ਅਸੀਂ, ‘2017 ਦੇ ਰਾਸ਼ਟਰੀ ਸੰਵਿਧਾਨਕ ਸੰਮੇਲਨ’ ਵਿੱਚ, ਦੱਖਣੀ ਆਸਮਾਨ ਦੇ ਸਾਰੇ ਬਿੰਦੂਆਂ ਤੋਂ ਇਕੱਠੇ ਹੋਏ ਲੋਕ, ਦਿੱਲ ਤੋਂ ਇਹ ਬਿਆਨ ਕਰਦੇ ਹਾਂ ਕਿ; ਸਾਡੇ ਆਦਿਵਾਸੀ ਅਤੇ ਟੋਰਿਸ ਸਟਰੇਟ ਆਈਲੈਂਡਰ ਕਬੀਲੇ, ਆਸਟ੍ਰੇਲੀਆਈ ਮਹਾਂਦੀਪ ਅਤੇ ਇਸ ਦੇ ਨਾਲ ਲੱਗਦੇ ਟਾਪੂਆਂ ਵਿੱਚ, ਪਹਿਲੇ ਸੰਪੂਰਨ ਰਾਸ਼ਟਰ ਵਜੋਂ ਸਥਾਪਤ ਸਨ, ਅਤੇ ਇਹਨਾਂ ਨੂੰ ਆਪਣੇ ਕਾਨੂੰਨਾਂ ਅਤੇ ਰਿਵਾਜਾਂ ਦੇ ਅਧੀਨ ਰੱਖਿਆ ਹੋਇਆ ਸੀ। ਸਾਡੇ ਪੁਰਖਿਆਂ ਨੇ ਅਜਿਹਾ, ਸੰਸਕ੍ਰਿਤੀ ਦੇ ਹਿਸਾਬ ਨਾਲ ‘ਸਮੇਂ ਦੀ ਸ਼ੁਰੂਆਤ ਤੋਂ’, ਅਤੇ ਵਿਗਿਆਨ ਦੇ ਅਨੁਸਾਰ 60 ਹਜ਼ਾਰ ਸਾਲ ਪਹਿਲਾਂ ਕੀਤਾ ਸੀ। ਇਹ ਪ੍ਰਭੂਸੱਤਾ ਇੱਕ ਰੂਹਾਨੀ ਧਾਰਨਾ ਹੈ ਜੋ ਕਿ ਧਰਤੀ ਜਾਂ ‘ਮਾਂ ਕੁਦਰਤ’ ਅਤੇ ਉਸ ਤੋਂ ਪੈਦਾ ਹੋਏ ਆਦਿਵਾਸੀ ਅਤੇ ਟੋਰਸ ਸਟਰੇਟ ਆਈਲੈਂਡਰ ਲੋਕਾਂ ਦੇ ਵਿਚਕਾਰ ਉਸ ਪੂਰਵਜ ਸਾਂਝ ਵਜੋਂ ਹੈ, ਜਿਸ ਨਾਲ ਇਹ ਜੁੜੇ ਹੋਏ ਹਨ ਅਤੇ ਪੁਰਖਿਆਂ ਨਾਲ ਏਕਤਾ ਲਈ ਇੱਕ ਦਿਨ ਲਾਜ਼ਮੀ ਵਾਪਸ ਆਉਣਾ ਹੈ।
ਇਹ ਲਿੰਕ ਮਿੱਟੀ ਦੀ ਮਾਲਕੀ, ਜਾਂ ਬਿਹਤਰ ਪ੍ਰਭੂਸੱਤਾ ਦਾ ਅਧਾਰ ਹੈ। ਇਸ ਨੂੰ ਕਦੀ ਵੀ ਛੱਡਿਆ ਨਹੀਂ ਗਿਆ, ਮੱਠਾ ਨਹੀਂ ਪੈਣ ਦਿੱਤਾ ਗਿਆ, ਜਾਂ ਤਾਜ ਦੀ ਪ੍ਰਭੂਸੱਤਾ ਨਾਲ ਨਹੀਂ ਜੋੜਿਆ ਗਿਆ। ਇਹ ਕਿਵੇਂ ਹੋ ਸਕਦਾ ਹੈ ਕਿ? ਜਿਹੜੇ ਲੋਕਾਂ ਕੋਲ ਪਿਛਲੇ 60 ਹਜ਼ਾਰ ਸਾਲਾਂ ਤੋਂ ਧਰਤੀ ਹੋਵੇ, ਉਹਨਾਂ ਦਾ ਇਹ ਪਵਿੱਤਰ ਜੋੜ ਪਿਛਲੇ ਸਿਰਫ ਦੋ ਸੌ ਸਾਲਾਂ ਵਿੱਚ ਹੀ ਵਿਸ਼ਵ ਇਤਿਹਾਸ ਵਿੱਚੋਂ ਅਲੋਪ ਹੋ ਜਾਵੇ? ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਪ੍ਰਾਚੀਨ ਪ੍ਰਭੂਸੱਤਾ, ਸੰਵਿਧਾਨਕ ਤਬਦੀਲੀ ਅਤੇ ਬਣਤਰੀ ਸੁਧਾਰਾਂ ਦੇ ਨਾਲ ਆਸਟ੍ਰੇਲੀਆ ਦੀ ਕੌਮੀਅਤ ਦੇ ਪੂਰਨ ਪਰਗਟਾਵੇ ਨਾਲ, ਚਮਕ ਸਕਦੀ ਹੈ। ਅਨੁਪਾਤ ਅਨੁਸਾਰ ਅਸੀਂ ਧਰਤੀ ਉੱਤੇ ਸੱਭ ਤੋਂ ਵੱਧ ਕੈਦ ਹੋਏ ਲੋਕ ਹਾਂ। ਅਸੀਂ ਕੋਈ ਪੈਦਾਇਸ਼ੀ ਅਪਰਾਧੀ ਨਹੀਂ ਹਾਂ। ਸਾਡੇ ਬੱਚੇ ਬੇਅੰਤ ਮਾਤਰਾ ਵਿੱਚ ਆਪਣੇ ਪਰਿਵਾਰਾਂ ਤੋਂ ਅਲੱਗ ਹਨ। ਇਹ ਨਹੀਂ ਹੋ ਸਕਦਾ ਕਿ ਸਾਨੂੰ ਉਹਨਾਂ ਲਈ ਕੋਈ ਪਿਆਰ ਨਾ ਹੋਵੇ। ਅਤੇ ਸਾਡੀ ਜਵਾਨੀ ਅਸ਼ਲੀਲ ਸੰਖਿਆ ਵਿੱਚ ਨਜ਼ਰਬੰਦੀ ਵਿੱਚ ਪਈ ਹੋਈ ਹੈ। ਭਵਿੱਖ ਲਈ ਉਹ ਸਾਡੀ ਉਮੀਦ ਹੋਣੇ ਚਾਹੀਦੇ ਹਨ। ਸਾਡੇ ਸੰਕਟ ਦੇ ਇਹ ਪਹਿਲੂ, ਸਾਡੀ ਸਮੱਸਿਆ ਦੇ ਬਣਤਰੀ ਸੁਭਾਅ ਨੂੰ ਸਪੱਸ਼ਟ ਤੌਰ ਤੇ ਦਰਸਾਉਂਦੇ ਹਨ। ਇਹ ਸਾਡੀ ਸ਼ਕਤੀਹੀਣਤਾ ਉੱਤੇ ਇੱਕ ਤਸੀਹਾ ਹਨ। ਅਸੀਂ ਆਪਣੇ ਲੋਕਾਂ ਨੂੰ ਸ਼ਕਤੀਸ਼ਾਲੀ ਬਨਾਉਣ ਅਤੇ ਸਾਡੇ ਆਪਣੇ ਦੇਸ਼ ਵਿੱਚ ਇੱਕ ਸਹੀ ਜਗ੍ਹਾ ਲੈਣ ਲਈ ਸੰਵਿਧਾਨਕ ਸੁਧਾਰਾਂ ਦੀ ਮੰਗ ਕਰਦੇ ਹਾਂ। ਜਦੋਂ ਕਿਸਮਤ ਉੱਤੇ ਸਾਡੀ ਸ਼ਕਤੀ ਕਾਇਮ ਹੁੰਦੀ ਹੈ, ਤਾਂ ਸਾਡੇ ਬੱਚੇ ਪ੍ਰਫੁੱਲਤ ਹੁੰਦੇ ਹਨ। ਉਹ ਦੋ ਸੰਸਾਰਾਂ ਵਿੱਚ ਚੱਲਣਗੇ ਅਤੇ ਉਹਨਾਂ ਦਾ ਸਭਿਆਚਾਰ ਉਹਨਾਂ ਦੇ ਦੇਸ਼ ਲਈ ਇੱਕ ਤੋਹਫਾ ਹੋਵੇਗਾ। ਅਸੀਂ ਮੰਗ ਕਰਦੇ ਹਾਂ ਕਿ ਸੰਵਿਧਾਨ ਵਿੱਚ ‘ਪਹਿਲੇ ਰਾਸ਼ਟਰ’ ਦੀ ਅਵਾਜ਼ ਦੀ ਸਥਾਪਨਾ ਕੀਤੀ ਜਾਵੇ। ‘ਮਕਰਾਰਤਾ’ ਸਾਡੇ ਏਜੰਡੇ ਦਾ ਸਿੱਟਾ ਹੈ: ਜਿਸ ਦਾ ਮੰਤਵ ਹੈ, ਇੱਕ ਸੰਘਰਸ਼ ਤੋਂ ਬਾਅਦ ਇਕੱਠੇ ਹੋਣਾ। ਇਹ ਆਸਟ੍ਰੇਲੀਆ ਦੇ ਲੋਕਾਂ ਨਾਲ ਇੱਕ ਨਿਰਪੱਖ ਅਤੇ ਸੱਚੇ ਸਬੰਧਾਂ ਸਮੇਤ ਸਾਡੇ ਬੱਚਿਆਂ ਲਈ ਨਿਆਂ ਅਤੇ ਸਵੈ-ਨਿਰਣੇ ਦੇ ਅਧਾਰ ‘ਤੇ ਇੱਕ ਵਧੀਆ ਭਵਿੱਖ ਲਈ ਸਾਡੀਆਂ ਇੱਛਾਵਾਂ ਨੂੰ ਦਰਸਾਉਂਦਾ ਹੈ। ਅਸੀਂ ਮਕਰਾਰਤਾ ਕਮਿਸ਼ਨ ਤੋਂ ਆਸ ਕਰਦੇ ਹਾਂ ਕਿ ਇਹ ਸਾਡੇ ਇਤਿਹਾਸ ਬਾਰੇ ਸੱਚਾਈ ਦੱਸਣ ਲਈ ਸਰਕਾਰਾਂ ਅਤੇ ਪਹਿਲੇ ਰਾਸ਼ਟਰ ਵਿਚਕਾਰ ਸਮਝੌਤੇ ਦੀ ਪ੍ਰਕਿਰਿਆ ਦੀ ਨਿਗਰਾਨੀ ਕਰੇਗਾ। 1967 ਵਿੱਚ ਸਾਡੀ ਗਿਣਤੀ ਕੀਤੀ ਗਈ ਸੀ, ਅਤੇ ਹੁਣ 2017 ਵਿੱਚ ਸਾਨੂੰ ਸੁਣਿਆ ਵੀ ਜਾਵੇ। ਅਸੀਂ ਬੇਸ ਕੈਂਪ ਨੂੰ ਛੱਡਦੇ ਹੋਏ ਇਸ ਵਿਸ਼ਾਲ ਦੇਸ਼ ਵਿੱਚ ਆਪਣੀ ਯਾਤਰਾ ਸ਼ੁਰੂ ਕਰਦੇ ਹਾਂ। ਅਸੀਂ ਤੁਹਾਨੂੰ, ਬਿਹਤਰ ਭਵਿੱਖ ਲਈ, ਆਸਟ੍ਰੇਲੀਆਈ ਲੋਕਾਂ ਦੀ ਲਹਿਰ ਵਿੱਚ ਸਾਡੇ ਨਾਲ ਮਿਲ ਕੇ ਚੱਲਣ ਦਾ ਸੱਦਾ ਦਿੰਦੇ ਹਾਂ।
ਵਧੇਰੇ ਜਾਣਕਾਰੀ ਲਈ ਉਲੁਰੂ ਡਾਇਲੋਗ ਵੈਬਸਾਈਟ ‘ਡਬਲਿਊ ਡਬਲਿਊ ਡਬਲਿਊ ਡਾਟ ਉਲੁਰੂਸਟੇਟਮੈਂਟ ਡਾਟ ਓਰਗ’ www.ulurustatement.org ਉੱਤੇ ਜਾਓ ਜਾਂ ਯੂ ਐਨ ਐਸ ਡਬਲਿਊ ਦੇ ਇੰਡੀਜਨਸ ਲਾਅ ਸੈਂਟਰ ਨੂੰ ਆਈ ਐਲ ਸੀ ਐਟ ਯੂ ਐਨ ਐਸ ਡਬਲਿਊ ਡਾਟ ਐਜੂ ਡਾਟ ਏਯੂ ilc@unsw.edu.au ਉੱਤੇ ਈਮੇਲ ਕਰੋ।
ਐਸ ਬੀ ਐਸ ਨੇ ‘ਉਲੁਰੂ ਸਟੇਟਮੈਂਟ ਫਰੋਮ ਦਾ ਹਾਰਟ’ ਨੂੰ 63 ਭਾਸ਼ਾਵਾਂ ਵਿੱਚ ਉਪਲੱਬਧ ਕਰਵਾਇਆ ਹੈ ਤਾਂ ਕਿ ਘੱਟ ਗਿਣਤੀ ਭਾਈਚਾਰੇ ਆਪਣੀ ਭਾਸ਼ਾ ਵਿੱਚ ਇਸ ਰਾਸ਼ਟਰੀ ਗੱਲਬਾਤ ਨੂੰ ਜਾਰੀ ਰੱਖ ਸਕਣ।