Key Points
- ਅਮਨ ਬਰਮ ਨੇ 'ਆਈ ਕੰਪੀਟ ਨੈਚੂਰੈਲ ਵਿਕਟੋਰੀਆ ਵਿੰਟਰ ਬਾਡੀ ਬਿਲਡਿੰਗ ਚੈਂਪੀਅਨਸ਼ਿਪ' ਵਿੱਚ ਕਈ ਸਨਮਾਨ ਜਿੱਤੇ
- ਸ਼੍ਰੀਮਤੀ ਬਰਮ ਦੇ ਬਾਡੀ ਬਿਲਡਿੰਗ ਸਫਰ ਦੀ ਸ਼ੁਰੂਆਤ ਉਸਦੀ ਪਹਿਲੀ ਗਰਭ ਅਵਸਥਾ ਦੌਰਾਨ ਪੈਦਾ ਹੋਈਆਂ ਸਿਹਤ ਸਮੱਸਿਆਵਾਂ ਤੋਂ ਸ਼ੁਰੂ ਹੋਈ
- ਸ਼੍ਰੀਮਤੀ ਬਰਮ ਹੁਣ ਨਿੱਜੀ ਫਿੱਟਨੈਸ ਟ੍ਰੇਨਰ ਵਜੋਂ ਕੰਮ ਕਰਦੇ ਹਨ ਅਤੇ ਦੂਜਿਆਂ ਨੂੰ ਪ੍ਰੇਰਿਤ ਕਰਦੇ ਹਨ।
ਮਿਸ ਬਿਕਨੀ ਸ਼੍ਰੇਣੀ ਵਿੱਚ ਦੂਜਾ ਸਥਾਨ ਅਤੇ ਮਿਸ ਬਿਕਨੀ 30 ਪਲੱਸ ਸ਼੍ਰੇਣੀ ਵਿੱਚ ਤੀਜਾ ਸਥਾਨ ਹਾਸਲ ਕਰਨ ਤੋਂ ਬਾਅਦ, ਅਮਨ ਬਰਮ ਹੁਣ ਆਪਣੀ ਕਹਾਣੀ ਨਾਲ ਦੂਜਿਆਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹਨ।
ਉਹਨਾਂ ਐਸ.ਬੀ.ਐਸ. ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਫਿਟਨੈੱਸ ਦਾ ਸਫਰ ਉਹਨਾਂ ਦੀ ਪਹਿਲੀ ਗਰਭ ਅਵਸਥਾ ਦੌਰਾਨ ਸਿਹਤ ਸਬੰਧੀ ਸਮੱਸਿਆਵਾਂ ਤੋਂ ਸ਼ੁਰੂ ਹੋਇਆ ਸੀ।
36 ਸਾਲਾ ਇਸ ਮਹਿਲਾ ਨੂੰ ਉਸ ਸਮੇਂ ਕਈ ਦਿਨਾਂ ਤੱਕ ਹਸਪਤਾਲ ਵਿੱਚ ਦਾਖਲ ਵੀ ਰਹਿਣਾ ਪਿਆ ਸੀ। ਉਹਨਾਂ ਦੱਸਿਆ ਕਿ ਡਾਕਟਰ ਨੇ ਇੰਨ੍ਹਾਂ ਪੇਚੀਦਗੀਆਂ ਦਾ ਕਾਰਨ ਉਹਨਾਂ ਦੀ ਖਰਾਬ ਸਿਹਤ ਨੂੰ ਦੱਸਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਸਿਹਤ ਵੱਲ ਵਧੇਰੇ ਧਿਆਨ ਦੇਣ ਦਾ ਫੈਸਲਾ ਕੀਤਾ।
ਉਹ ਚਾਈਲਡ ਕੇਅਰ ਖੇਤਰ ਵਿੱਚ ਕੰਮ ਕਰ ਰਹੇ ਸਨ, ਜਿਸ ਪਿੱਛੋਂ ਉਹਨਾਂ ਨੇ ਆਪਣਾ ਕਰੀਅਰ ਤਬਦੀਲ ਕਰਨ ਬਾਰੇ ਸੋਚਿਆ।

ਉਹਨਾਂ ਦੱਸਿਆ ਕਿ ਪਹਿਲੇ ਬੱਚੇ ਤੋਂ ਬਾਅਦ ਉਹਨਾਂ ਨੇ ਆਪਣੀ ਸਿਹਤ ਦਾ ਬੇਹਤਰ ਧਿਆਨ ਰੱਖਣਾ ਸ਼ੁਰੂ ਕੀਤਾ ਅਤੇ ਰੋਜ਼ਾਨਾ ਕਸਰਤ ਕਰਨ ਦੀ ਆਦਤ ਵੀ ਬਣਾਈ।
ਇਸ ਤੋਂ ਬਾਅਦ ਉਹਨਾਂ ਨੇ ਇੱਕ ਜਿਮ ਵਿੱਚ ਨਿੱਜੀ ਟ੍ਰੇਨਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿੱਚ ਆਪਣਾ ਘਰੇਲੂ ਸਟੂਡੀਓ ਵੀ ਸ਼ੁਰੂ ਕੀਤਾ।
ਸ਼੍ਰੀਮਤੀ ਬਰਮ ਦਾ ਕਹਿਣਾ ਹੈ ਕਿ ਆਈ.ਸੀ.ਐਨ. ਈਵੈਂਟ ਵਿੱਚ ਭਾਗ ਲੈਣ ਲਈ ਉਹਨਾਂ ਨੂੰ ਇੱਕ ਗਾਹਕ ਨੇ ਪ੍ਰੇਰਿਤ ਕੀਤਾ ਸੀ।

ਆਪਣੀਆਂ ਚੋਟੀ ਦੀਆਂ ਤਿੰਨ ਪਲੇਸਮੈਂਟਾਂ ਤੋਂ ਇਲਾਵਾ, ਸ਼੍ਰੀਮਤੀ ਬਰਮ ਨੇ 'ਬਿਕਨੀ ਫਸਟ ਟਾਈਮਰ' ਅਤੇ 'ਬਿਕਨੀ ਓਪਨ' ਸ਼੍ਰੇਣੀਆਂ ਵਿੱਚ ਚੋਟੀ ਦੇ ਛੇ ਬਾਡੀ ਬਿਲਡਰਾਂ ਵਿੱਚ ਆਪਣੀ ਜਗ੍ਹਾ ਬਣਾਈ।
ਸ਼੍ਰੀਮਤੀ ਬਰਮ ਦੀ ਕਹਾਣੀ ਇਸ ਲਈ ਖਾਸ ਹੈ ਕਿਓਂਕਿ ਕੁਝ ਸਮਾਂ ਪਹਿਲਾਂ ਤਾਂ ਉਹ ਸਿਹਤ ਸਮੱਸਿਆਵਾਂ ਨਾਲ਼ ਜੂਝ ਰਹੇ ਸੀ ਪਰ ਹੁਣ ਉਹ ਇੱਕ ਇਨਾਮ ਜੇਤੂ ਬਾਡੀ ਬਿਲਡਰ ਵਜੋਂ ਉਭਰ ਕੇ ਸਾਮਣੇ ਆਏ ਹਨ।
ਇਹ ਜਾਣਕਾਰੀ ਅੰਗ੍ਰੇਜ਼ੀ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।







