ਤਕਰੀਬਨ ਪਿਛਲੇ 25 ਸਾਲਾਂ ਤੋਂ ਟਰੈਕਟਰਾਂ ਅਤੇ ਭਾਰੀ ਸਾਜ਼ੋ ਸਮਾਨ ਦੀ ਵਰਤੋਂ ਕਰਦੇ ਹੋਏ ਰਵਾਇਤੀ ਅਤੇ ਆਧੁਨਿਕ ਖੇਤੀ ਕਰਨ ਵਾਲੀ ਜਸਮਿੰਦਰ ਕੌਰ ਦਾ ਕਹਿਣਾ ਹੈ ਕਿ, “ਮੈਨੂੰ ਛੋਟੀ ਹੁੰਦੀ ਤੋਂ ਹੀ ਖੇਤਾਂ ਨਾਲ ਬੜਾ ਮੋਹ ਸੀ।"
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ,"ਮੇਰੇ ਭਰਾ ਮੈਨੂੰ ਨਿੱਕੀ ਹੁੰਦੀ ਨੂੰ ਕੰਬਲ ਵਿੱਚ ਵਲੇਟ ਕੇ ਖੇਤਾਂ ਵਿੱਚ ਬਣੀ ਘੁਲਾੜੀ ਤੇ ਲੈ ਜਾਂਦੇ ਸਨ ਅਤੇ ਉੱਥੋਂ ਹੀ ਗੁੜ ਰਲਿਆ ਦੁੱਧ ਮੈਨੂੰ ਪਿਆ ਦਿੰਦੇ ਸਨ।”
65 ਸਾਲਾ ਜਸਮਿੰਦਰ ਦਾ ਸਫ਼ਰ ਸਖ਼ਤ ਮਿਹਨਤ, ਲਗਨ ਅਤੇ ਮਿੱਟੀ ਪ੍ਰਤੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ।
ਬੀਜ ਬੀਜਣ ਤੋਂ ਲੈ ਕੇ ਟਰੱਕਾਂ 'ਤੇ ਉਪਜ ਦੀ ਅੰਤਿਮ ਲੋਡਿੰਗ ਕੀਤੇ ਜਾਣ ਤੱਕ, ਖੇਤੀ ਦੇ ਹਰ ਪਹਿਲੂ ਵਿੱਚ ਉਹ ਆਪ ਸ਼ਾਮਲ ਹੁੰਦੀ ਹੈ। ਖੇਤਾਂ ਨੂੰ ਵਾਹੁਣਾ, ਬੀਜਣਾ, ਪਾਣੀ ਲਾਉਣਾ, ਕੀਟਨਾਸ਼ਕਾਂ ਦਾ ਛਿੜਕਾਅ, ਵਾਢੀ ਨੂੰ ਸਮੇਟਣਾਂ ਜਾਂ ਟਰੱਕਾਂ ‘ਤੇ ਲੱਦਣਾ, ਇਹ ਸਭ ਜਸਮਿੰਦਰ ਨੇ ਆਪਣੇ ਹੱਥਾਂ ਰਾਹੀਂ ਕੀਤਾ ਹੈ।

ਨਿਊ ਸਾਊਥ ਵੇਲਜ਼ ਦੇ ਹਿਲਸਟਨ ਵਰਗੇ ਖੇਤਰੀ ਇਲਾਕੇ ਵਿੱਚ ਜਸਮਿੰਦਰ 500 ਏਕੜ ਤੋਂ ਵੱਧ ਖੇਤਾਂ ਦੀ ਮਾਲਕ ਹੈ। Source: SBS / Jasminder Kaur
ਇੱਕ ਖਾਸ ਘਟਨਾ ਬਾਰੇ ਚੇਤਾ ਕਰਦੇ ਹੋਏ ਜਸਮਿੰਦਰ ਕਹਿੰਦੀ ਹੈ, “ਜਦੋਂ ਨਵੀਂ ਨਵੀਂ ਖੇਤੀ ਸ਼ੁਰੂ ਕੀਤੀ ਤਾਂ ਦੂਜਿਆਂ ਨੂੰ ਦੇਖ ਕੇ ਹੀ ਕਈ ਪ੍ਰਕਾਰ ਦੇ ਕਾਰਜ ਕਰੀਦੇ ਸੀ। ਇੱਕ ਵਾਰ ਗੁਆਂਢੀਆਂ ਵਲੋਂ ਆਪਣੇ ਖੇਤਾਂ ਦੀ ਰਹਿੰਦ ਖੂੰਦ ਹੂੰਝਣ ਲਈ ਲਾਈ ਹੋਈ ਅੱਗ ਨੂੰ ਦੇਖ ਕੇ ਅਸੀਂ ਵੀ ਆਪਣੇ ਖੇਤਾਂ ਵਿੱਚ ਬਿਨਾਂ ਕਿਸੇ ਤਿਆਰੀ ਤੋਂ ਅੱਗ ਲਾ ਦਿੱਤੀ ਜੋ ਕਿ ਬਹੁਤ ਜਿਆਦਾ ਫੈਲ ਗਈ ਅਤੇ ਤਕਰੀਬਨ ਕਾਬੂ ਤੋਂ ਬਾਹਰ ਹੋ ਗਈ। ਪਰ ਉਸ ਦੇ ਗੁਆਂਢੀਆਂ ਨੇ ਅੱਗੇ ਆ ਕੇ ਸਥਾਨਕ ਫਾਇਰਫਾਈਟਰਾਂ ਦੀ ਮੱਦਦ ਨਾਲ ਇਸ ਅੱਗ ‘ਤੇ ਕਾਬੂ ਪਾ ਲਿਆ।”
“ਹੋਏ ਨੁਕਸਾਨ ਦੇ ਬਾਵਜੂਦ, ਕਿਸੇ ਨੇ ਕੋਈ ਦੋਸ਼ ਨਹੀਂ ਲਾਇਆ, ਬਲਿਕ ਮਜ਼ਾਕੀਆ ਹੌਂਸਲਾ ਹੀ ਦਿੱਤਾ,”ਉਨ੍ਹਾਂ ਦੱਸਿਆ।
ਨਿਊ ਸਾਊਥ ਵੇਲਜ਼ ਦੇ ਹਿਲਸਟਨ ਵਰਗੇ ਖੇਤਰੀ ਇਲਾਕੇ ਵਿੱਚ, ਜਿੱਥੇ ਜਸਮਿੰਦਰ 500 ਏਕੜ ਤੋਂ ਵੱਧ ਖੇਤਾਂ ਦੀ ਮਾਲਕ ਹੈ, ਦੁਕਾਨਾਂ ਤੋਂ ਲੈ ਕੇ ਅਦਾਲਤਾਂ, ਪੈਟਰੋਲ ਸਟੇਸ਼ਨਾਂ ਤੋਂ ਹਸਪਤਾਲਾਂ ਅਤੇ ਸਕੂਲਾਂ ਤੱਕ ਦੀਆਂ ਸਾਰੀਆਂ ਸਹੂਲਤਾਂ ਆਸਾਨੀ ਨਾਲ ਉਪਲੱਬਧ ਹਨ।
ਪਿੰਡਾਂ ਵਾਲੀ ਸ਼ਾਂਤੀ ਮਾਨਣ ਦੇ ਬਾਵਜੂਦ ਜਸਮਿੰਦਰ ਦਾ ਮੰਨਣਾਂ ਹੈ ਇਸ ਖੇਤਰ ਵਿੱਚ ਵੀ ਬਾਕੀਆਂ ਵਾਂਗ ਹੀ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਹ ਦ੍ਰਿੜ ਨਿਸ਼ਚੇ ਨਾਲ ਸਹਿਜੇ ਹੀ ਹੱਲ ਹੋ ਜਾਂਦੀਆਂ ਹਨ।
ਉਹ ਕਹਿੰਦੀ ਹੈ ਕਿ,"ਫਾਰਮ ਵਿਚਲਾ ਜੀਵਨ ਮੈਟਰੋ ਸ਼ਹਿਰਾਂ ਨਾਲੋਂ ਕਾਫੀ ਸਹਿਜ ਹੁੰਦਾ ਹੈ, ਪਰ ਵਿਅਕਤੀ ਨੂੰ ਸਖਤ ਮਿਹਨਤ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।”
ਦਰਅਸਲ, ਕਿਸਾਨ ਦਾ ਜੀਵਨ ਸੰਘਰਸ਼ਾਂ ਤੋਂ ਬਿਨਾਂ ਹੈ ਹੀ ਨਹੀਂ।ਜਸਮਿੰਦਰ ਕੌਰ

ਫਾਰਮ ਵਿਚਲਾ ਜੀਵਨ ਮੈਟਰੋ ਸ਼ਹਿਰਾਂ ਨਾਲੋਂ ਕਾਫੀ ਸਹਿਜ ਹੁੰਦਾ ਹੈ, ਪਰ ਵਿਅਕਤੀ ਨੂੰ ਸਖਤ ਮਿਹਨਤ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। Source: SBS / Jasminder Kaur
ਜਸਮਿੰਦਰ ਨੇ ਇੱਕ ਗੰਭੀਰ ਸਵਾਲ ਉਠਾਇਆ, "ਇਸ ਸਮੇਂ ਜਦੋਂ ਹਰ ਕੋਈ ਮਹਿੰਗਾਈ ਦਾ ਰੌਲਾ ਪਾ ਕੇ ਵੱਧ ਭੱਤਿਆਂ ਦੀ ਮੰਗ ਕਰ ਰਿਹਾ ਹੈ, ਕਿਸਾਨਾਂ ਨੂੰ ਉਚਿਤ ਮੁਆਵਜ਼ਾ ਇੰਨਾਂ ਘੱਟ ਕਿਉਂ ਦਿੱਤਾ ਜਾਂਦਾ ਹੈ?”
ਜਿਵੇਂ ਅਸੀਂ ਜਸਮਿੰਦਰ ਦੀ ਕਿਸਾਨੀ ਯਾਤਰਾ 'ਤੇ ਗੌਰ ਕਰਦੇ ਹਾਂ, ਉਸਦੀ ਲਚਕਤਾ ਅਤੇ ਦ੍ਰਿੜਤਾ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਕੰਮ ਕਰਦੀ ਹੈ। ਉਸਦੇ ਹੱਥਾਂ ਵਿੱਚ ਲੱਗੀ ਹੋਈ ਮਿੱਟੀ ਨਾ ਸਿਰਫ਼ ਫਸਲਾਂ ਦੀ ਉਪਜ ਦਿੰਦੀ ਹੈ, ਸਗੋਂ ਇੱਕ ਸੁਨਹਿਰੇ ਭਵਿੱਖ ਦੀ ਉਮੀਦ ਵੀ ਕਰਦੀ ਹੈ।

ਜਸਮਿੰਦਰ ਕੌਰ ਦੀ ਕਹਾਣੀ ਹਰ ਥਾਂ ਅਤੇ ਵਰਗ ਦੇ ਕਿਸਾਨਾਂ ਦੇ ਅਦੁੱਤੀ ਜਜ਼ਬੇ ਦਾ ਪ੍ਰਮਾਣ ਹੈ, ਜੋ ਦੁਨੀਆਂ ਦਾ ਢਿੱਡ ਭਰਨ ਲਈ ਅਣਥੱਕ ਮਿਹਨਤ ਕਰਦੇ ਹਨ। Source: SBS / Jasminder Kaur
“ਮੈਂ ਆਪਣੇ ਘਰੋਂ ਛੋਲੇ ਭਟੂਰੇ ਬਣਾ ਕਿ ਵੇਚੇ ਅਤੇ ਜੋ ਪੈਸੇ ਇਕੱਠੇ ਹੋਏ ਉਹ ਭਲਾਈ ਕਾਰਜਾਂ ਲਈ ਦਾਨ ਕੀਤੇ।”
ਹੁਣ ਤਾਂ ਗੈਰ-ਭਾਰਤੀ ਕਿਸਾਨ ਵੀ ਜਸਮਿੰਦਰ ਦੇ ਛੋਲੇ ਭਟੂਰਿਆਂ ਦੇ ਆਦੀ ਹੋ ਚੁੱਕੇ ਹਨ।
ਜਸਮਿੰਦਰ ਕੌਰ ਦੀ ਕਹਾਣੀ ਹਰ ਥਾਂ ਅਤੇ ਹਰ ਵਰਗ ਦੇ ਕਿਸਾਨਾਂ ਦੇ ਅਦੁੱਤੀ ਜਜ਼ਬੇ ਦਾ ਪ੍ਰਮਾਣ ਹੈ, ਜੋ ਦੁਨੀਆਂ ਦਾ ਢਿੱਡ ਭਰਨ ਲਈ ਅਣਥੱਕ ਮਿਹਨਤ ਕਰਦੇ ਹਨ।
65 ਸਾਲਾ ਜਸਮਿੰਦਰ ਕੌਰ ਦੀ ਯਾਤਰਾ ਦਾ ਸਨਮਾਨ ਕਰਦੇ ਹੋਏ, ਅਸੀਂ ਉਹਨਾਂ ਅਣਗਿਣਤ ਔਰਤਾਂ ਨੂੰ ਸਿਜਦਾ ਕਰਦੇ ਹਾਂ ਜੋ ਅਟੁੱਟ ਸਮਰਪਣ ਅਤੇ ਸੰਕਲਪ ਨਾਲ ਜੀਵਨ ਵਿੱਚ ਅੱਗੇ ਵੱਧਦੀਆਂ ਹੋਈਆਂ ਦੂਜਿਆਂ ਲਈ ਪ੍ਰੇਰਨਾਂ ਪੈਦਾ ਕਰ ਰਹੀਆਂ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।