ਇਸ ਐਲਾਨ ਪਿੱਛੋਂ ਵਿਕਟੋਰੀਆ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਵਿੱਚ ਖਾਸ ਹਿਲਜੁਲ ਹੋਈ ।
ਇਸ ਐਲਾਨ ਨੂੰ ਵਿਦੇਸ਼ੀ ਅਤੇ ਅੰਤਰਰਾਜੀ ਡਰਾਈਵਰ ਲਾਇਸੈਂਸਾਂ ਨੂੰ ਵਿਕਟੋਰੀਯਨ ਲਾਇਸੈਂਸ ਵਿਚ ਤਬਦੀਲ ਕਰਨ ਲਈ ਇੱਕ ਨਿਰਪੱਖ ਅਤੇ ਅਸਾਨ ਵਿਵਸਥਾ ਦੱਸਦੇ ਹੋਏ, ਵਿਕਰੋਡਜ਼ ਨੇ ਭਾਰਤੀ ਮੂਲ ਦੇ ਆਸਟਰੇਲੀਆ ਨਿਵਾਸੀਆਂ ਵੱਲੋਂ ਆਉਣ ਵਾਲਿਆਂ ਅਰਜ਼ੀਆਂ ਵਿਚ ਭਾਰੀ ਵਾਧਾ ਦਰਜ ਕੀਤਾ ਹੈ।
ਮੋਨਿਕਾ ਬਾਂਸਲ ਪਿਛਲੇ 10 ਸਾਲਾਂ ਤੋਂ ਮੈਲਬੌਰਨ ਵਿਚ ਰਹਿ ਰਹੀ ਹੈ। ਉਹ ਇੰਨੇ ਸਾਲਾਂ ਤੋਂ ਆਪਣੇ ਭਾਰਤੀ ਡਰਾਈਵਰ ਲਾਇਸੈਂਸ 'ਤੇ ਡਰਾਈਵਿੰਗ ਕਰ ਰਹੀ ਸੀ ਕਿਉਂਕਿ ਉਹ ਅਜੇ ਵੀ ਆਪਣੀ ਪਰਮਾਨੈਂਟ ਰੇਜ਼ੀਡੈਂਸੀ ਦੀ ਉਡੀਕ ਕਰ ਰਹੀ ਹੈ।
ਮੋਨਿਕਾ ਕਹਿੰਦੀ ਹੈ, “ਮੈਂ ਆਪਣੀ ਪਰਮਾਨੈਂਟ ਰੇਜ਼ੀਡੈਂਸੀ ਆਉਣ ਤੋਂ ਬਾਅਦ ਵਿਕਟੋਰੀਅਨ ਲਾਇਸੈਂਸ ਬਣਵਾਉਣ ਦੀ ਯੋਜਨਾ ਬਣਾਈ ਸੀ ਕਿਉਂਕਿ ਬੇਸ਼ਕ ਮੇਰਾ ਡਰਾਈਵਿੰਗ ਰਿਕਾਰਡ ਸਾਫ ਹੈ, ਮੈਂ ਡੀਮੈਰਿਟ ਪੁਆਇੰਟਸ ਮਿਲਣ ਨਾਲ ਆਪਣੇ ਵੀਜ਼ਾ ਮਿਲਣ ਦੀ ਸੰਭਾਵਨਾ ਉੱਤੇ ਕੋਈ ਮਾੜਾ ਅਸਰ ਨਹੀਂ ਸੀ ਪੈਣ ਦੇਣਾ ਚਾਹੁੰਦੀ।"
ਪਰ ਵਿਕਰੋਡਜ਼ ਦੇ ਇਸ ਐਲਾਨ ਨਾਲ ਮੋਨਿਕਾ ਨੂੰ ਵੀ ਹਰਕਤ ਵਿੱਚ ਆਉਣਾ ਪਿਆ।
ਵਿਕਰੋਡਜ਼ ਦੇ ਇਕ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਨਵੰਬਰ 2019 ਤੋਂ ਜਨਵਰੀ 2020 ਦੀ ਮਿਆਦ ਵਿਚ ਵਿਦੇਸ਼ੀ ਡਰਾਈਵਰ ਲਾਇਸੈਂਸਾਂ ਨੂੰ ਵਿਕਟੋਰੀਅਨ ਲਾਇਸੈਂਸਾਂ ਵਿਚ ਤਬਦੀਲ ਕਰਨ ਲਈ ਅਰਜ਼ੀਆਂ ਦੀ ਗਿਣਤੀ ਵਿਚ ਇਕ ਸਾਲ ਪਹਿਲਾਂ ਦੀ ਇਸੇ ਹੀ ਮਿਆਦ ਦੇ ਮੁਕਾਬਲੇ 44 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
"ਮੈਂਨੂੰ ਵਿਕਰੋਡਜ਼ ਦੇ ਹਰ ਦਫਤਰ ਵਿੱਚ ਬਿਨੈਕਾਰਾਂ ਦੀ ਲੰਬੀ ਕਤਾਰ ਮਿਲੀ। ਮੇਰੀ ਪਰੇਸ਼ਾਨੀ ਵੱਧ ਰਹੀ ਸੀ ਕਿਉਂਕਿ ਉਨ੍ਹਾਂ ਦਾ ਕੰਪਿਊਟਰ ਸਿਸਟਮ ਲੋੜੀਂਦੇ ਡਰਾਈਵਿੰਗ ਇਮਤਿਹਾਨ ਦੇਣ ਵਾਸਤੇ ਦੋ ਮਹੀਨੇ ਦੀ ਉਡੀਕ ਵਿਖਾ ਰਿਹਾ ਸੀ। ਮੇਰੇ ਭਾਰਤੀ ਡਰਾਈਵਿੰਗ ਲਾਇਸੈਂਸ ਦੀ ਵੈਧਤਾ ਵੀ ਸਿਰਫ ਤਿੰਨ ਮਹੀਨੇ ਹੀ ਬਚੀ ਸੀ। ਮੈਂ ਇਹ ਸੋਚ ਕੇ ਬਹੁਤ ਪਰੇਸ਼ਾਨ ਹੋ ਰਹੀ ਸੀ ਕਿ ਕੀ ਮੈਂ ਆਪਣੀ ਪਰਮਾਨੈਂਟ ਰੇਜ਼ੀਡੈਂਸੀ ਆਉਣ ਤਕ ਆਸਟਰੇਲੀਆ ਵਿੱਚ ਗੱਡੀ ਚਲਾ ਵੀ ਪਾਵਾਂਗੀ ਜਾਂ ਨਹੀਂ," ਮੋਨਿਕਾ ਨੇ ਕਿਹਾ।

Licensing tests in Victoria resume from June 15. Source: Getty Images/mikroman6
ਲੇਕਿਨ ਮੋਨਿਕਾ ਕਹਿੰਦੀ ਹੈ ਕਿ ਵਿਕਰੋਡਜ਼ ਨੇ ਉਸਦੀ ਅਰਜ਼ੀ ਨੂੰ ਤਰਜੀਹ ਦਿੱਤੀ।
“ਜਦ ਮੈਂ ਆਪਣੀ ਸਥਿਤੀ ਉਹਨਾਂ ਨੂੰ ਸਮਝਾਈ, ਤਾਂ ਉਹਨਾਂ ਨੇ ਹਰ ਕਦਮ ਤੇ ਮੇਰੀ ਮਦਦ ਕੀਤੀ। ਹਾਲਾਂਕਿ ਮੈਨੂੰ ਆਪਣੇ ਇਮਤਿਹਾਨ ਦੇਣ ਲਈ ਵਿਕਰੋਡਜ਼ ਦੇ ਵੱਖ ਵੱਖ ਦਫਤਰਾਂ ਵੱਲ ਦੌੜਨਾ ਪਿਆ, ਪਰ ਮੈਨੂੰ ਖੁਸ਼ੀ ਹੈ ਕਿ ਮੇਰੀ ਪਰਮਾਨੈਂਟ ਰੇਜ਼ੀਡੈਂਸੀ ਆਉਣ ਤੋਂ ਪਹਿਲਾਂ ਹੀ ਮੇਰੇ ਕੋਲ ਇੱਕ ਆਸਟਰੇਲੀਆਈ ਸ਼ਨਾਖਤੀ ਪੱਤਰ ਬਣ ਚੁਕਿਆ ਹੈ," ਮੋਨਿਕਾ ਕਹਿੰਦੀ ਹੈ।
ਵਿਕਟੋਰੀਆ ਵਿੱਚ ਛੇ ਮਹੀਨੇ ਜਾਂ ਇਸ ਤੋਂ ਵੱਧ ਸਮੇਂ ਤੋਂ ਰਹਿ ਰਹੇ ਵਿਦੇਸ਼ੀ ਡਰਾਈਵਰ ਲਾਈਸੈਂਸ ਧਾਰਕਾਂ ਕੋਲ ਆਪਣੇ ਲਾਇਸੰਸਾਂ ਨੂੰ ਤਬਦੀਲ ਕਰਨ ਲਈ 29 ਅਪ੍ਰੈਲ ਤੱਕ ਦਾ ਹੀ ਸਮਾਂ ਹੈ।
ਵਿਕਰੋਡਜ਼ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਨਵੰਬਰ 2019 ਤੋਂ ਜਨਵਰੀ 2020 ਦੀ ਮਿਆਦ ਲਈ, ਵਿਦੇਸ਼ੀ ਲਾਇਸੈਂਸ ਦੀ ਤਬਦੀਲੀ ਦੀਆਂ 16,500 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ 6,700 ਭਾਰਤੀ ਲਾਇਸੈਂਸਾਂ ਨਾਲ ਸਬੰਧਤ ਸਨ। ਇਹ ਅੰਕੜਾ ਸਿਰਫ ਤਿੰਨ ਮਹੀਨਿਆਂ ਵਿੱਚ ਵਿਕਰੋਡਜ਼ ਦੁਆਰਾ ਪ੍ਰਾਪਤ ਕੁਲ ਵਿਦੇਸ਼ੀ ਲਾਇਸੈਂਸ ਅਰਜ਼ੀਆਂ ਦਾ 40.7 ਫੀ ਸਦੀ ਬਣਦਾ ਹੈ।
ਇਸ ਮਿਆਦ ਵਿਚ ਪਿਛਲੇ ਸਾਲ ਦੇ ਮੁਕਾਬਲੇ 3,900 ਹੋਰ ਵਿਦੇਸ਼ੀ ਲਾਇਸੰਸ ਤਬਦੀਲ ਕਰਨ ਦੀਆਂ ਅਰਜ਼ੀਆਂ ਦਰਜ ਕੀਤੀਆਂ ਗਈਆਂ, ਜੋਕਿ 31 ਫੀ ਸਦ ਦਾ ਵਾਧਾ ਦਰਸਾਉਂਦਾ ਹੈ।
ਪਰ ਵਿਸ਼ੇਸ਼ ਤੌਰ 'ਤੇ ਭਾਰਤੀ ਲਾਇਸੈਂਸਾਂ ਦੀ ਤਬਦੀਲੀ ਲਈ, ਇਸ ਸਾਲ ਦੀ ਨਵੰਬਰ ਤੋਂ ਜਨਵਰੀ ਦੀ ਮਿਆਦ ਵਿਚ ਪਿਛਲੇ ਸਾਲ ਨਾਲੋਂ 2,100 ਅਰਜ਼ੀਆਂ ਵੱਧ ਦਰਜ ਕੀਤੀਆਂ ਗਈਆਂ ਹਨ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 44 ਫੀ ਸਦੀ ਦਾ ਵਾਧਾ ਦਰਸਾਉਂਦਾ ਹੈ।
ਵਿਕਰੋਡਜ਼ ਨੇ ਇਹ ਵੀ ਦੱਸਿਆ ਕਿ ਇਸੇ ਮਿਆਦ ਵਿਚ, 71 ਫੀਸਦੀ ਭਾਰਤੀ ਡਰਾਈਵਰਾਂ ਨੇ ਆਪਣਾ ਡਰਾਈਵਰ ਟੈਸਟ ਪਾਸ ਕੀਤਾ ਅਤੇ ਉਹਨਾਂ ਦੇ ਭਾਰਤੀ ਲਾਇਸੈਂਸ ਸਫਲਤਾਪੂਰਵਕ ਵਿਕਟੋਰੀਅਨ ਲਾਇਸੈਂਸਾਂ ਵਿੱਚ ਤਬਦੀਲ ਹੋ ਗਏ।
ਇਸ ਪੋਡਕਾਸਟ ਨੂੰ ਪੰਜਾਬੀ ਵਿਚ ਸੁਣਨ ਲਈ ਤਸਵੀਰ ਦੇ ਅੰਦਰ ਬਣੇ ਸਪੀਕਰ ਉੱਤੇ ਕਲਿਕ ਕਰੋ।