ਆਸਟ੍ਰੇਲੀਆ ਦੇ ਆਦਿਵਾਸੀ ਝੰਡੇ ਦੀ ਕਹਾਣੀ ਸਿਰਫ਼ ਇਤਿਹਾਸ ਨਹੀਂ, ਸਗੋਂ ਪਛਾਣ, ਹੱਕਾਂ ਅਤੇ ਪ੍ਰਵਾਨਗੀ ਦੀ ਯਾਤਰਾ ਹੈ। ਇਹ ਲੋਕਾਂ ਲਈ ਵੀ ਮਹੱਤਵਪੂਰਨ ਹੈ ਜੋ ਬਹੁ-ਸੱਭਿਆਚਾਰਕ ਆਸਟ੍ਰੇਲੀਆ ਦਾ ਹਿੱਸਾ ਹਨ। ਲਾਲ, ਕਾਲੇ ਅਤੇ ਪੀਲੇ ਰੰਗਾਂ ਵਾਲਾ ਇਹ ਝੰਡਾ ਆਦਿਵਾਸੀ ਲੋਕਾਂ ਦੀ ਧਰਤੀ ਨਾਲ ਡੂੰਘੀ ਸਾਂਝ ਅਤੇ ਉਨ੍ਹਾਂ ਦੇ ਸੰਘਰਸ਼ਾਂ ਨੂੰ ਦਰਸਾਉਂਦਾ ਹੈ। ਇਹ ਰਿਪੋਰਟ ਝੰਡੇ ਦੇ ਇਤਿਹਾਸ, ਇਸ ਦੀ ਪ੍ਰਵਾਨਗੀ ਅਤੇ ਆਧੁਨਿਕ ਆਸਟ੍ਰੇਲੀਆ ਵਿੱਚ ਇਸ ਦੇ ਵੱਧਦੇ ਮਾਣ ਅਤੇ ਸਾਂਝੇ ਅਰਥ ਨੂੰ ਉਜਾਗਰ ਕਰਦੀ ਹੈ।
Key Points
- ਅਬੋਰਿਜਿਨਲ ਝੰਡਾ ਆਸਟ੍ਰੇਲੀਆ ਦੇ ਤਿੰਨ ਅਧਿਕਾਰਕ ਰਾਸ਼ਟਰੀ ਝੰਡਿਆਂ ਵਿੱਚੋਂ ਇੱਕ ਹੈ।
- ਇਹ ਝੰਡਾ 1971 ਵਿੱਚ ਜ਼ਮੀਨੀ ਹੱਕਾਂ ਦੇ ਪ੍ਰਦਰਸ਼ਨ ਵਜੋਂ ਤਿਆਰ ਕੀਤਾ ਗਿਆ ਸੀ ਅਤੇ 1995 ਵਿੱਚ ਇਸਨੂੰ ਆਸਟ੍ਰੇਲੀਆ ਦੇ ਅਧਿਕਾਰਕ ਝੰਡੇ ਦਾ ਦਰਜਾ ਮਿਲਿਆ।
- ਇਸ ਦੇ ਕਾਲੇ, ਲਾਲ ਅਤੇ ਪੀਲੇ ਰੰਗ ਅਬੋਰਿਜਿਨਲ ਲੋਕਾਂ, ਧਰਤੀ (Country) ਅਤੇ ਸੂਰਜ ਦੀ ਨਿਸ਼ਾਨਦੇਹੀ ਕਰਦੇ ਹਨ।
- ਇਹ ਝੰਡਾ ਹੁਣ ਪ੍ਰਦਰਸ਼ਨ ਦੇ ਚਿੰਨ੍ਹ ਤੋਂ ਬਦਲ ਕੇ ਮਾਣ, ਸਵਾਗਤ ਅਤੇ ਆਪਣੇਪਨ ਦਾ ਪ੍ਰਤੀਕ ਬਣ ਗਿਆ ਹੈ ਅਤੇ “Free the Flag” ਮੁਹਿੰਮ ਤੋਂ ਬਾਅਦ ਇਹ ਹੁਣ ਆਜ਼ਾਦੀ ਨਾਲ ਵਰਤਿਆ ਜਾ ਸਕਦਾ ਹੈ।
- ਆਦਿਵਾਸੀ ਝੰਡੇ ਦੀ ਸ਼ੁਰੂਆਤ ਕਿਵੇਂ ਹੋਈ?
- ਆਦਿਵਾਸੀ ਝੰਡੇ ਦਾ ਕੀ ਅਰਥ ਹੈ?
- ਆਦਿਵਾਸੀ ਝੰਡਾ ਹਰ ਜਗ੍ਹਾ ਕਦੋਂ ਦਿਖਾਈ ਦੇਣਾ ਸ਼ੁਰੂ ਹੋਇਆ?
- ਆਦਿਵਾਸੀ ਝੰਡੇ ਦਾ ਮਾਲਕ ਕੌਣ ਹੈ?
ਆਸਟ੍ਰੇਲੀਆ ਵਿੱਚ ਤਿੰਨ ਅਧਿਕਾਰਕ ਰਾਸ਼ਟਰੀ ਝੰਡੇ ਹਨ:
- ਆਸਟ੍ਰੇਲੀਆਈ ਰਾਸ਼ਟਰੀ ਝੰਡਾ
- ਆਦਿਵਾਸੀ ਝੰਡਾ
- ਟੋਰਸ ਸਟ੍ਰੇਟ ਆਇਲੈਂਡਰ ਝੰਡਾ
ਕਈ ਆਦਿਵਾਸੀ ਲੋਕਾਂ ਲਈ, ਆਦਿਵਾਸੀ ਝੰਡਾ ਸਿਰਫ਼ ਇੱਕ ਪ੍ਰਤੀਕ ਨਹੀਂ, ਇਹ ਤਾਕਤ, ਬਚਾਅ ਅਤੇ ਪਛਾਣ ਦੀ ਰੋਜ਼ਾਨਾ ਯਾਦ ਹੈ।

ਆਦਿਵਾਸੀ ਝੰਡੇ ਦੀ ਸ਼ੁਰੂਆਤ ਕਿਵੇਂ ਹੋਈ?
ਹਮੇਸ਼ਾ ਤੋਂ ਆਦਿਵਾਸੀ ਝੰਡਾ ਮੌਜੂਦ ਨਹੀਂ ਸੀ। ਇਹ 1971 ਵਿੱਚ ਲੂਰਿਟਜਾ ਅਤੇ ਵੋਂਬਾਈ ਕਲਾਕਾਰ ਅਤੇ ਸਰਗਰਮਕਾਰ ਅੰਕਲ ਹੈਰੋਲਡ ਥੋਮਸ ਵੱਲੋਂ ਤਿਆਰ ਕੀਤਾ ਗਿਆ ਸੀ। ਉਹ ਆਸਟ੍ਰੇਲੀਆ ਦੀ ਕਿਸੇ ਕਲਾ ਸਕੂਲ ਤੋਂ ਗ੍ਰੈਜੂਏਟ ਹੋਣ ਵਾਲੇ ਪਹਿਲੇ ਆਦਿਵਾਸੀ ਲੋਕਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਉਨ੍ਹਾਂ ਨੇ ਦੱਖਣੀ ਆਸਟ੍ਰੇਲੀਆ ਸਕੂਲ ਆਫ਼ ਆਰਟ ਵਿੱਚ ਪੜ੍ਹਾਈ ਕੀਤੀ ਸੀ।
ਆਦਿਵਾਸੀ ਝੰਡਾ ਪਹਿਲੀ ਵਾਰ 12 ਜੁਲਾਈ 1971 ਨੂੰ ਐਡਿਲੇਡ ਦੇ ਵਿਕਟੋਰੀਆ ਸਕਵੇਅਰ ਵਿੱਚ ਜ਼ਮੀਨੀ ਹੱਕਾਂ ਲਈ ਹੋਏ ਪ੍ਰਦਰਸ਼ਨ ਦੌਰਾਨ ਲਹਿਰਾਇਆ ਗਿਆ ਸੀ। ਉਸ ਸਮੇਂ ਇਸ ਦਿਨ ਨੂੰ “ਨੈਸ਼ਨਲ ਅਬੋਰਿਜਿਨਜ਼ ਡੇ” ਕਿਹਾ ਜਾਂਦਾ ਸੀ। ਇਸ ਤੋਂ ਕੁਝ ਸਮੇਂ ਬਾਅਦ 1972 ਵਿੱਚ ਕੈਨਬਰਾ ਦੀ ਆਦਿਵਾਸੀ ਟੈਂਟ ਐਂਬਸੀ ਨੇ ਇਸਨੂੰ ਜ਼ਮੀਨੀ ਹੱਕਾਂ ਅਤੇ ਸਵੈ-ਨਿਰਣਯਤਾ ਦੇ ਸ਼ਕਤੀਸ਼ਾਲੀ ਪ੍ਰਤੀਕ ਵਜੋਂ ਅਪਣਾਇਆ।
1995 ਵਿੱਚ ਆਸਟ੍ਰੇਲੀਆਈ ਸਰਕਾਰ ਨੇ Flags Act 1953 ਦੇ ਤਹਿਤ ਆਦਿਵਾਸੀ ਝੰਡੇ ਨੂੰ ਅਧਿਕਾਰਕ “Flag of Australia” ਵਜੋਂ ਮਾਨਤਾ ਦਿੱਤੀ।
ਆਦਿਵਾਸੀ ਝੰਡੇ ਦਾ ਕੀ ਅਰਥ ਹੈ?
ਆਦਿਵਾਸੀ ਝੰਡਾ ਦੋ ਬਰਾਬਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ—ਉੱਪਰ ਕਾਲਾ, ਹੇਠਾਂ ਲਾਲ ਅਤੇ ਵਿਚਕਾਰ ਪੀਲਾ ਗੋਲ ਚੱਕਰ।
- ਕਾਲਾ ਰੰਗ ਆਦਿਵਾਸੀ ਲੋਕਾਂ ਨੂੰ ਦਰਸਾਉਂਦਾ ਹੈ
- ਪੀਲਾ ਰੰਗ ਸੂਰਜ ਨੂੰ ਦਰਸਾਉਂਦਾ ਹੈ
- ਲਾਲ ਰੰਗ ਧਰਤੀ ਅਤੇ ਆਦਿਵਾਸੀ ਲੋਕਾਂ ਦੇ ਆਪਣੀ “Country” (ਜ਼ਮੀਨ) ਨਾਲ ਸੰਬੰਧ ਨੂੰ ਦਰਸਾਉਂਦਾ ਹੈ
ਉਭਰਦੀ ਕਲਾਕਾਰ ਜੇਡ ਬ੍ਰੈਨਨ, ਜੋ ਗੋਮੇਰੋਈ ਅਤੇ ਫ਼ਿਜ਼ੀਅਨ ਪਿਛੋਕੜ ਨਾਲ ਸੰਬੰਧਿਤ ਹੈ, ਕਹਿੰਦੀ ਹੈ ਕਿ ਝੰਡੇ ਪਛਾਣ ਨੂੰ ਦਰਸਾਉਂਦੇ ਹਨ।
“ਇਹ ਕੁਝ ਹੈ ਜੋ ਅਸੀਂ ਆਪਣੇ ਨਾਲ ਲੈ ਕੇ ਚਲਦੇ ਹਾਂ। ਸਾਡੀ ਧਰਤੀ ਸਾਡੇ ਲਈ ਬਹੁਤ ਮਹੱਤਵਪੂਰਨ ਹੈ… ਝੰਡਾ ਅਸਲ ਵਿੱਚ ਇਹ ਦਰਸਾਉਂਦਾ ਹੈ ਕਿ ਅਸੀਂ ਕੌਣ ਹਾਂ।”

ਵੋਨਾਰੂਆ ਔਰਤ ਆਂਟੀ ਸੂਜ਼ਨ ਕੇਂਡਲ, ਜੋ ਨਿਊ ਸਾਊਥ ਵੇਲਜ਼ ਦੇ ਕੰਡੋਬੋਲਿਨ ਸ਼ਹਿਰ ਵਿੱਚ ਵੱਡੀ ਹੋਈ, ਉਹ ਸਮਾਂ ਯਾਦ ਕਰਦੀ ਹੈ ਜਦੋਂ ਇਹ ਝੰਡਾ ਆਮ ਤੌਰ ‘ਤੇ ਨਹੀਂ ਦਿਖਾਈ ਦਿੰਦਾ ਸੀ।
ਉਸਦੀ ਪਹਿਲੀ ਯਾਦ ਸਕੂਲ ਜਾਂ ਸਰਕਾਰੀ ਇਮਾਰਤ ਵਿੱਚ ਨਹੀਂ, ਸਗੋਂ ਟੈਲੀਵਿਜ਼ਨ ‘ਤੇ ਇੱਕ ਪ੍ਰਦਰਸ਼ਨ ਦੌਰਾਨ ਹੈ।
“ਮੈਂ ਪਹਿਲੀ ਵਾਰ ਇਹ ਝੰਡਾ ਟੀਵੀ ‘ਤੇ ਇੱਕ ਪ੍ਰਦਰਸ਼ਨ ਵਿੱਚ ਵੇਖਿਆ… ਉਸ ਸਮੇਂ ਮੀਡੀਆ ਵਿੱਚ ਬਹੁਤ ਨਕਾਰਾਤਮਕਤਾ ਸੀ। ਇਹ ਲੋਕਾਂ ਦੇ ਪ੍ਰਦਰਸ਼ਨ ਬਾਰੇ ਸੀ। ਅਤੇ ਇਹ ਝੰਡਾ ਮੈਨੂੰ ਜਰਮਨ ਝੰਡੇ ਵਰਗਾ ਲੱਗਿਆ, ਪਰ ਥੋੜ੍ਹਾ ਵੱਖਰਾ ਸੀ। ਇਹ ਮੇਰਾ ਪਹਿਲਾ ਤਜਰਬਾ ਸੀ ਆਦਿਵਾਸੀ ਝੰਡਾ ਵੇਖਣ ਦਾ।”
ਬਾਅਦ ਵਿੱਚ ਜਦੋਂ ਉਹ ਅਧਿਆਪਕ ਬਣੀ, ਤਦ ਵੀ ਆਦਿਵਾਸੀ ਸਿੱਖਿਆ ਅਤੇ ਝੰਡੇ ਬਾਰੇ ਬਹੁਤ ਘੱਟ ਗੱਲ ਹੁੰਦੀ ਸੀ।
“ਮੇਰੇ ਅਧਿਆਪਕੀ ਤਜਰਬੇ ਦੇ ਸ਼ੁਰੂ ਵਿੱਚ ਇਹ ਕੋਈ ਵਿਸ਼ਾ ਨਹੀਂ ਸੀ,” ਉਹ ਕਹਿੰਦੀ ਹੈ। “ਇਹ ਸਿਰਫ਼ ਇਹ ਸੀ—‘ਇਹ ਇੱਕ ਰੰਗ ਭਰਨ ਵਾਲੀ ਤਸਵੀਰ ਹੈ, ਇਹ ਆਦਿਵਾਸੀ ਝੰਡਾ ਹੈ। ਕੀ ਕੋਈ ਜਾਣਦਾ ਹੈ ਇਸਦੇ ਰੰਗ ਅਤੇ ਉਹ ਕੀ ਦਰਸਾਉਂਦੇ ਹਨ?’ ਸ਼ੁਰੂਆਤੀ ਦਿਨਾਂ ਵਿੱਚ ਆਦਿਵਾਸੀ ਸਿੱਖਿਆ ਇੰਨੀ ਹੀ ਸੀ।”
ਜੇਡ ਬ੍ਰੈਨਨ ਲਈ, ਆਦਿਵਾਸੀ ਝੰਡਾ ਹਰ ਜਗ੍ਹਾ ਦਿਖਾਈ ਦਿੰਦਾ ਸੀ।
“ਸਕੂਲ ਵਿੱਚ ਕਪੜਿਆਂ ਜਾਂ ਅਸਥਾਈ ਟੈਟੂਜ਼ ‘ਤੇ ਝੰਡਾ ਵੇਖਣਾ… ਅਸੀਂ ਇਹਨਾਂ ਨੂੰ ਬਾਥਰੂਮ ਵਿੱਚ ਅਦਲ-ਬਦਲ ਕਰਦੇ ਸੀ। ਇਹ ਜਾਣ ਕੇ ਸੁਕੂਨ ਮਿਲਦਾ ਹੈ ਕਿ ਕੌਣ ਤੁਹਾਡੇ ਨਾਲ ਹੈ, ਖ਼ਾਸ ਕਰਕੇ ਜਦੋਂ ਅਸੀਂ ਸਭ ਵੱਖਰੇ ਦਿਖਾਈ ਦਿੰਦੇ ਹਾਂ।”
ਜਿੱਥੇ ਆਂਟੀ ਸੂਜ਼ਨ ਨੂੰ ਝੰਡੇ ਦੇ ਬਣਨ ਦਾ ਸਮਾਂ ਯਾਦ ਹੈ, ਉੱਥੇ ਨੌਜਵਾਨ ਆਦਿਵਾਸੀ ਲੋਕ ਇਸਦੇ ਨਾਲ ਹੀ ਵੱਡੇ ਹੋਏ ਹਨ। ਜੇਡ ਕਹਿੰਦੀ ਹੈ ਕਿ ਇਹ ਝੰਡਾ ਹਮੇਸ਼ਾ ਉਸਦੇ ਆਲੇ-ਦੁਆਲੇ ਸੀ।
“ਮੈਨੂੰ ਇਹ ਸਭ ਤੋਂ ਵੱਧ ਮੈਟਰਾਵਿਲ ਵਿੱਚ ਦਿਖਦਾ ਸੀ, ਜਿੱਥੇ ਮੈਂ ਵੱਡੀ ਹੋਈ। ਮੈਂ ਇੱਕ ਡੇਅਕੇਅਰ ਜਾਂਦੀ ਸੀ ਅਤੇ ਉੱਥੇ ਇੱਕ ਵੱਡਾ ਕੂਰੀ (ਆਦਿਵਾਸੀ) ਝੰਡੇ ਦਾ ਮੂਰਲ ਸੀ। ਇਹ ਬਹੁਤ ਵੱਡਾ ਸੀ ਅਤੇ ਮੇਰੇ ਛੋਟੇ ਜਿਹੇ ਸਰੀਰ ਲਈ overwhelming ਸੀ।”

ਆਦਿਵਾਸੀ ਝੰਡਾ ਹਰ ਜਗ੍ਹਾ ਕਦੋਂ ਦਿਖਾਈ ਦੇਣਾ ਸ਼ੁਰੂ ਹੋਇਆ?
ਜਦੋਂ 1995 ਵਿੱਚ ਆਦਿਵਾਸੀ ਝੰਡੇ ਨੂੰ ਅਧਿਕਾਰਕ ਮੰਨਤਾ ਮਿਲੀ, ਤਾਂ ਆਂਟੀ ਸੂਜ਼ਨ ਨੇ ਹੌਲੀ-ਹੌਲੀ ਬਦਲਾਅ ਮਹਿਸੂਸ ਕੀਤੇ।
“ਜਦੋਂ ਝੰਡਾ ਅਧਿਕਾਰਕ ਬਣਿਆ ਅਤੇ ਝੰਡੇ ਲਹਿਰਾਏ ਜਾਣ ਲੱਗੇ, ਤਾਂ ਤੁਸੀਂ ਧਿਆਨ ਦੇਣਾ ਸ਼ੁਰੂ ਕੀਤਾ। ਕੌਂਸਲ ਨੇ ਝੰਡਾ ਲਹਿਰਾਇਆ, ਸਕੂਲ ਅਤੇ ਪੁਲਿਸ ਨੇ ਵੀ। ਤੁਸੀਂ ਵੇਖਦੇ ਸੀ ਅਤੇ ਸੋਚਦੇ ਸੀ, ਇਹ ਬਹੁਤ ਵਧੀਆ ਹੈ।”
ਹੁਣ ਆਦਿਵਾਸੀ ਝੰਡਾ ਵੇਖਣਾ ਰੋਜ਼ਾਨਾ ਦੀ ਗੱਲ ਬਣ ਚੁੱਕੀ ਹੈ, ਆਂਟੀ ਸੂਜ਼ਨ ਕਹਿੰਦੀ ਹੈ।
“ਮੈਨੂੰ ਇਹ ਵੇਖਣਾ ਬਹੁਤ ਚੰਗਾ ਲੱਗਦਾ ਹੈ। ਹਰ ਕੋਈ ਜਾਣਦਾ ਹੈ, ਚਾਹੇ ਉਹ ਇਸਨੂੰ ਸਵੀਕਾਰ ਕਰੇ ਜਾਂ ਇਸ ‘ਤੇ ਮਾਣ ਕਰੇ, ਕੋਈ ਫ਼ਰਕ ਨਹੀਂ ਪੈਂਦਾ। ਇਹ ਹੁਣ ਇੱਥੇ ਹੈ, ਕਾਨੂੰਨੀ ਹੈ। ਇਹ ਆਦਿਵਾਸੀ ਝੰਡਾ ਹੈ। ਇਹ ਸਾਡੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ।”
ਜੇਡ ਬ੍ਰੈਨਨ ਕਹਿੰਦੀ ਹੈ ਕਿ ਨੌਜਵਾਨ ਫਰਸਟ ਨੇਸ਼ਨ ਲੋਕਾਂ ਲਈ ਇਹ ਮਹੱਤਵਪੂਰਨ ਹੈ ਕਿ ਜਨਤਕ ਥਾਵਾਂ ‘ਤੇ ਝੰਡੇ ਉਨ੍ਹਾਂ ਦਾ ਸਵਾਗਤ ਕਰਦੇ ਦਿਖਾਈ ਦੇਣ।

ਆਦਿਵਾਸੀ ਝੰਡੇ ਦਾ ਮਾਲਕ ਕੌਣ ਹੈ?
ਕਈ ਸਾਲਾਂ ਤੱਕ ਆਦਿਵਾਸੀ ਝੰਡਾ ਇਸ ਗੱਲ ‘ਤੇ ਕਾਨੂੰਨੀ ਅਤੇ ਸੱਭਿਆਚਾਰਕ ਚਰਚਾ ਦਾ ਕੇਂਦਰ ਰਿਹਾ ਕਿ ਇਸਦੀ ਵਰਤੋਂ ਕੌਣ ਕਰ ਸਕਦਾ ਹੈ।
ਅੰਕਲ ਹੈਰੋਲਡ ਥੋਮਸ, ਝੰਡੇ ਦੇ ਡਿਜ਼ਾਇਨਰ ਹੋਣ ਦੇ ਨਾਤੇ, ਇਸਦਾ ਕਾਪੀਰਾਈਟ ਆਪਣੇ ਕੋਲ ਰੱਖਦੇ ਸਨ। ਬਾਅਦ ਵਿੱਚ ਉਨ੍ਹਾਂ ਨੇ ਇਸਦੀ ਵਰਤੋਂ ਦਾ ਲਾਇਸੈਂਸ ਇੱਕ ਨਿੱਜੀ ਕੰਪਨੀ ਨੂੰ ਦਿੱਤਾ, ਜੋ ਕੱਪੜਿਆਂ ਅਤੇ ਹੋਰ ਸਮਾਨ ‘ਤੇ ਝੰਡੇ ਦੀ ਵਰਤੋਂ ਨੂੰ ਨਿਯੰਤਰਿਤ ਕਰਦੀ ਸੀ। ਇਸ ਕਾਰਨ ਕੁਝ ਆਦਿਵਾਸੀ ਸੰਗਠਨਾਂ ਅਤੇ ਭਾਈਚਾਰਿਆਂ ਨੂੰ ਕਾਨੂੰਨੀ ਨੋਟਿਸ ਮਿਲਦੇ ਸਨ ਜਾਂ ਬਿਨਾਂ ਇਜਾਜ਼ਤ ਜਾਂ ਫੀਸ ਦੇ ਝੰਡਾ ਵਰਤਣ ਤੋਂ ਰੋਕਿਆ ਜਾਂਦਾ ਸੀ।
ਇਸਦੇ ਜਵਾਬ ਵਿੱਚ, ਆਦਿਵਾਸੀ-ਨੇਤ੍ਰਿਤ ਫੈਸ਼ਨ ਬ੍ਰਾਂਡ “Clothing The Gaps” ਅਤੇ ਉਸਦੇ ਸਾਥੀਆਂ ਨੇ “Free the Flag” ਮੁਹਿੰਮ ਸ਼ੁਰੂ ਕੀਤੀ। ਇਸਦਾ ਮਕਸਦ ਇਹ ਸੀ ਕਿ ਆਦਿਵਾਸੀ ਲੋਕ ਅਤੇ ਭਾਈਚਾਰੇ ਆਪਣੇ ਝੰਡੇ ਨੂੰ ਖੁੱਲ੍ਹੇ ਤੌਰ ‘ਤੇ ਵਰਤ ਸਕਣ ਅਤੇ ਸਰਕਾਰ ਇਸਨੂੰ ਇੱਕ ਨਿੱਜੀ ਲੋਗੋ ਦੀ ਬਜਾਏ ਰਾਸ਼ਟਰੀ ਝੰਡੇ ਵਾਂਗ ਮੰਨੇ।
ਸਾਲਾਂ ਦੀ ਮੁਹਿੰਮ ਅਤੇ ਜਨਤਕ ਦਬਾਅ ਤੋਂ ਬਾਅਦ, 2022 ਵਿੱਚ ਕਾਮਨਵੈਲਥ ਸਰਕਾਰ ਨੇ ਐਲਾਨ ਕੀਤਾ ਕਿ ਉਸਨੇ ਅੰਕਲ ਹੈਰੋਲਡ ਥੋਮਸ ਤੋਂ ਆਦਿਵਾਸੀ ਝੰਡੇ ਦਾ ਕਾਪੀਰਾਈਟ ਖਰੀਦ ਲਿਆ ਹੈ। ਇਸਦਾ ਮਤਲਬ ਇਹ ਸੀ:
- ਆਦਿਵਾਸੀ ਝੰਡਾ ਹੁਣ ਜਨਤਕ ਵਰਤੋਂ ਲਈ ਮੁਫ਼ਤ ਹੈ (ਆਸਟ੍ਰੇਲੀਆਈ ਰਾਸ਼ਟਰੀ ਝੰਡੇ ਵਾਂਗ)
- ਲੋਕ ਇਸਨੂੰ ਕੱਪੜਿਆਂ, ਕਲਾ ਅਤੇ ਹੋਰ ਸਮਾਨ ‘ਤੇ ਬਿਨਾਂ ਫੀਸ ਦੇ ਵਰਤ ਸਕਦੇ ਹਨ
- ਆਦਿਵਾਸੀ ਲੋਕ ਆਪਣੇ ਝੰਡੇ ਦੀ ਵਰਤੋਂ ਬਿਨਾਂ ਕਾਨੂੰਨੀ ਕਾਰਵਾਈ ਦੇ ਡਰ ਤੋਂ ਕਰ ਸਕਦੇ ਹਨ

ਪਿੱਛੇ ਦੇਖਦਿਆਂ, ਆਂਟੀ ਸੂਜ਼ਨ ਕਹਿੰਦੀ ਹੈ ਕਿ ਝੰਡੇ ਨੇ ਲੋਕਾਂ ਦੀ ਸੋਚ ਬਦਲਣ ਵਿੱਚ ਮਦਦ ਕੀਤੀ ਹੈ, ਪਰ ਅਜੇ ਵੀ ਬਹੁਤ ਕੰਮ ਬਾਕੀ ਹੈ।
“ਆਦਿਵਾਸੀ ਝੰਡੇ ਦਾ ਮਤਲਬ ਹੈ ਕੁਝ ਖ਼ਾਸ। ਹੁਣ ਹਰ ਕੋਈ ਜਾਣਦਾ ਹੈ ਇਹ ਕੀ ਹੈ ਅਤੇ ਇਹ ਕਿਸਦੀ ਨੁਮਾਇੰਦਗੀ ਕਰਦਾ ਹੈ। ਸੱਭਿਆਚਾਰ ਨੂੰ ਸਿੱਖੋ ਅਤੇ ਸਮਝੋ, ਖ਼ਾਸ ਕਰਕੇ ਆਦਿਵਾਸੀ ਸੱਭਿਆਚਾਰ ਨੂੰ, ਕਿਉਂਕਿ ਤੁਸੀਂ ਇੱਥੇ ਰਹਿ ਰਹੇ ਹੋ। ਇਸਨੂੰ ਸਮਝੋ… ਤੁਹਾਨੂੰ ਇਸਨੂੰ ਜੀਣਾ ਜ਼ਰੂਰੀ ਨਹੀਂ, ਪਰ ਸਮਝਣਾ ਅਤੇ ਮਾਣ ਕਰਨਾ ਜ਼ਰੂਰੀ ਹੈ।”
ਨਵੇਂ ਪਰਵਾਸੀਆਂ ਲਈ, ਆਦਿਵਾਸੀ ਝੰਡਾ ਇਹ ਯਾਦ ਦਿਵਾਉਂਦਾ ਹੈ ਕਿ ਤੁਸੀਂ ਆਦਿਵਾਸੀ ਧਰਤੀ ‘ਤੇ ਰਹਿ ਰਹੇ ਹੋ।
ਇਹ ਤੁਹਾਨੂੰ ਉਸ ਸਥਾਨਕ Nation ਜਾਂ Nations ਬਾਰੇ ਜਾਣਨ ਲਈ ਪ੍ਰੇਰਿਤ ਕਰਦਾ ਹੈ ਜਿੱਥੇ ਤੁਸੀਂ ਰਹਿੰਦੇ ਹੋ ਅਤੇ ਇਹ ਸਮਝਣ ਲਈ ਕਿ ਆਦਿਵਾਸੀ ਲੋਕ ਆਸਟ੍ਰੇਲੀਆ ਦੀ ਕਹਾਣੀ—ਭੂਤਕਾਲ, ਵਰਤਮਾਨ ਅਤੇ ਭਵਿੱਖ—ਦਾ ਕੇਂਦਰੀ ਹਿੱਸਾ ਹਨ।
ਆਸਟ੍ਰੇਲੀਆ ਵਿੱਚ ਨਵੀਂ ਜ਼ਿੰਦਗੀ ਬਾਰੇ ਹੋਰ ਮਹੱਤਵਪੂਰਨ ਜਾਣਕਾਰੀ ਅਤੇ ਸੁਝਾਵਾਂ ਲਈ Australia Explained ਪੋਡਕਾਸਟ ਨੂੰ subscribe ਜਾਂ follow ਕਰੋ।
ਕੀ ਤੁਹਾਡੇ ਕੋਲ ਕੋਈ ਸਵਾਲ ਜਾਂ ਵਿਸ਼ੇ ਲਈ ਸੁਝਾਅ ਹਨ? australiaexplained@sbs.com.au ‘ਤੇ ਈਮੇਲ ਕਰੋ।
Subscribe to or follow the Australia Explained podcast for more valuable information and tips about settling into your new life in Australia.
Do you have any questions or topic ideas? Email australiaexplained@sbs.com.au





