ਸਿਡਨੀ ਦੇ ਰਹਿਣ ਵਾਲੇ ਨੌਜਵਾਨ ਵਿੰਨੀ ਪੇਲੀਆ ਨੇ ਐਸ ਬੀ ਐਸ ਪੰਜਾਬੀ ਨਾਲ ਆਪਣੀ ਪਹਿਲਕਦਮੀ ‘ਬਾਸਕਟੇਬਲ’ ਬਾਰੇ ਗੱਲ ਕਰਦੇ ਹੋਏ ਦੱਸਿਆ, "ਗਾਹਕਾਂ ਨੂੰ ਸਿਰਫ਼ ਇੱਕ ਕਿਉ ਆਰ ਕੋਡ ਸਕੈਨ ਕਰਨਾ ਪਵੇਗਾ, ਜਿਸਦੇ ਜਵਾਬ ਵਿੱਚ ਉਨ੍ਹਾਂ ਨੂੰ ਇੱਕ ਟੈਕਸਟ ਸੁਨੇਹੇ ਜ਼ਰੀਏ ਦੁਕਾਨ ਦਾ ਮੀਨੂ ਪ੍ਰਾਪਤ ਹੋ ਜਾਵੇਗਾ।"
“ਇਸ ਤੋਂ ਬਾਅਦ ਗਾਹਕ ਆਪਣੀ ਪਸੰਦ ਦੀਆਂ ਵਸਤਾਂ ਨੂੰ ਚੁਣਦੇ ਹੋਏ ਲੌੜੀਂਦੀ ਮਾਤਰਾ ਵਿੱਚ ਖਰੀਦ ਕਰ ਸਕਦੇ ਹਨ।"
ਖਾਸ ਨੁੱਕਤੇ:
- ਬਾਸਕਟੇਬਲ ਨਾਲ ਗਾਹਕਾਂ ਅਤੇ ਵਪਾਰਾਂ ਦੋਹਾਂ ਲਈ ਹੀ ਸਮੇਂ ਦੀ ਬਚਤ ਹੋ ਸਕਦੀ ਹੈ।
- ਆਸਟ੍ਰੇਲੀਆ ਤੇਜ਼ੀ ਨਾਲ ‘ਕੈਸ਼ਲੈੱਸ’ ਭਵਿੱਖ ਵੱਲ ਵਧ ਰਿਹਾ ਹੈ ਅਤੇ ਇਸ ਹੱਲ ਦੁਆਰਾ ਕਿਸੇ ਵੀ ਸਮੇਂ, ਅਤੇ ਕਿਸੇ ਵੀ ਥਾਂ ਤੋਂ ਸੁਰੱਖਿਅਤ ਭੁਗਤਾਨ ਕੀਤੇ ਜਾ ਸਕਦੇ ਹਨ।
- ਲੋਕ ਭਾਂਤ-ਭਾਂਤ ਦੀਆਂ ਐਪਸ ਡਾਊਨਲੋਡ ਨਹੀਂ ਕਰਨਾ ਚਾਹੁੰਦੇ, ਇਸ ਲਈ ਇਹ ਤਰੀਕਾ ਮੌਜੂਦਾ ਐਸ ਐਮ ਐਸ ਪ੍ਰਣਾਲੀ ਨੂੰ ਹੀ ਵਰਤਦਾ ਹੈ।

ਸ਼੍ਰੀ ਪੇਲੀਆ ਨੇ ਸ਼ੁਰੂ-ਸ਼ੁਰੂ ਵਿੱਚ ਸ਼ੌਕੀਆਂ ਤੌਰ ਤੇ ਤਾਂ ਐਪਸ ਬਨਾਉਣ ਦੀ ਸ਼ੁਰੂਆਤ ਕੀਤੀ ਸੀ, ਅਤੇ ਕੁੱਝ ਸਮਾਂ ਪਹਿਲਾਂ ਆਪਣੀ ਮਾਤਾ ਜੀ ਦੀ ਮੰਗ ਉੱਤੇ ਇੱਕ ਅਜਿਹੀ ਚੈਟਿੰਗ ਐਪ ਬਣਾ ਦਿੱਤੀ ਸੀ ਜਿਸ ਨਾਲ ਉਸਦੀ ਮਾਤਾ ਆਪਣੀ ਮਾਤ ਭਾਸ਼ਾ ਪੰਜਾਬੀ ਵਿੱਚ ਹੀ ਦੂਜਿਆਂ ਨਾਲ ਚੈਟ ਕਰ ਸਕਦੀ ਸੀ।
‘ਬਾਸਕਟੇਬਲ’ ਨਾਮਕ ਪਹਿਲਕਦਮੀ ਬਾਰੇ ਵਿਸਥਾਰ ਨਾਲ ਦਸਦੇ ਹੋਏ ਸ਼੍ਰੀ ਪੇਲੀਆ ਨੇ ਕਿਹਾ, “ਜਦੋਂ ਗਾਹਕ ਆਪਣੀ ਪਸੰਦ ਦੀ ਚੀਜ਼ ਦੀ ਖਰੀਦ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਸਿਰਫ਼ ਕਾਊਂਟਰ ਤੇ ਜਾਕੇ ਆਪਣਾ ਆਰਡਰ ਪ੍ਰਾਪਤ ਕਰਨਾ ਪੈਂਦਾ ਹੈ। ਬਾਕੀ ਦਾ ਸਾਰਾ ਕੰਮ ਇਸ ਨਵੇਂ ਹੱਲ ਨੇ ਪਹਿਲਾਂ ਹੀ ਕਰ ਦਿੱਤਾ ਹੁੰਦਾ ਹੈ”।
ਇਸ ਬਚੇ ਹੋਏ ਸਮੇਂ ਦੇ ਨਾਲ ਵਿਕਰੀ ਵਿੱਚ ਹੋਰ ਵੀ ਵਾਧਾ ਕੀਤਾ ਜਾ ਸਕਦਾ ਹੈ, ਅਤੇ ਗਾਹਕਾਂ ਨੂੰ ਵੀ ਵਧੀਆ ਸੇਵਾ ਮਿਲ ਜਾਂਦੀ ਹੈ।
“ਬੇਸ਼ਕ ਤੁਸੀਂ ਕਿਸੇ ਰੈਸਟੋਰੈਂਟ ਦੇ ਮਾਲਕ ਹੋ, ਜਾਂ ਫੇਰ ਕੋਈ ਚਲਦੀ ਫਿਰਦੀ ਵੈਨ ਵਿੱਚ ਖਾਣਾ ਵੇਚਦੇ ਹੋ, ਇਹ ਪਹਿਲਕਦਮੀ ਸਾਰਿਆਂ ਦੀ ਮਦਦ ਕਰ ਸਕਦੀ ਹੈ”, ਸ਼੍ਰੀ ਪੇਲੀਆ ਨੇ ਦੱਸਿਆ।
ਇਸ ਨਾਲ ਬਹੁਤ ਸਾਰੇ ਉਪਰਲੇ ਖਰਚੇ ਵੀ ਬੱਚ ਜਾਂਦੇ ਹਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।





