ਆਪਣੇ ਰੋਜ਼ਮੱਰਾ ਦੇ ਕੰਮ ਦੌਰਾਨ ਜੀਤ ਇੱਕ ਦਿਨ ਬੱਸ ਚਲਾ ਰਹੇ ਸਨ, ਜਦੋਂ ਇੱਕ ਸਕੂਲੀ ਬੱਚਾ ਇਹਨਾਂ ਦੀ ਬੱਸ ਵਿਚ ਚੜਿਆ। ਉਸਦੇ ਚੇਹਰੇ 'ਤੇ ਘਬਰਾਹਟ ਸਾਫ ਦਿਸ ਰਹੀ ਸੀ।
ਜਦ ਜੀਤ ਨੇ ਉਸਨੂੰ ਕਾਰਨ ਪੁੱਛਿਆ ਤਾਂ ਬੱਚੇ ਨੇ ਕਿਹਾ ਕਿ ਸ਼ਾਇਦ ਉਹ ਗ਼ਲਤ ਬੱਸ ਵਿਚ ਬਹਿ ਗਿਆ ਹੈ ਅਤੇ ਆਪਣੇ ਘਰ ਦੇ ਰਸਤੇ ਤੋਂ ਭਟਕ ਗਿਆ ਹੈ।
"ਜਦ ਮੈਨੂੰ ਪਤਾ ਲੱਗਾ ਕਿ ਇਹ ਬੱਚਾ ਗੁਵਾਚ ਚੁੱਕਿਆ ਹੈ, ਮੈਂ ਆਪਣੇ ਦਫਤਰ ਫੋਨ ਕਰਕੇ ਉਨ੍ਹਾਂ ਨੂੰ ਪੁੱਛਿਆ ਕਿ ਜੇ ਤੁਸੀਂ ਇਜਾਜ਼ਤ ਦਿਉ ਤਾਂ ਮੈਂ ਇਸ ਬੱਚੇ ਨੂੰ ਇਸਦੇ ਘਰ ਛੱਡ ਸਕਦਾ ਹਾਂ। ਤਾਂ ਸਾਡੇ ਦਫਤਰ ਨੇ ਜਵਾਬ ਦਿੱਤਾ ਕਿ ਜੇ ਤੁਸੀਂ ਅਜਿਹਾ ਕਰ ਸਕੋ ਤਾਂ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ," ਜੀਤ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।
ਜੀਤ ਦਾ ਕਹਿਣਾ ਹੈ ਕਿ ਉਸ ਬੱਚੇ ਨੂੰ ਆਪਣੇ ਘਰ ਦਾ ਪਤਾ ਯਾਦ ਸੀ ਜਿਸ ਕਰਕੇ ਉਹ ਆਪਣੇ ਮਾਪਿਆਂ ਤਕ ਆਸਾਨੀ ਨਾਲ ਪਹੁੰਚਾ ਦਿੱਤਾ ਗਿਆ।
ਜਦੋਂ ਜੀਤ ਉਸਦੇ ਘਰ ਪਹੁੰਚੇ, ਤਾਂ ਉਸ ਬੱਚੇ ਦਾ ਪਿਤਾ ਬਹੁਤ ਪਰੇਸ਼ਾਨ ਸੀ ਅਤੇ ਮਾਂ ਉਸਨੂੰ ਲੱਭਣ ਲਈ ਘਰੋਂ ਬਾਹਰ ਗਈ ਹੋਈ ਸੀ।
"ਮੈਂ ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਇਹ ਸਲਾਹ ਦਿਆਂਗਾ ਕਿ ਬੱਚਿਆਂ ਨੂੰ ਆਪਣੇ ਘਰ ਦਾ ਪਤਾ ਅਤੇ ਮਾਂ ਜਾਂ ਬਾਪ ਵਿਚੋਂ ਘੱਟੋ-ਘੱਟ ਇੱਕ ਦਾ ਟੈਲੀਫੂਨ ਨੰਬਰ ਜ਼ਰੂਰ ਰਟਾਓ। ਜੇ ਉਸ ਦਿਨ ਮੈਨੂੰ ਉਸ ਬੱਚੇ ਦੇ ਮਾਪਿਆਂ ਦਾ ਟੈਲੀਫੂਨ ਨੰਬਰ ਪਤਾ ਹੁੰਦਾ, ਤਾਂ ਮੈਂ ਉਹਨਾਂ ਨੂੰ ਇਤਲਾਹ ਕਰ ਦੇਣੀ ਸੀ, ਜਿਸ ਨਾਲ ਉਹਨਾਂ ਨੂੰ ਧਰਵਾਸ ਮਿਲ ਜਾਂਦਾ," ਜੀਤ ਨੇ ਆਖਿਆ।
ਅਖੀਰ ਵਿਚ ਜੀਤ ਨੇ ਇਹ ਵੀ ਕਿਹਾ ਕਿ ਇਹ ਸਭ ਕਰਕੇ ਉਹਨਾਂ ਨੇ ਸਿਰਫ ਆਪਣਾ ਫਰਜ਼ ਅਦਾ ਕੀਤਾ ਹੈ, ਕੋਈ "ਹੀਰੋ ਵਾਲਾ" ਕੰਮ ਨਹੀਂ ਕੀਤਾ।
ਇਸ ਪੋਡਕਾਸਟ ਨੂੰ ਪੰਜਾਬੀ ਵਿਚ ਸੁਣਨ ਲਈ ਤਸਵੀਰ ਦੇ ਅੰਦਰ ਬਣੇ ਸਪੀਕਰ ਉੱਤੇ ਕਲਿਕ ਕਰੋ।