22 ਜੂਨ ਦੀ ਰਾਤ ਨੂੰ ਸਪਰਿੰਗਵੇਲ ਵਿੱਚ ਆਪਣੀ ਰੋਜ਼-ਮੱਰਾ ਦੀ ਨੌਕਰੀ ਕਰਦਿਆਂ ਇੱਕ ਰਾਈਡਸ਼ੇਅਰ ਚਾਲਕ ਨੂੰ ਇੱਕ ਮੁਸ਼ਕਿਲ ਸਥਿਤੀ ਦਾ ਸਾਮਣਾ ਕਰਨਾ ਪਿਆ।
ਘਟਨਾ ਬਾਰੇ ਐਸ ਬੀ ਐਸ ਪੰਜਾਬੀ ਨੂੰ ਜਾਣਕਾਰੀ ਦਿੰਦਿਆਂ ਡੀਡੀ ਡਰਾਈਵਰ ਰਣਜੋਧ ਸਿੰਘ ਨੇ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਰਾਈਡਸ਼ੇਅਰ ਕਾਰ ਚਲਾ ਰਿਹਾ ਹੈ ਅਤੇ ਕਦੇ ਵੀ 'ਇਸ ਕਿਸਮ ਦੀ ਨੌਬਤ' ਨਹੀਂ ਆਈ।
ਉਸਨੇ ਦੱਸਿਆ ਕਿ ਦੋ ਵਿਅਕਤੀਆਂ ਨੇ ਰਾਤ ਨੂੰ 9 ਵਜੇ ਸਪਰਿੰਗਵੇਲ ਇਲਾਕੇ ਵਿੱਚ ਵਿਕਟੋਰੀਆ ਐਵੇਨਿਊ ਉੱਤੇ 'ਪਿਕਅਪ' ਵਾਲੀ ਜਗ੍ਹਾ 'ਤੇ ਉਸ 'ਤੇ ਹਮਲਾ ਕੀਤਾ – “ਇੱਕ ਨੇ ਮੈਨੂੰ ਡਰਾਈਵਰ ਸੀਟ ਵਾਲੇ ਪਾਸੇ ਤੋਂ ਫੜ੍ਹਨ ਦੀ ਕੋਸ਼ਿਸ਼ ਕੀਤੀ ਜਦਕਿ ਦੂਸਰੇ ਨੇ ਕਾਰ ਅੰਦਰ ਆਕੇ ਮੈਨੂੰ ਪਿੱਛੋਂ ਗਲ਼ੇ ਤੋਂ ਫੜ੍ਹ ਲਿਆ।“
ਰਣਜੋਧ ਸਿੰਘ ਨਾਲ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ 'ਤੇ ਦਿੱਤੇ ਆਡੀਓ ਬਟਨ ਉੱਤੇ ਕਲਿਕ ਕਰੋ।
ਹਮਲੇ ਦੌਰਾਨ ਉਸਦਾ ਮੋਬਾਈਲ ਫ਼ੋਨ ਖੋਹ ਲਿਆ ਗਿਆ ਅਤੇ ਚਾਕੂ ਨਾਲ ਕੀਤੇ ਵਾਰ ਪਿੱਛੋਂ ਉਸਦੀ ਬਾਂਹ 'ਤੇ ਟਾਂਕੇ ਲੱਗੇ ਹਨ।

DiDi driver Ranjodh Singh incidentally installed a CCTV camera inside his car just two days before the attack. Source: Supplied
ਪੁਲਿਸ ਕੋਲ਼ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ, ਉਹ ਅਗਲੇ ਦਿਨ ਹੀ ਅਪਰਾਧ ਵਾਲੀ ਥਾਂ 'ਤੇ ਵਾਪਸ ਆਇਆ - "ਮੈਨੂੰ ਉਸੇ ਜਗ੍ਹਾ ਤੋਂ ਚਾਕੂ ਮਿਲਿਆ, ਜਿਥੇ ਮੇਰੇ ‘ਤੇ ਹਮਲਾ ਕੀਤਾ ਗਿਆ ਸੀ।"
ਮਿਸਟਰ ਸਿੰਘ, ਜੋ ਕਿ ਇਸ ਘਟਨਾ ਤੋਂ ਬਾਅਦ ਕਾਫੀ ਸਦਮੇ ਵਿੱਚ ਹੈ, ਨੇ ਕਿਹਾ ਕਿ ਉਸਨੇ ਹਮਲੇ ਤੋਂ ਦੋ ਦਿਨ ਪਹਿਲਾਂ ਹੀ ਆਪਣੀ ਕਾਰ ਵਿੱਚ ਸੀਸੀਟੀਵੀ ਕੈਮਰਾ ਲਗਵਾਇਆ ਸੀ।
“ਮੇਰਾ ਇੱਕ ਦੋਸਤ ਜੋ ਮੇਰੇ ਵਾਂਗ ਇੱਕ ਰਾਈਡਸ਼ੇਅਰ ਚਾਲਕ ਹੈ, ਉੱਤੇ ਵੀ ਕੁਝ ਦਿਨ ਪਹਿਲਾਂ ਹਮਲਾ ਕੀਤਾ ਗਿਆ ਸੀ। ਉਸ ਘਟਨਾ ਪਿੱਛੋਂ ਮੈਂ ਅਜੇ ਦੋ ਦਿਨਾਂ ਪਹਿਲਾਂ ਹੀ ਆਪਣੀ ਕਾਰ ਵਿੱਚ ਇੱਕ ਸੀਸੀਟੀਵੀ ਕੈਮਰਾ ਲਗਵਾਇਆ ਸੀ।”
ਵਿਕਟੋਰੀਆ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਘਟਨਾ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਸ ਸਿਲਸਿਲੇ ਵਿੱਚ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ।
ਰਾਈਡਸ਼ੇਅਰ ਕੰਪਨੀ ਡੀਡੀ ਨੇ ਐਸ ਬੀ ਐਸ ਪੰਜਾਬੀ ਨੂੰ ਜਾਰੀ ਬਿਆਨ ਵਿੱਚ ਕਿਹਾ, “ਡੀਡੀ ਜਾਂਚ ਵਿੱਚ ਵਿਕਟੋਰੀਆ ਪੁਲਿਸ ਨੂੰ ਸਹਿਯੋਗ ਦੇ ਰਹੀ ਹੈ ਅਤੇ ਡਰਾਈਵਰ ਨੂੰ ਬੀਮੇ ਦੇ ਸਬੰਧ ਵਿੱਚ ਜਾਣਕਾਰੀ ਵੀ ਪ੍ਰਦਾਨ ਕਰ ਰਹੀ ਹੈ।“
ਇਸ ਘਟਨਾ ਦੇ ਪ੍ਰਤੀਕਰਮ ਦਿੰਦਿਆਂ ਭਾਈਚਾਰਕ ਨੁਮਾਇੰਦੇ ਡਾ: ਯਾਦੂ ਸਿੰਘ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਵਾਧਾ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ।
“ਪੁਲਿਸ ਨੂੰ ਹਰ ਸੰਭਵ ਕੋਸ਼ਿਸ਼ ਕਰਦਿਆਂ ਇਸ ਘਟਨਾ ਦੇ ਅਸਲ ਮਨੋਰਥ ਦੀ ਪੜਤਾਲ ਕਰਨੀ ਚਾਹੀਦੀ ਹੈ। ਭਾਰਤੀ ਉਪ-ਮਹਾਂਦੀਪ ਦੇ ਬਹੁਤ ਸਾਰੇ ਲੋਕ ਟਰਾਂਸਪੋਰਟ ਉਦਯੋਗ ਵਿੱਚ ਕੰਮ ਕਰਦੇ ਹਨ ਅਤੇ ਉਹਨਾਂ ਸਭ ਲਈ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।”
ਘਟਨਾ ਸਬੰਧੀ ਪੂਰੀ ਜਾਣਕਾਰੀ ਲੈਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।