ਡਾ: ਸੁਨੀਤਾ ਸਿੱਧੂ ਢੀਂਡਸਾ ਕੈਨਬਰਾ ਵਿਚਲੇ ਭਾਰਤੀ ਭਾਈਚਾਰੇ ਦਾ ਇੱਕ ਜਾਣਿਆ-ਪਹਿਚਾਣਿਆ ਨਾਂ ਹੈ।
ਉਹ ਓਥੋਂ ਦੀਆਂ ਵੱਖ-ਵੱਖ ਭਾਈਚਾਰਕ ਸੰਸਥਾਵਾਂ ਵਿੱਚ ਕਈ ਅਹੁਦਿਆਂ 'ਤੇ ਕੰਮ ਕਰਦਿਆਂ ਕਈ ਤਰਾਂਹ ਦੇ ਸਮਾਜ-ਸੇਵੀ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਜਿਸਦੇ ਚਲਦਿਆਂ ਉਹਨਾਂ ਨੂੰ ਬਹੁਤ ਸਾਰੇ ਮਾਣ-ਸਨਮਾਨ ਵੀ ਮਿਲ ਚੁੱਕੇ ਹਨ।
ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਲੱਗਭਗ 30 ਸਾਲਾਂ ਤੋਂ ਆਸਟ੍ਰੇਲੀਆ ਦੇ ਵਸਨੀਕ ਹਨ ਤੇ ਉਨ੍ਹਾਂ ਦਾ ਮਕਸਦ ਭਾਈਚਾਰੇ ਵਿੱਚ ਹਰ-ਸੰਭਵ ਬਣਦੀ ਮਦਦ ਕਰਨਾ ਹੈ।
"ਮੈਂ ਆਪਣੀ ਸਹਿਯੋਗੀਆਂ ਦੀ ਮੱਦਦ ਨਾਲ਼ ਪਿਛਲੇ ਕੁਝ ਸਾਲਾਂ ਤੋਂ ਕਈ ਪ੍ਰਕਾਰ ਦੇ ਸਮਾਜ-ਸੇਵੀ ਕੰਮਾਂ ਵਿੱਚ ਲੱਗੀ ਹੋਈ ਹਾਂ। ਇਸ ਬਦਲੇ ਮਿਲਿਆ ਓ ਏ ਐਮ ਦਾ ਸਨਮਾਨ ਮੇਰੇ ਲਈ ਇੱਕ ਮਾਣ ਵਾਲ਼ੀ ਗੱਲ ਹੈ ਜਿਸ ਲਈ ਮੈਂ ਆਪਣੇ ਪਤੀ ਹਰਜਿੰਦਰ ਢੀਂਡਸਾ ਤੇ ਆਪਣੇ ਸਮੁੱਚੇ ਭਾਈਚਾਰੇ ਤੋਂ ਮਿਲੇ ਸਹਿਯੋਗ ਤੇ ਹੌਂਸਲੇ, ਤੇ ਆਸਟ੍ਰੇਲੀਅਨ ਸਰਕਾਰ ਦੀ ਸ਼ੁਕਰਗੁਜ਼ਾਰ ਹਾਂ," ਉਨ੍ਹਾਂ ਕਿਹਾ।
"ਮੈਂ ਉਮੀਦ ਕਰਦੀ ਹਾਂ ਕਿ ਇਹ ਸਨਮਾਨ ਦੂਜੇ ਪ੍ਰਵਾਸੀਆਂ ਅਤੇ ਸਾਡੀ ਨੌਜਵਾਨ ਪੀੜ੍ਹੀ ਲਈ ਇੱਕ ਸੇਧ ਤੇ ਹੌਂਸਲਾ ਦੇਣ ਵਾਲ਼ੀ ਗੱਲ ਸਾਬਿਤ ਹੋਵੇਗਾ।"

ਇਹਨਾਂ ਵਿੱਚ ਦੋ ਸੀਨੀਅਰ ਮੈਡੀਕਲ ਮਾਹਰ, ਇੱਕ ਵਿਗਿਆਪਨ ਕਾਰਜਕਾਰੀ, ਕਈ ਹੋਰ ਪੇਸ਼ੇਵਰ ਅਤੇ ਕਮਿਊਨਿਟੀ ਵਲੰਟੀਅਰ ਸ਼ਾਮਲ ਹਨ।
ਕਿੰਗਜ਼ ਬਰਥਡੇ 2023 ਆਨਰਜ਼ ਲਿਸਟ ਵਿੱਚ ਇਸ ਸਾਲ 1,191 ਮਾਣਮੱਤੀਆਂ ਆਸਟ੍ਰੇਲੀਅਨਾਂ ਸ਼ਖਸ਼ੀਅਤਾਂ ਨੂੰ ਮਾਨਤਾ ਦਿੱਤੀ ਗਈ ਹੈ।
ਇਨ੍ਹਾਂ ਵਿੱਚੋਂ 465 ਪੁਰਸਕਾਰ ਔਰਤਾਂ ਨੂੰ ਦਿੱਤੇ ਗਏ ਹਨ - 1975 ਵਿੱਚ ਆਸਟ੍ਰੇਲੀਅਨ ਸਨਮਾਨ ਪ੍ਰਣਾਲੀ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਜਨਰਲ ਡਿਵੀਜ਼ਨ ਵਿੱਚ ਮਰਦਾਂ ਨਾਲੋਂ ਵੱਧ ਔਰਤਾਂ ਨੂੰ ਮਾਨਤਾ ਮਿਲ਼ੀ ਹੈ।
ਇਸ ਸੂਚੀ ਵਿੱਚ ਸ਼ਾਮਿਲ ਸਮਾਜ-ਸੇਵੀ ਡਾ: ਢੀਂਡਸਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਤੋਂ ਜੈਨੇਟਿਕਸ ਵਿੱਚ ਪੀ ਐਚ ਡੀ ਕੀਤੀ ਹੋਈ ਹੈ।

ਡਾ: ਸੁਨੀਤਾ ਢੀਂਡਸਾ ਤੇ ਉਨ੍ਹਾਂ ਦੇ ਪਤੀ ਹਰਜਿੰਦਰ ਢੀਂਡਸਾ ਕੈਨਬਰਾ ਵਿਚਲੇ ਪੰਜਾਬੀ ਭਾਈਚਾਰੇ ਨਾਲ਼ ਖ਼ਾਸ ਸਾਂਝ ਰੱਖਦੇ ਹਨ। Credit: Supplied
"ਜਦੋਂ ਅਸੀਂ ਇਥੇ ਆਏ ਤਾਂ ਹਾਲਾਤ ਬਹੁਤੇ ਚੰਗੇ ਨਹੀਂ ਸਨ। ਆਸਟ੍ਰੇਲੀਆ ਵਿੱਚ ਆਰਥਿਕ ਮੰਦਹਾਲੀ ਦਾ ਦੌਰ ਸੀ। ਦੂਜੇ ਪ੍ਰਵਾਸੀਆਂ ਵਾਂਗ ਅਸੀਂ ਵੀ ਔਖੇ-ਸੌਖੇ ਰਾਹਾਂ 'ਤੇ ਚਲਦੇ ਆਪਣੇ ਆਪ ਨੂੰ ਸਥਾਪਿਤ ਕਰਨ ਵਿੱਚ ਕਾਮਯਾਬ ਹੋਏ ਹਾਂ। ਹੁਣ ਰਿਟਾਇਰਡ ਜ਼ਿੰਦਗੀ ਸੌਖੀ ਹੈ ਪਰ ਕੋਸ਼ਿਸ਼ ਰਹਿੰਦੀ ਕਿ ਆਪਣੇ ਸਮਾਜ ਨੂੰ ਕੁਝ ਵਾਪਿਸ ਦੇ ਸਕੀਏ," ਉਨ੍ਹਾਂ ਕਿਹਾ।
ਹੋਰ ਵੇਰਵੇ ਲਈ ਡਾ: ਢੀਂਡਸਾ ਨਾਲ਼ ਇਹ ਇੰਟਰਵਿਊ ਸੁਣੋ....


