ਪਰਥ ਦਾ ਵਸਨੀਕ ਨਵ ਲਹਿਲ ਸ਼ੋਸਲ ਮੀਡੀਆ ਉੱਤੇ ਇੱਕ ਵੱਖਰੀ ਛਾਪ ਛੱਡਣ ਦੇ ਨਾਲ਼-ਨਾਲ਼ ਇੱਕ ਚੰਗੇ ਕਲਾਕਾਰ ਵਜੋਂ ਮੁਕਾਮ ਪਾਉਣਾ ਚਾਹੁੰਦਾ ਹੈ।
ਲਹਿਲ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਸੋਸ਼ਲ ਮੀਡੀਆ 'ਤੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਉਸ ਦੇ ਹੱਸਣ-ਹਸਾਉਣ ਵਾਲ਼ੇ ਵੀਡੀਓ ਸ਼ੋਸਲ ਮੀਡੀਆ ਉੱਤੇ ਕਾਫੀ ਪਸੰਦ ਕੀਤੇ ਜਾ ਰਹੇ ਹਨ।
ਉਹ ਆਪਣੀਆਂ ਸਕਿੱਟ ਰੂਪੀ ਛੋਟੀਆਂ ਵੀਡਿਓਜ਼ ਫੇਸਬੁੱਕ, ਯੂਟਿਊਬ, ਟਿੱਕਟੋਕ ਅਤੇ ਇੰਸਟਾਗ੍ਰਾਮ ਉੱਤੇ ਪਾਉਂਦਾ ਰਹਿੰਦਾ ਹੈ ਜਿਥੇ ਉਸਨੂੰ ਲੱਖਾਂ ਸੋਸ਼ਲ ਮੀਡੀਆ ਵਰਤਣ ਵਾਲ਼ੇ ਪੰਜਾਬੀ ਤੋਂ ਚੰਗਾ ਹੁੰਗਾਰਾ ਮਿਲਦਾ ਹੈ।
ਲਹਿਲ ਨੇ ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਕਿਹਾ ਕਿ ਉਸਦਾ ਮੁਖ ਮਕਸਦ ਲੋਕਾਂ ਦਾ ਮਨੋਰੰਜਨ ਕਰਨਾ ਅਤੇ ਵੱਖ-ਵੱਖ ਸਮਾਜਿਕ ਮੁੱਦਿਆਂ 'ਤੇ ਧਿਆਨ ਲਿਆਉਣ ਦੀ ਕੋਸ਼ਿਸ਼ ਕਰਨਾ ਹੈ।

Punjabi entertainer Nav Lehal is an emerging social media star Source: by Mr Lehal
"ਮੈਂ ਇਸ ਸ਼ਾਬਾਸ਼ੇ ਅਤੇ ਪਿਆਰ ਸਤਿਕਾਰ ਲਈ ਆਪਣੇ ਦੇਖਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿੰਨਾ ਮੈਨੂੰ ਇਸ ਕੰਮ ਲਈ ਹੋਰ ਅੱਗੇ ਵਧਣ ਲਈ ਨਿਰੰਤਰ ਪ੍ਰੇਰਿਤ ਕੀਤਾ ਹੈ," ਉਸਨੇ ਕਿਹਾ।
"ਮੇਰੇ ਮਿੱਤਰਾਂ, ਪਰਿਵਾਰ ਅਤੇ ਹੋਰ ਟੀਮ ਮੈਂਬਰਾਂ ਦੇ ਸਮਰਥਨ ਤੋਂ ਬਿਨਾਂ ਇਹ ਸੰਭਵ ਨਹੀਂ ਸੀ ਹੋ ਸਕਦਾ ਜੋ ਇਨ੍ਹਾਂ ਵਿਡੀਓਜ਼ ਨੂੰ ਬਣਾਉਣ ਵਿਚ ਮੇਰੀ ਸਹਾਇਤਾ ਵੀ ਕਰਦੇ ਹਨ।“
ਲਹਿਲ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ ਮਨੋਰੰਜਨ ਹੀ ਨਹੀਂ ਬਲਕਿ ਸਮਾਜ ਅੰਦਰ ਕੁਝ ਸਕਾਰਾਤਮਕ ਤਬਦੀਲੀ ਲਿਆਉਣਾ ਹੈ –
"ਮੈਂ ਉਮੀਦ ਕਰਦਾ ਹਾਂ ਕਿ ਮੇਰੀ ਇਹ ਕੋਸ਼ਿਸ਼ ਨੌਜਵਾਨ ਪੀੜ੍ਹੀ ਨੂੰ ਹਸਾਉਣ ਦੇ ਨਾਲ਼-ਨਾਲ਼ ਕੁਝ ਚੰਗਾ ਕਰਨ ਲਈ ਵੀ ਪ੍ਰੇਰਿਤ ਕਰੇਗੀ।
“ਵਿਦੇਸ਼ ਵਸਦੇ ਪੰਜਾਬੀ ਲੋਕ ਆਪਣੇ ਵਿਰਸੇ-ਵਿਰਾਸਤ ਅਤੇ ਰਹਿਣ-ਸਹਿਣ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਇਸ ਲਈ, ਮੈਂ ਵਿਅੰਗ ਅਤੇ ਹਾਸਰਸ ਲਈ ਇਹੋ ਜਿਹੇ ਵਿਸ਼ੇ ਚੁਣਦਾ ਹਾਂ ਜੋ ਕਿਸੇ ਨਾ ਕਿਸੇ ਢੰਗ ਨਾਲ ਉਨ੍ਹਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹੋਣ,” ਉਸਨੇ ਕਿਹਾ।
ਲਹਿਲ ਨੇ ਹਾਲ ਹੀ ਵਿੱਚ ਪੰਜਾਬੀ ਗਾਇਕੀ ਦੇ ਪਿੜ ਵਿੱਚ ਵੀ ਪੈਰ ਪਾਇਆ ਹੈ ਜਿਥੇ ਉਨ੍ਹਾਂ ਦੇ ਪਹਿਲੇ ਗੀਤ 'ਫਲੇਸ਼ਬੈਕ' ਨੂੰ ਯੂਟਿਊਬ ਉੱਤੇ ਹੁਣ ਤੱਕ 1 ਮਿਲੀਅਨ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।
ਦੱਸਣਯੋਗ ਹੈ ਕਿ ਲਹਿਲ ਨੇ ਵੀਡਿਓਜ਼ ਬਣਾਉਣ ਵਾਲ਼ਾ ਇਹ ਕੰਮ ਕੋਵਿਡ-19 ਲਾਕਡਾਊਨ ਦੌਰਾਨ ਵਾਧੂ ਸਮੇਂ ਤੋਂ ਲਾਹਾ ਲੈਣ ਲਈ ਸ਼ੁਰੂ ਕੀਤਾ ਸੀ।
ਹੁਣ ਉਸ ਦੇ ਯੂਟਿਊਬ 'ਤੇ 100,000 ਤੇ ਟਿਕਟੌਕ ਉੱਤੇ ਤਕਰੀਬਨ 246,000 ਫਾਲੋਅਰਜ਼ ਹਨ। ਉਸ ਦੀਆਂ ਬਹੁਤ ਸਾਰੀਆਂ ਵੀਡਿਓਜ਼ ਨੂੰ 3 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਗਿਆ ਹੈ।
ਨਵ ਲਹਿਲ ਨਾਲ਼ ਗੱਲਬਾਤ ਸੁਨਣ ਲਈ ਇਸ ਲਿੰਕ 'ਤੇ ਕ੍ਲਿਕ ਕਰੋ
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ