SKIP TO MAIN CONTENT

ਭਾਰੀ ਵਾਹਨ, ਭਾਰੀ ਜ਼ਿੰਮੇਵਾਰੀ : ਸੜਕਾਂ 'ਤੇ ਵਾਪਰਦੇ ਜਾਨਲੇਵਾ ਹਾਦਸਿਆਂ ਦੀ ਪੜਚੋਲ

TRUCK ACCIDENTS-1.png
(ਖੱਬੇ) 27 ਫਰਵਰੀ 2026 ਦੀ ਸਵੇਰ ਨੂੰ ਨਿਊਕਾਸਲ (NSW) ਦੇ M-1 ਪੈਸੀਫਿਕ ਮੋਟਰਵੇਅ ਉੱਤੇ ਵਾਪਰੇ ਹਾਦਸੇ ਅਤੇ (ਸੱਜੇ) 5 ਮਈ 2025 ਨੂੰ ਪਰਥ ਦੇ ਹੌਪਕਿਨਸਨ ਰੋਡ, ਕਾਰਡਅਪ ਸਬ-ਅਰਬ ਦੇ ਨੇੜੇ ਰੇਲ ਗੱਡੀ ਦੀ ਚਪੇਟ ਵਿਚ ਆਏ ਟਰੱਕ ਦੀਆਂ ਫਾਈਲ ਫੋਟੋਆਂ...

ਆਸਟ੍ਰੇਲੀਆ ਵਿੱਚ ਪੰਜਾਬੀ ਅਤੇ ਹੋਰ ਪ੍ਰਵਾਸੀ ਭਾਈਚਾਰਿਆਂ ਲਈ ਟਰੱਕ ਡਰਾਈਵਿੰਗ ਰੋਜ਼ਗਾਰ ਦਾ ਇੱਕ ਮਹੱਤਵਪੂਰਨ ਸਾਧਨ ਹੈ। ਪਰ ਲੰਬੇ ਸਫ਼ਰ, ਥਕਾਵਟ ਅਤੇ ਸੜਕ ਹਾਦਸਿਆਂ ਵਰਗੀਆਂ ਚੁਣੌਤੀਆਂ ਡਰਾਈਵਰਾਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰਦੀਆਂ ਹਨ। ਇਹ ਖ਼ਾਸ ਰਿਪੋਰਟ ਟਰੱਕ ਡਰਾਈਵਰਾਂ ਨਾਲ ਜੁੜੇ ਜਾਨਲੇਵਾ ਹਾਦਸਿਆਂ ਦੇ ਮੁੱਖ ਕਾਰਨਾਂ ਅਤੇ ਜਾਨਾਂ ਬਚਾਉਣ ਲਈ ਲੋੜੀਂਦੇ ਸੁਰੱਖਿਆ ਉਪਾਵਾਂ ਦੀ ਪੜਚੋਲ ਕਰਦੀ ਹੈ।


Published

By Patras Masih

Presented by Patras Masih

Source: SBS


Skip to podcast episode content

ਆਸਟ੍ਰੇਲੀਆ ਵਿੱਚ ਪੰਜਾਬੀ ਅਤੇ ਹੋਰ ਪ੍ਰਵਾਸੀ ਭਾਈਚਾਰਿਆਂ ਲਈ ਟਰੱਕ ਡਰਾਈਵਿੰਗ ਰੋਜ਼ਗਾਰ ਦਾ ਇੱਕ ਮਹੱਤਵਪੂਰਨ ਸਾਧਨ ਹੈ। ਪਰ ਲੰਬੇ ਸਫ਼ਰ, ਥਕਾਵਟ ਅਤੇ ਸੜਕ ਹਾਦਸਿਆਂ ਵਰਗੀਆਂ ਚੁਣੌਤੀਆਂ ਡਰਾਈਵਰਾਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰਦੀਆਂ ਹਨ। ਇਹ ਖ਼ਾਸ ਰਿਪੋਰਟ ਟਰੱਕ ਡਰਾਈਵਰਾਂ ਨਾਲ ਜੁੜੇ ਜਾਨਲੇਵਾ ਹਾਦਸਿਆਂ ਦੇ ਮੁੱਖ ਕਾਰਨਾਂ ਅਤੇ ਜਾਨਾਂ ਬਚਾਉਣ ਲਈ ਲੋੜੀਂਦੇ ਸੁਰੱਖਿਆ ਉਪਾਵਾਂ ਦੀ ਪੜਚੋਲ ਕਰਦੀ ਹੈ।


ਹਜ਼ਾਰਾਂ ਡਰਾਈਵਰ ਲੰਬੇ ਸਫ਼ਰ, ਬਦਲਦੇ ਮੌਸਮ, ਭਾਰੀ ਟ੍ਰੈਫਿਕ ਅਤੇ ਥਕਾਵਟ ਵਰਗੀਆਂ ਚੁਣੌਤੀਆਂ ਦੇ ਬਾਵਜੂਦ ਦੇਸ਼ ਦੀ ਸਪਲਾਈ ਚੇਨ ਅਤੇ ਅਰਥਵਿਵਸਥਾ ਨੂੰ ਲਗਾਤਾਰ ਚਲਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਪਰ ਇਸ ਜ਼ਿੰਮੇਵਾਰੀ ਦੇ ਨਾਲ ਸੜਕ ’ਤੇ ਖ਼ਤਰੇ ਵੀ ਜੁੜੇ ਹੋਏ ਹਨ, ਜਿੱਥੇ ਇੱਕ ਪਲ ਦੀ ਲਾਪਰਵਾਹੀ ਜਾਂ ਥਕਾਵਟ ਕਈ ਵਾਰ ਕੀਮਤੀ ਜਾਨਾਂ ਲੈ ਜਾਂਦੀ ਹੈ।

ਨਿਊ ਸਾਊਥ ਵੇਲਜ਼ ਵਿੱਚ ਸਾਲ 2014 ਤੋਂ ਟਰਾਂਸਪੋਰਟ ਦੇ ਕਿੱਤੇ ਨਾਲ ਜੁੜੇ ਲੱਖਾ ਥਾਂਦੀ ਇਨ੍ਹਾਂ ਵਧ ਰਹੇ ਹਾਦਸਿਆਂ ਲਈ ਟਰੱਕ ਡਰਾਈਵਰਾਂ, ਡ੍ਰਾਈਵਿੰਗ ਸਕੂਲਾਂ ਅਤੇ ਟਰਾਂਸਪੋਰਟ ਆਪਰੇਟਰਾਂ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕਰਦੇ ਹਨ।

ਕਈ ਡਰਾਈਵਰ ਸਿਖਲਾਈ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਲਾਇਸੈਂਸ ਹਾਸਲ ਕਰਕੇ ਜਲਦ ਤੋਂ ਜਲਦ ਕੰਮ ਸ਼ੁਰੂ ਕਰਨ ਦੀ ਕਾਹਲੀ ਕਰਦੇ ਹਨ।
ਲੱਖਾ ਥਾਂਦੀ, ਟਰਾਂਸਪੋਰਟਰ

ਲੱਖਾ ਮੁਤਾਬਕ ਕੁਝ ਡ੍ਰਾਈਵਿੰਗ ਸਕੂਲ ਵੀ ਸਹੀ ਤਜਰਬੇ ਅਤੇ ਹੁਨਰ ਦੀ ਪੂਰੀ ਜਾਂਚ ਤੋਂ ਬਿਨਾਂ ਲਾਇਸੈਂਸ ਹਾਸਲ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਦਿੰਦੇ ਹਨ।

LAKHA THANDI SYDNEY
ਟਰਾਂਸਪੋਰਟਰ ਲੱਖਾ ਥਾਂਦੀ ਆਪਣੇ ਟਰੱਕ ਨਾਲ Credit: Supplied by Lakha Thandi

ਖੁਦ ਟਰਾਂਸਪੋਰਟਰ ਹੋਣ ਦੇ ਨਾਤੇ ਲੱਖਾ ਥਾਂਦੀ ਟਰਾਂਸਪੋਰਟ ਕੰਪਨੀਆਂ ਵੱਲੋਂ ਪੱਕੇ ਅਤੇ ਤਜਰਬੇਕਾਰ ਡਰਾਈਵਰਾਂ ਦੀ ਥਾਂ ਆਰਜ਼ੀ ਡਰਾਈਵਰਾਂ ’ਤੇ ਵੱਧ ਨਿਰਭਰਤਾ ਨੂੰ ਵੀ ਚਿੰਤਾ ਦਾ ਵਿਸ਼ਾ ਮੰਨਦੇ ਹਨ।

ਉਨ੍ਹਾਂ ਮੁਤਾਬਕ ਆਰਜ਼ੀ ਡਰਾਈਵਰਾਂ ਦੇ ਤਜਰਬੇ, ਪਿਛਲੀ ਡ੍ਰਾਈਵਿੰਗ ਹਿਸਟਰੀ ਜਾਂ ਉਨ੍ਹਾਂ ਦੀ ਅਸਲ ਸਮਰੱਥਾ ਬਾਰੇ ਟਰਾਂਸਪੋਰਟਰਾਂ ਕੋਲ ਹਮੇਸ਼ਾ ਪੂਰੀ ਜਾਣਕਾਰੀ ਨਹੀਂ ਹੁੰਦੀ। ਅਜਿਹੇ ਵਿੱਚ ਜੇ ਕੋਈ ਨਵਾਂ ਜਾਂ ਪਿਛਲੀ ਸ਼ਿਫਟ ਤੋਂ ਥੱਕਿਆ ਹੋਇਆ ਡਰਾਈਵਰ ਭਾਰੀ ਵਾਹਨ ਲੈ ਕੇ ਸੜਕ ’ਤੇ ਉਤਰਦਾ ਹੈ ਤਾਂ ਖਤਰਾ ਹੋਰ ਵੀ ਵੱਧ ਜਾਂਦਾ ਹੈ।

ਇਸੇ ਚਿੰਤਾ ਦੇ ਮੱਦੇਨਜ਼ਰ ਨੈਸ਼ਨਲ ਹੈਵੀ ਵ੍ਹੀਕਲ ਰੈਗੂਲੇਟਰ ਨੇ ਟਰੱਕ ਡਰਾਈਵਰਾਂ ਦੀ ਥਕਾਵਟ ਨੂੰ ਲੈ ਕੇ ਦੇਸ਼ ਭਰ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਵੀ ਚਲਾਈ ਸੀ।

ਹੈਵੀ ਵ੍ਹੀਕਲ ਹਾਦਸਿਆਂ ਵਿੱਚ ਥਕਾਵਟ ਸਭ ਤੋਂ ਵੱਡੇ ਸੁਰੱਖਿਆ ਖਤਰਿਆਂ ਵਿੱਚੋਂ ਇੱਕ ਹੈ।
ਪੌਲ ਸਲਵਾਟੀ , ਰੈਗੂਲੇਟਰ ਦੇ ਚੀਫ਼ ਓਪਰੇਸ਼ਨਜ਼ ਅਫ਼ਸਰ

ਸਾਲ 2025 ਵਿੱਚ ਥਕਾਵਟ ਨਾਲ ਸਬੰਧਤ ਲਗਭਗ 5 ਹਜ਼ਾਰ ਉਲੰਘਣਾਵਾਂ ਸਾਹਮਣੇ ਆਈਆਂ। ਇਸਦਾ ਮਤਲਬ ਹੈ ਕਿ ਹਰ ਹਫ਼ਤੇ ਔਸਤਨ ਲਗਭਗ 100 ਡਰਾਈਵਰ ਅਜਿਹੇ ਜੋਖਮ ਲੈਂਦੇ ਪਾਏ ਗਏ, ਜੋ ਉਨ੍ਹਾਂ ਦੇ ਨਾਲ-ਨਾਲ ਸੜਕ ’ਤੇ ਮੌਜੂਦ ਹੋਰ ਲੋਕਾਂ ਦੀ ਜ਼ਿੰਦਗੀ ਨੂੰ ਵੀ ਖਤਰੇ ਵਿੱਚ ਪਾ ਸਕਦੇ ਹਨ।

ਰੈਗੂਲੇਟਰ ਦੇ ਚੀਫ਼ ਓਪਰੇਸ਼ਨਜ਼ ਅਫ਼ਸਰ ਪੌਲ ਸਲਵਾਟੀ ਨੇ ਕਿਹਾ ਕਿ ਹੈਵੀ ਵ੍ਹੀਕਲ ਚਲਾਉਣਾ ਇੱਕ ਚੁਣੌਤੀਪੂਰਨ ਕੰਮ ਹੈ ਅਤੇ ਡਰਾਈਵਰਾਂ ’ਤੇ ਸਮੇਂ ਸਿਰ ਮੰਜ਼ਿਲ ਤੱਕ ਪਹੁੰਚਣ ਦਾ ਦਬਾਅ ਵੀ ਹੋ ਸਕਦਾ ਹੈ, ਪਰ ਕਿਸੇ ਵੀ ਹਾਲਤ ਵਿੱਚ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।

ਅੰਕੜੇ ਵੀ ਇਸ ਚਿੰਤਾ ਨੂੰ ਹੋਰ ਗੰਭੀਰ ਬਣਾਉਂਦੇ ਹਨ। ਸਾਲ 2025 ਵਿੱਚ ਆਸਟ੍ਰੇਲੀਆ ਦੀਆਂ ਸੜਕਾਂ ’ਤੇ ਭਾਰੀ ਵਾਹਨਾਂ ਨਾਲ ਜੁੜੇ 190 ਤੋਂ ਵੱਧ ਜਾਨਲੇਵਾ ਹਾਦਸੇ ਵਾਪਰੇ, ਜਿਨ੍ਹਾਂ ਵਿੱਚ 210 ਲੋਕਾਂ ਦੀ ਮੌਤ ਹੋਈ। ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 13 ਮੌਤਾਂ ਵੱਧ ਸੀ।

ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਵੀ ਹਾਲਾਤ ਚਿੰਤਾਜਨਕ ਰਹੇ। ਜਨਵਰੀ ਤੋਂ ਮਾਰਚ ਤੱਕ ਹੈਵੀ ਵ੍ਹੀਕਲਜ਼ ਨਾਲ ਜੁੜੇ ਹਾਦਸਿਆਂ ਵਿੱਚ 50 ਲੋਕਾਂ ਦੀ ਜਾਨ ਗਈ। ਇਹ 2025 ਦੀ ਇਸੇ ਮਿਆਦ ਨਾਲੋਂ 15 ਮੌਤਾਂ ਵੱਧ ਹਨ।

ਓਧਰ ਸਿਡਨੀ ਦੇ ਇੱਕ ਟਰੱਕ ਡ੍ਰਾਈਵਿੰਗ ਸਕੂਲ ਦੇ ਸੰਚਾਲਕ ਜਤਿੰਦਰ ਸਿੰਘ ਨੇ ਵੀ ਗੱਲਬਾਤ ਦੌਰਾਨ ਟਰੱਕ ਡਰਾਈਵਰਾਂ ਦੀ ਟਰੇਨਿੰਗ ਅਤੇ ਲਾਇਸੈਂਸਿੰਗ ਪ੍ਰਣਾਲੀ ਨੂੰ ਹੋਰ ਸਖ਼ਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

Jatinder Singh_truck Driving School.png
ਸਿਡਨੀ ਦੇ ਟਰੱਕ ਡ੍ਰਾਈਵਿੰਗ ਸਕੂਲ ਦੇ ਸੰਚਾਲਕ ਜਤਿੰਦਰ ਸਿੰਘ
ਤਜਰਬੇ ਦੀ ਘਾਟ, ਥਕਾਵਟ ਅਤੇ ਸੜਕੀ ਨਿਯਮਾਂ ਦੀ ਸਹੀ ਪਾਲਣਾ ਨਾ ਕਰਨਾ ਹਾਦਸਿਆਂ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ।
ਜਤਿੰਦਰ ਸਿੰਘ, ਟਰੱਕ ਡਰਾਈਵਿੰਗ ਇੰਸਟਰਕਟਰ

ਆਸਟ੍ਰੇਲੀਆ ਦੇ ਬਿਊਰੋ ਆਫ ਇੰਫਰਾਸਟਰਕਚਰ ਐਂਡ ਟਰਾਂਸਪੋਰਟ ਰਿਸਰਚ ਇਕਨੌਮਿਕਸ ਦੇ ਅੰਕੜਿਆਂ ਮੁਤਾਬਕ 2026 ਦੀ ਪਹਿਲੀ ਤਿਮਾਹੀ ਵਿੱਚ ਹੈਵੀ ਵ੍ਹੀਕਲ ਹਾਦਸਿਆਂ ਵਿੱਚ 50 ਮੌਤਾਂ ਦਰਜ ਕੀਤੀਆਂ ਗਈਆਂ।

ਇਹ ਅੰਕੜਾ 2021 ਤੋਂ 2025 ਤੱਕ ਦੀਆਂ ਪਹਿਲੀਆਂ ਤਿਮਾਹੀਆਂ ਦੇ ਔਸਤ ਨਾਲੋਂ 10.1 ਫੀਸਦੀ ਵੱਧ ਹੈ।

ਇਨ੍ਹਾਂ ਅੰਕੜਿਆਂ ਦੇ ਪਿੱਛੇ ਸਿਰਫ਼ ਗਿਣਤੀਆਂ ਨਹੀਂ, ਸਗੋਂ ਇਨਸਾਨੀ ਜ਼ਿੰਦਗੀਆਂ ਹਨ।

ਜ਼ਿਕਰਯੋਗ ਹੈਕਿ ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਟਰੱਕਿੰਗ ਅਤੇ ਟਰਾਂਸਪੋਰਟ ਉਦਯੋਗ ਨਾਲ ਜੁੜੀ ਹੋਈ ਹੈ।

ਇਸ ਲਈ ਜਦੋਂ ਕੋਈ ਪੰਜਾਬੀ ਮੂਲ ਦਾ ਟਰੱਕ ਡਰਾਈਵਰ ਸੜਕ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਹਾਦਸੇ ਦਾ ਦਰਦ ਸਿਰਫ਼ ਇੱਕ ਪਰਿਵਾਰ ਤੱਕ ਸੀਮਤ ਨਹੀਂ ਰਹਿੰਦਾ। ਇਸਦੀ ਗੂੰਜ ਪੂਰੇ ਭਾਈਚਾਰੇ ਵਿੱਚ ਸੁਣਾਈ ਦਿੰਦੀ ਹੈ।

ਪਿਛਲੇ ਸਮੇਂ ਦੌਰਾਨ ਅਜਿਹੇ ਜਾਨਲੇਵਾ ਹਾਦਸਿਆਂ ਵਿੱਚ ਆਪਣੇ ਪਿਆਰਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਨਾਲ ਜਦੋਂ ਐਸ ਬੀ ਐਸ ਪੰਜਾਬੀ ਨੇ ਗੱਲਬਾਤ ਕੀਤੀ, ਤਾਂ ਉਨ੍ਹਾਂ ਦੇ ਦਰਦ ਭਰੇ ਬੋਲਾਂ ਵਿੱਚੋਂ ਇੱਕੋ ਸੁਨੇਹਾ ਵਾਰ-ਵਾਰ ਸਾਹਮਣੇ ਆਇਆ, "ਸੜਕ ’ਤੇ ਸਾਵਧਾਨ ਰਹੋ।"

ਇਸ ਲਈ ਸੜਕ ’ਤੇ ਸੁਰੱਖਿਆ ਸਿਰਫ਼ ਡਰਾਈਵਰ ਆਪਣੇ ਪ੍ਰਤੀ ਜ਼ਿੰਮੇਵਾਰੀ ਨਹੀਂ, ਇਹ ਉਸ ਪਰਿਵਾਰ ਪ੍ਰਤੀ ਵੀ ਜ਼ਿੰਮੇਵਾਰੀ ਹੈ ਜੋ ਉਸਦੀ ਸਹੀ-ਸਲਾਮਤ ਵਾਪਸੀ ਦੀ ਉਡੀਕ ਕਰ ਰਿਹਾ ਹੈ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now