਸਮੂਹਕ ਸ਼ੋਸ਼ਣ ਦਾ ਅਨੁਭਵ ਕੀਤਾ ਸੀ। ਟਰਾਂਸਜੈਂਡਰ ਮਰਦਾਂ ਅਤੇ ਔਰਤਾਂ ਵਿੱਚ ਇਹ ਦਰ ਬਹੁਤ ਜਿਆਦਾ ਸੀ।
100 ਵਿੱਚੋਂ 11 ਅਜਿਹੇ ਆਸਟਰੇਲੀਅਨ ਜੋ ਕਿ ਆਪਣੇ ਆਪ ਨੂੰ ਸਮਲਿੰਗੀ ਕੈਟੇਗਰੀ ਵਿੱਚ ਮੰਨਦੇ ਹਨ ਨੂੰ ਉਚਿਤ ਸਿਹਤ ਸੇਵਾਵਾਂ ਮਿਲ ਸਕਣ, ਇਸ ਵਾਸਤੇ ਇਕੂਐਲਿਟੀ ਆਸਟਰੇਲੀਆ ਨੇ ਮਰਦਮ ਸ਼ੁਮਾਰੀ ਵਿੱਚ ਜਿਨਸੀ ਪਛਾਣ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ।
ਡਾ ਜੂਡੀ ਟਾਂਗ ਅਨੁਸਾਰ ਰੰਗਾਂ ਵਾਲੇ ਲੋਕ ਜੋ ਕਿ ਪਹਿਲਾਂ ਹੀ ਨਸਲੀ ਵਿਤਕਰੇ ਨਾਲ ਜੂਝ ਰਹੇ ਹੁੰਦੇ ਹਨ, ਵਿਚਲੇ ਸਮਲਿੰਗੀਆਂ ਲਈ ਹੋਰ ਵਧੇਰੇ ਚੁਣੋਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
2008 ਵਿੱਚ ਰੱਡ ਸਰਕਾਰ ਨੇ ਫੈਡਰਲ ਕਾਨੂੰਨਾਂ ਵਿੱਚ ਤਬਦੀਲੀਆਂ ਕਰਦੇ ਹੋਏ ਸਮਲਿੰਗੀ ਜੋੜਿਆਂ ਵਿਰੁੱਧ ਹੋਣ ਵਾਲੇ ਸੁਪਰਐਨੂਏਸ਼ਨ, ਸਮਾਜਕ ਸੁਰੱਖਿਆ, ਵਰਕਰਸ ਕੰਪਨਸੇਸ਼ਨ, ਟੈਕਸ, ਇਮੀਗ੍ਰੇਸ਼ਨ, ਨਾਗਰਿਕਤਾ ਅਤੇ ਏਜਡ ਕੇਅਰ ਵਰਗੇ ਵਿਤਕਰਿਆਂ ਨੂੰ ਖਤਮ ਕਰ ਦਿੱਤਾ ਸੀ। ਘਾਸਾਨ ਕਸੀਹ ਦਾ ਮੰਨਣਾ ਹੈ ਕਿ 80ਵਿਆਂ ਵਿੱਚ ਕੀਤੇ ਸੁਧਾਰਾਂ ਨਾਲ ਹੀ ਮੌਜੂਦਾ ਆਸਟਰੇਲੀਆ ਵਿਚਲੇ ਸਮਲਿੰਗੀ ਕਾਨੂੰਨਾਂ ਦਾ ਮੁੱਢ ਬੱਝਾ ਸੀ।
ਸਾਲ 2017 ਵਿੱਚ ਡਾਕ ਰਾਂਹੀ ਕਰਵਾਏ ਦੇਸ਼ ਵਿਆਪੀ ਸਰਵੇਖਣ ਵਿੱਚ ਆਸਟਰੇਲੀਆ ਦੀ 61.6% ਅਬਾਦੀ ਵਲੋਂ ਵਿਆਹਾਂ ਵਿੱਚ ਬਰਾਬਰੀ ਦਾ ਸਮਰਥਨ ਕੀਤੇ ਜਾਣ ਤੋਂ ਬਾਅਦ, ਸਮਲਿੰਗੀ ਜੋੜੇ ਆਸਟਰੇਲੀਆ ਵਿੱਚ ਕਾਨੂੰਨੀ ਤੌਰ ਤੇ ਵਿਆਹ ਕਰਵਾਉਣ ਦੇ ਯੋਗ ਹੋ ਗਏ ਹਨ। ਅਪ੍ਰੈਲ 2018 ਤੋਂ ਇਹ ਜੌੜੇ ਆਸਟਰੇਲੀਆ ਦੇ ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚੋਂ ਬੱਚਿਆਂ ਨੂੰ ਗੋਦ ਲੈਣ ਦੇ ਵੀ ਯੋਗ ਹੋ ਗਏ ਹਨ।
ਲਿਵਿੰਗ ਐਂਡ ਲਵਿੰਗ ਆਸਟਰੇਲੀਆ ਦੀ ਚੀਫ ਐਡੀਟਰ ਮਾਰੀਆ ਪੈਲੋਟਾ-ਚੀਆਰੋਲੀ ਦਾ ਕਹਿਣਾ ਹੈ ਕਿ ਕੁੱਝ ਪ੍ਰਵਾਸੀ ਪਰਿਵਾਰਾਂ ਲਈ ਸਮਲਿੰਗੀ ਜੋੜਿਆਂ ਦੀ ਬੱਚੇ ਪੈਦਾ ਕਰਨ ਵਾਲੀ ਯੋਗਤਾ ਇੱਕ ਨਵੀਂ ਹੀ ਖੇਡ ਹੈ।
ਘਾਸਾਨ ਕਸੀਹ ਦਾ ਕਹਿਣਾ ਹੈ ਕਿ ਸਾਰੇ ਆਸਟਰੇਲੀਅਨਾਂ ਨੂੰ ਵਿਆਪਕ ਅਧਿਕਾਰ ਪ੍ਰਦਾਨ ਕਰਨ ਲਈ ਅਜੇ ਹੋਰ ਵੀ ਬਹੁਤ ਕੁੱਝ ਕਰਨ ਦੀ ਲੋੜ ਹੈ।
ਆਸਟਰੇਲੀਅਨ ਮੈਡੀਕਲ ਐਸੋਸ਼ੀਏਸ਼ਨ ਨੇ 1973 ਦੇ ਅਖੀਰ ਵਿੱਚ ਜਾ ਕੇ ਹੀ ਸਮਲਿੰਗਕਤਾ ਨੂੰ ਬਿਮਾਰੀ ਅਤੇ ਵਿਕਾਰ ਦੀ ਸੂਚੀ ਵਿੱਚੋਂ ਹਟਾਇਆ ਸੀ। ਕਸੀਹ ਕਹਿੰਦੇ ਹਨ ਕਿ ਬਹੁਤ ਸਾਰੇ ਪਰਵਾਸੀ ਭਾਈਚਾਰੇ ਅਜੇ ਵੀ ਲਿੰਗਕਤਾ ਬਾਰੇ ਪਛੜੇ ਵਿਚਾਰ ਰਖਦੇ ਹਨ।
ਡੀਕਿਨ ਯੂਨਿਵਰਸਿਟੀ ਦੇ ਸਕੂਲ ਆਫ ਹੈਲਥ ਐਂਡ ਸੋਸ਼ਲ ਡਿਵੈਲਪਮੈਂਟ ਵਿੱਚ ਸੀਨੀਅਰ ਲੈਕਚਰਾਰ ਵਜੋਂ ਆਸਟਰੇਲੀਆ ਦੇ ਐਲ ਜੀ ਬੀ ਟੀ ਆਈ ਭਾਈਚਾਰੇ ਤੇ ਵਿਆਪਕ ਖੋਜ ਕਰਨ ਵਾਲੀ ਮਾਰੀਆ ਪਾਲੇਟਾ-ਚਿਆਰੋਲੀ ਕਹਿੰਦੀ ਹੈ ਕਿ ਸਮਾਜ ਵਿੱਚ ਅਸਲ ਤਬਦੀਲੀ ਪਰਿਵਾਰ ਤੋਂ ਹੀ ਸ਼ੁਰੂ ਹੁੰਦੀ ਹੈ।
ਜੇ ਤੁਸੀਂ ਕਿਸੇ ਕਿਸਮ ਦੇ ਸੰਘਰਸ਼ ਵਿੱਚੋਂ ਲੰਘ ਰਹੇ ਹੋ ਤਾਂ ਲਾਈਫ-ਲਾਈਨ ਨੂੰ 13 11 14, ਸੂਸਾਈਡ ਕਾਲ ਬੈਕ ਸੇਵਾ ਨੂੰ 133 659 467 ਜਾਂ 1800 737 732 ਅਤੇ ਕਿਡਸ ਹੈਲਪ ਲਾਈਨ ਨੂੰ 1800 55 1800 ਤੇ ਫੋਨ ਕਰ ਸਕਦੇ ਹੋ। ਇਸ ਤੋਂ ਅਲਾਵਾ ਬਲੂ.ਔਰਗ.ਏਯੂ ਅਤੇ ਲਾਈਫਲਾਈਨ.ਔਰਗ.ਏਯੂ ਤੇ ਵੀ ਜਾ ਸਕਦੇ ਹੋ।
Listen to SBS Punjabi Monday to Friday at 9 pm. Follow us on Facebook and Twitter.






