Watch FIFA World Cup 2026™

LIVE, FREE and EXCLUSIVE starting June 12 2026

ਆਪਣੇ ਨਾਲ ਹੋਏ ਕਥਿਤ ਧੱਕੇ ਖ਼ਿਲਾਫ਼ 'ਸਿੰਘ' ਨੇ ਕੁਈਨਜ਼ਲੈਂਡ ਪੁਲਿਸ ਲਿਆਂਦੀ ਕਟਿਹਰੇ 'ਚ, ਸਨਮਾਨ ਦੀ ਲੜ੍ਹਾਈ ਅਜੇ ਵੀ ਜਾਰੀ

Singh takes Queensland Police to court over alleged injustice; fight for dignity continues

Indian-origin Uber driver in Queensland alleges racial discrimination by police. Credit: AAP/Sitthixay Ditthavong

ਕੁਈਨਜ਼ਲੈਂਡ ਵਿੱਚ ਇੱਕ ਭਾਰਤੀ ਮੂਲ ਦੇ Uber ਡਰਾਈਵਰ ਨੇ ਪੁਲਿਸ ਖ਼ਿਲਾਫ਼ ਕਥਿਤ ਨਸਲੀ ਭੇਦਭਾਵ ਅਤੇ ਗੈਰ-ਉਚਿਤ ਕਾਰਵਾਈ ਦੇ ਦੋਸ਼ ਲਗਾਉਂਦੇ ਹੋਏ ਤਿੰਨ ਸਾਲ ਲੰਬੀ ਕਾਨੂੰਨੀ ਲੜਾਈ ਲੜੀ ਹੈ। ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਪ੍ਰਯਾਪਤ ਸਬੂਤਾਂ ਤੋਂ ਬਿਨਾਂ ਗੰਭੀਰ ਦੋਸ਼ ਲਗਾਏ ਗਏ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਅਤੇ ਮਾਨਸਿਕ ਸਿਹਤ ‘ਤੇ ਡੂੰਘਾ ਅਸਰ ਪਿਆ। ਮਾਮਲੇ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਭਾਰਤੀ ਭਾਈਚਾਰੇ ਬਾਰੇ ਨਸਲੀ ਟਿੱਪਣੀਆਂ ਕੀਤੇ ਜਾਣ ਦਾ ਵੀ ਦਾਅਵਾ ਸਾਹਮਣੇ ਆਇਆ ਹੈ।


Published

Updated

By Puneet Dhingra

Presented by Puneet Dhingra

Source: SBS



Share this with family and friends


ਕੁਈਨਜ਼ਲੈਂਡ ਵਿੱਚ ਇੱਕ ਭਾਰਤੀ ਮੂਲ ਦੇ Uber ਡਰਾਈਵਰ ਨੇ ਪੁਲਿਸ ਖ਼ਿਲਾਫ਼ ਕਥਿਤ ਨਸਲੀ ਭੇਦਭਾਵ ਅਤੇ ਗੈਰ-ਉਚਿਤ ਕਾਰਵਾਈ ਦੇ ਦੋਸ਼ ਲਗਾਉਂਦੇ ਹੋਏ ਤਿੰਨ ਸਾਲ ਲੰਬੀ ਕਾਨੂੰਨੀ ਲੜਾਈ ਲੜੀ ਹੈ। ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਪ੍ਰਯਾਪਤ ਸਬੂਤਾਂ ਤੋਂ ਬਿਨਾਂ ਗੰਭੀਰ ਦੋਸ਼ ਲਗਾਏ ਗਏ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਅਤੇ ਮਾਨਸਿਕ ਸਿਹਤ ‘ਤੇ ਡੂੰਘਾ ਅਸਰ ਪਿਆ। ਮਾਮਲੇ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਭਾਰਤੀ ਭਾਈਚਾਰੇ ਬਾਰੇ ਨਸਲੀ ਟਿੱਪਣੀਆਂ ਕੀਤੇ ਜਾਣ ਦਾ ਵੀ ਦਾਅਵਾ ਸਾਹਮਣੇ ਆਇਆ ਹੈ।


ਕੁਈਨਜ਼ਲੈਂਡ ਵਿੱਚ ਇੱਕ ਭਾਰਤੀ ਮੂਲ ਦੇ Uber ਡਰਾਈਵਰ ਵੱਲੋਂ ਪੁਲਿਸ ਖ਼ਿਲਾਫ਼ ਨਸਲੀ ਭੇਦਭਾਵ ਅਤੇ ਗੈਰ-ਉਚਿਤ ਕਾਰਵਾਈ ਦੇ ਦੋਸ਼ ਲਗਾਉਂਦੇ ਹੋਏ ਕਾਨੂੰਨੀ ਲੜਾਈ ਜਾਰੀ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ।

ਸਿੰਘ ਮੁਤਾਬਕ, 26 ਜਨਵਰੀ 2023 ਨੂੰ ਉਹ ਆਪਣੀ Uber ਡਿਊਟੀ ਦੌਰਾਨ ਇੱਕ ਯਾਤਰੀ ਨੂੰ ਨੇੜੇ ਹੀ ਛੱਡ ਕੇ ਗੱਡੀ ਸਾਈਡ ‘ਤੇ ਖੜੀ ਕਰਕੇ ਫੋਨ ‘ਤੇ ਗੱਲ ਕਰ ਰਹੇ ਸਨ ਅਤੇ ਗਰਮੀ ਹੋਣ ਕਰਕੇ ਉਨ੍ਹਾਂ ਨੇ ਗੱਡੀ ਦਾ ਏਸੀ ਚਾਲੂ ਕੀਤਾ ਹੋਇਆ ਸੀ। ਸਿੰਘ ਮੁਤਾਬਕ, ਇਸ ਦੌਰਾਨ ਨੇੜਲੇ ਘਰ ਤੋਂ ਇੱਕ ਔਰਤ ਬਾਹਰ ਆਈ ਅਤੇ ਉਨ੍ਹਾਂ ਨਾਲ ਤਣਾਅਪੂਰਨ ਬਹਿਸ ਹੋਈ।

ਸਿੰਘ ਦਾ ਦਾਅਵਾ ਹੈ ਕਿ ਉਸ ਔਰਤ ਨੇ ਕਥਿਤ ਤੌਰ 'ਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ, ਨਸਲੀ ਟਿੱਪਣੀਆਂ ਕੀਤੀਆਂ ਅਤੇ ਉਨ੍ਹਾਂ ‘ਤੇ ਅਣਉਚਿਤ ਵਿਵਹਾਰ ਦੇ ਦੋਸ਼ ਲਗਾਏ, ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਸਿੰਘ ਦੇ ਅਨੁਸਾਰ, ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੇ ਆਪਣੇ ਪੱਖ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੁਭਾਸ਼ੀਆ ਦੀ ਮੰਗ ਵੀ ਕੀਤੀ, ਪਰ ਉਨ੍ਹਾਂ ਦੀ ਇਹ ਮੰਗ ਨਹੀਂ ਮੰਨੀ ਗਈ। ਉਨ੍ਹਾਂ ਦਾ ਦਾਅਵਾ ਹੈ ਕਿ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੀ ਗੱਲ ਪੂਰੀ ਤਰ੍ਹਾਂ ਸੁਣਨ ਤੋਂ ਪਹਿਲਾਂ ਹੀ ਨਤੀਜਾ ਕੱਢ ਲਿਆ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣਾ Uber ਅਕਾਊਂਟ ਵੀ ਪੁਲਿਸ ਨੂੰ ਦਿਖਾਇਆ ਅਤੇ ਸਮਝਾਇਆ ਕਿ ਉਹ ਹਾਲ ਹੀ ਵਿੱਚ ਇੱਕ ਰਾਈਡ ਖਤਮ ਕਰਕੇ ਉੱਥੇ ਰੁਕੇ ਸਨ, ਪਰ ਫਿਰ ਵੀ ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ। ਸਿੰਘ ਦਾ ਕਹਿਣਾ ਹੈ ਕਿ ਇਹ ਦੋਸ਼ ਇੱਕ ਗਵਾਹ ਦੇ ਬਿਆਨ ‘ਤੇ ਆਧਾਰਿਤ ਸਨ ਅਤੇ ਉਨ੍ਹਾਂ ਦੇ ਮੁਤਾਬਕ ਇਸ ਨੂੰ ਸਮਰਥਨ ਦੇਣ ਲਈ ਕੋਈ ਸੁਤੰਤਰ ਸਬੂਤ ਮੌਜੂਦ ਨਹੀਂ ਸੀ। ਇਸ ਦੇ ਬਾਵਜੂਦ, ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਨੂੰ ਅੱਗੇ ਵਧਾਇਆ ਗਿਆ।

ਇਸ ਮਾਮਲੇ ਦੌਰਾਨ ਇੱਕ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਭਾਰਤੀ ਕਮਿਊਨਿਟੀ ਬਾਰੇ ਨਸਲੀ ਟਿੱਪਣੀਆਂ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ। SBS Punjabi ਨਾਲ ਗੱਲਬਾਤ ਦੌਰਾਨ ਸਿੰਘ ਨੇ ਦੱਸਿਆ ਕਿ 'ਜਦੋਂ ਉਹਨਾਂ ਦੇ ਵਕੀਲ ਨੇ ਇਸ ਮਾਮਲੇ ਨਾਲ ਜੁੜੀ ਬਾਡੀ-ਵੋਰਨ ਕੈਮਰਾ ਫੁਟੇਜ ਵੇਖੀ ਤਾਂ ਪਾਇਆ ਕਿ, ਮੌਕੇ ਤੋਂ ਵਾਪਸ ਜਾਂਦੇ ਸਮੇਂ ਇੱਕ ਪੁਲਿਸ ਅਧਿਕਾਰੀ ਨੇ ਆਪਣੇ ਸਾਥੀ ਨਾਲ ਗੱਲਬਾਤ ਦੌਰਾਨ ਭਾਰਤੀ ਮੂਲ ਦੇ ਵਿਅਕਤੀਆਂ ਬਾਰੇ ਅਪਮਾਨਜਨਕ ਅਤੇ ਨਸਲੀ ਰੂਪ ਵਿੱਚ ਨਕਾਰਾਤਮਕ ਟਿੱਪਣੀਆਂ ਕੀਤੀਆਂ। ਸਿੰਘ ਦੇ ਅਨੁਸਾਰ, ਉਸ ਗੱਲਬਾਤ ਵਿੱਚ ਭਾਰਤੀ ਭਾਈਚਾਰੇ ਬਾਰੇ ਸਟੀਰੀਓਟਾਈਪ ਵਾਲੀਆਂ ਅਤੇ ਅਣਉਚਿਤ ਟਿੱਪਣੀਆਂ ਵੀ ਕੀਤੀਆਂ ਗਈਆਂ ਸਨ।

ਸਿੰਘ ਮੁਤਾਬਕ, ਇਸ ਲੰਬੇ ਕਾਨੂੰਨੀ ਮਾਮਲੇ ਨੇ ਉਨ੍ਹਾਂ ਦੀ ਜ਼ਿੰਦਗੀ ‘ਤੇ ਡੂੰਘਾ ਅਸਰ ਪਾਇਆ। ਉਹ ਕਹਿੰਦੇ ਹਨ ਕਿ ਦੋਸ਼ਾਂ ਕਾਰਨ ਉਹ ਮਾਨਸਿਕ ਤਣਾਅ ਵਿੱਚ ਚਲੇ ਗਏ ਅਤੇ ਉਨ੍ਹਾਂ ਨੂੰ ਸਥਾਨਕ ਡਾਕਟਰ ਕੋਲ ਜਾਣਾ ਪਿਆ। ਉਹ ਦੱਸਦੇ ਹਨ ਕਿ ਇਸ ਦੌਰਾਨ ਉਨ੍ਹਾਂ ਦੇ ਕੁਝ ਦੋਸਤ ਅਤੇ ਜਾਣ-ਪਛਾਣ ਵਾਲੇ ਵੀ ਉਨ੍ਹਾਂ ਤੋਂ ਦੂਰ ਹੋ ਗਏ, ਕਿਉਂਕਿ ਕਈ ਲੋਕਾਂ ਨੂੰ ਲੱਗਦਾ ਸੀ ਕਿ ਜੇ ਪੁਲਿਸ ਨੇ ਦੋਸ਼ ਲਗਾਏ ਹਨ, ਤਾਂ ਉਹ ਸਹੀ ਹੀ ਹੋਣਗੇ।

ਆਸਟ੍ਰੇਲੀਆ ਆ ਕੇ ਜੋ ਵੀ ਯੋਜਨਾਵਾਂ ਅਤੇ ਸੁਪਨੇ ਮੈਂ ਬਣਾਏ ਸਨ, ਉਹ ਮੇਰੀਆਂ ਅੱਖਾਂ ਸਾਹਮਣੇ ਹੀ ਖਤਮ ਹੋ ਗਏ।
Mr. Singh

ਐਸ ਬੀ ਐਸ ਪੰਜਾਬੀ ਨਾਲ ਕੀਤੀ ਗੱਲਬਾਤ ਦੌਰਾਨ ਉਹ ਦੱਸਦੇ ਹਨ, “ਮੇਰੇ ਉੱਤੇ ਇੱਕ ਐਸਾ ਦੋਸ਼ ਲਗਾਇਆ ਗਿਆ ਜੋ ਹਰ ਸਭਿਆਚਾਰ ਵਿੱਚ ਗਲਤ ਮੰਨਿਆ ਜਾਂਦਾ ਹੈ, ਪਰ ਮੇਰੇ ਸਭਿਆਚਾਰ ਵਿੱਚ ਇਹ ਹੋਰ ਵੀ ਵੱਡਾ ਦਾਗ ਹੈ… ਮੇਰੀ ਇੱਜ਼ਤ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ ਸੀ। ਜਿਸ ਕਰਕੇ ਮੈਂ ਇਹ ਮਾਮਲਾ ਅਖ਼ੀਰ ਤੱਕ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਹੈ।”

ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਲੜਾਈ ਦੌਰਾਨ ਆਪਣੀਆਂ ਸਾਰੀਆਂ ਬਚਤਾਂ ਖਰਚ ਦਿੱਤੀਆਂ, ਪਰ ਉਹ ਪਿੱਛੇ ਨਹੀਂ ਹਟੇ।ਆਖ਼ਿਰਕਾਰ, ਉਨ੍ਹਾਂ ਦਾ ਦਾਅਵਾ ਹੈ ਕਿ ਅਦਾਲਤ ਦਾ ਫ਼ੈਸਲਾ ਉਨ੍ਹਾਂ ਦੇ ਹੱਕ ਵਿੱਚ ਆਇਆ।

ਦੂਜੇ ਪਾਸੇ, ਕੁਈਨਜ਼ਲੈਂਡ ਪੁਲਿਸ ਸਰਵਿਸ ਨੇ SBS Punjabi ਨੂੰ ਕਿਹਾ ਹੈ ਕਿ ਉਹ ਆਪਣੇ ਮੈਂਬਰਾਂ ਵੱਲੋਂ ਗੈਰ-ਉਚਿਤ ਜਾਂ ਭੇਦਭਾਵਪੂਰਨ ਵਰਤਾਅ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦੀ ਹੈ ਅਤੇ ਇਸ ਮਾਮਲੇ ਵਿੱਚ ਸੰਬੰਧਿਤ ਅਧਿਕਾਰੀ ਖ਼ਿਲਾਫ਼ ਪੇਸ਼ੇਵਰ ਸੁਧਾਰਕ ਕਦਮ ਚੁੱਕੇ ਗਏ ਹਨ।

The matter was assessed and appropriate inquiries were undertaken. As a result, the officer was subject to professional development strategies aimed at addressing the identified conduct and reinforcing the expected standards of professionalism and respectful engagement with the community.
QPS Spokesperson

ਇਸ ਤੋਂ ਬਾਅਦ, ਸਿੰਘ ਨੇ ਨਸਲੀ ਟਿੱਪਣੀਆਂ ਦੇ ਮਾਮਲੇ ਨੂੰ ਮਨੁੱਖੀ ਅਧਿਕਾਰ ਅਤੇ ਭੇਦਭਾਵ-ਸਬੰਧੀ ਪ੍ਰਕਿਰਿਆ ਰਾਹੀਂ ਵੀ ਅੱਗੇ ਵਧਾਇਆ। ਉਨ੍ਹਾਂ ਦੇ ਅਨੁਸਾਰ, ਉਨ੍ਹਾਂ ਨੂੰ ਇਸ ਸਬੰਧ ਵਿੱਚ ਅਨੁਕੂਲ ਨਤੀਜਾ ਮਿਲਿਆ। ਸਿੰਘ ਨੇ ਪੁਲਿਸ ਤੋਂ ਤਕਰੀਬਨ 5 ਲੱਖ ਡਾਲਰ ਮੁਆਵਜ਼ੇ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਭੁਗਤਾਨ ਨਾ ਹੋਣ ਕਾਰਨ ਮਾਮਲਾ ਇਸ ਵੇਲੇ ਫੈਡਰਲ ਕੋਰਟ ਵਿੱਚ ਚੱਲ ਰਿਹਾ ਹੈ।

ਹੁਣ ਸਿੰਘ ਦੀ ਮੰਗ ਹੈ ਕਿ ਸਰਕਾਰ ਦੇ ਉੱਚ ਅਧਿਕਾਰੀ ਇਸ ਮਾਮਲੇ ‘ਤੇ ਸਪੱਸ਼ਟ ਬਿਆਨ ਦੇਣ ਅਤੇ ਭਾਰਤੀ ਭਾਈਚਾਰੇ ਤੋਂ ਮਾਫ਼ੀ ਮੰਗੀ ਜਾਵੇ, ਕਿਉਂਕਿ ਉਨ੍ਹਾਂ ਦੇ ਅਨੁਸਾਰ ਇੱਕ ਸੀਨੀਅਰ ਕਾਂਸਟੇਬਲ ਵੱਲੋਂ ਪੂਰੇ ਭਾਰਤੀ ਭਾਈਚਾਰੇ ਬਾਰੇ ਅਪਮਾਨਜਨਕ ਟਿੱਪਣੀ ਕੀਤੀ ਗਈ ਸੀ।

ਹਾਲਾਂਕਿ, ਸਿੰਘ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਦਾ ਆਸਟ੍ਰੇਲੀਆ ਦੀ ਕਾਨੂੰਨੀ ਪ੍ਰਣਾਲੀ ‘ਤੇ ਅਜੇ ਵੀ ਭਰੋਸਾ ਹੈ। ਉਨ੍ਹਾਂ ਦੇ ਅਨੁਸਾਰ, “ਜੇ ਸਿਸਟਮ ‘ਤੇ ਭਰੋਸਾ ਨਾ ਹੁੰਦਾ, ਤਾਂ ਮੈਂ ਇਹ ਲੜਾਈ ਨਹੀਂ ਲੜ ਸਕਦਾ ਸੀ, ਅਤੇ ਅੱਜ ਮੈਂ ਮੀਡੀਆ ਸਾਹਮਣੇ ਆਪਣੀ ਗੱਲ ਨਹੀਂ ਰੱਖ ਰਿਹਾ ਹੁੰਦਾ।”

ਪੂਰੀ ਇੰਟਰਵਿਊ ਇਸ ਪੌਡਾਕਸਟ ਰਾਹੀਂ ਸੁਣੋ...

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now