'ਸਿਟੀਜ਼ਨ ਆਫ਼ ਦੀ ਈਅਰ': ਡਾ. ਦਵਿੰਦਰ ਗਰੇਵਾਲ ਦੇ ਪਿਛਲੇ 50-ਸਾਲ ਦੇ ਆਸਟ੍ਰੇਲੀਅਨ ਸਫ਼ਰ ਦੀ ਮਾਣ-ਮੱਤੀ ਕਹਾਣੀ

Dr Grewal.JPG

Dr. Devinder Grewal, honoured with the prestigious 'Australian Citizen of the Year' in Port Augusta, South Australia. Credit: Supplied by Dr Grewal

ਡਾਕਟਰ ਦਵਿੰਦਰ ਗਰੇਵਾਲ, ਦੱਖਣੀ ਆਸਟ੍ਰੇਲੀਆ ਦੇ ਪੋਰਟ ਔਗਸਟਾ ਇਲਾਕੇ ਦਾ ਇੱਕ ਜਾਣਿਆ-ਪਹਿਚਾਣਿਆ ਨਾਂ ਹੈ। ਪਿਛਲੇ 50 ਸਾਲ ਤੋਂ ਵੀ ਵੱਧ ਸਮੇਂ ਤੋਂ ਆਸਟ੍ਰੇਲੀਆ ਦੇ ਵਸਨੀਕ ਡਾ: ਗਰੇਵਾਲ ਨੂੰ ਇੱਕ ਸਿਹਤ ਮਾਹਿਰ ਅਤੇ ਹੋਟਲ ਸਨਅਤ ਵਿੱਚ ਇੱਕ ਨੌਕਰੀ-ਪ੍ਰਦਾਤਾ ਵਜੋਂ ਮਾਣ-ਮੱਤੀਆਂ ਸੇਵਾਵਾਂ ਦੇਣ ਲਈ ਆਸਟ੍ਰੇਲੀਆ ਡੇ ਵਾਲ਼ੇ ਦਿਨ ਪੋਰਟ ਔਗਸਟਾ ਕੌਂਸਿਲ ਵੱਲੋਂ 'ਆਸਟ੍ਰੇਲੀਅਨ ਸਿਟੀਜ਼ਨ ਆਫ਼ ਦੀ ਈਅਰ' ਸਨਮਾਨ ਨਾਲ਼ ਨਿਵਾਜ਼ਿਆ ਹੈ।


Key Points
  • 82-ਸਾਲਾ ਦਵਿੰਦਰ ਗਰੇਵਾਲ 1972 ਵਿੱਚ ਇੱਕ ਡਾਕਟਰ ਵਜੋਂ ਪੋਰਟ ਔਗਸਟਾ ਇਲਾਕੇ ਵਿੱਚ ਸਥਾਪਿਤ ਹੋਏ ਸਨ।
  • ਉਨ੍ਹਾਂ ਨੂੰ ਇਸ ਇਲਾਕੇ ਵਿੱਚ ਇੱਕ ਸਿਹਤ ਮਾਹਿਰ (ਜੀ ਪੀ) ਅਤੇ ਹੋਟਲ ਸਨਅਤ ਦੇ ਇੱਕ ਵੱਡੇ ਨੌਕਰੀ ਪ੍ਰਦਾਤਾ ਵਜੋਂ ਮਾਣ ਮਿਲਿਆ ਹੈ।
  • ਐਬੋਰੀਜਨਲ ਭਾਈਚਾਰੇ ਨੂੰ ਦਿੱਤੀਆਂ ਸੇਵਾਵਾਂ ਦੇ ਚਲਦਿਆਂ ਉਨ੍ਹਾਂ ਨੂੰ 2023 ਦਾ ਨਾਇਡੋਕ 'ਅਨਸੰਗ ਹੀਰੋ ਆਫ਼ ਦੀ ਈਅਰ' ਸਨਮਾਨ ਮਿਲਿਆ।
  • ਡਾ: ਗਰੇਵਾਲ ਨੇ ਆਸਟ੍ਰੇਲੀਅਨ ਸਿਟੀਜ਼ਨ ਆਫ਼ ਦੀ ਈਅਰ' ਸਨਮਾਨ ਲਈ ਸਥਾਨਿਕ ਲੋਕਾਂ ਅਤੇ ਕੌਂਸਲ ਦਾ ਧੰਨਵਾਦ ਕੀਤਾ ਹੈ।

ਪੋਰਟ ਔਗਸਟਾ ਦੇ ਵਸਨੀਕ 82-ਸਾਲਾ ਦਵਿੰਦਰ ਗਰੇਵਾਲ ਇੱਕ ਡਾਕਟਰਾਂ ਦੇ ਪਰਿਵਾਰ ਨਾਲ਼ ਸਬੰਧ ਰੱਖਦੇ ਹਨ।

ਉਨ੍ਹਾਂ ਦਾ ਜਨਮ 1942 ਵਿੱਚ ਓਕਾੜਾ, ਭਾਰਤ (ਹੁਣ ਪਾਕਿਸਤਾਨ ਵਿੱਚ) ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਦਾਦਾ ਜੀ ਗਰੇਵਾਲਾਂ ਦੇ ਘੁੱਗ-ਵਸਦੇ ਪਿੰਡ ਗੁੱਜਰਵਾਲ, ਜਿਲ੍ਹਾ ਲੁਧਿਆਣਾ ਵਿੱਚ ਡਾਕਟਰੀ ਸੇਵਾਵਾਂ ਦਿੰਦੇ ਸਨ।

ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਦੌਰਾਨ ਉਨ੍ਹਾਂ 2024 ਦਾ 'ਆਸਟ੍ਰੇਲੀਅਨ ਸਿਟੀਜ਼ਨ ਆਫ਼ ਦੀ ਈਅਰ' ਸਨਮਾਨ ਮਿਲਣ ਉੱਤੇ ਸਥਾਨਿਕ ਲੋਕਾਂ ਅਤੇ ਕੌਂਸਲ ਦਾ ਧੰਨਵਾਦ ਕੀਤਾ ਹੈ।

ਮੇਹਨਤ ਰੰਗ ਲਿਆਈ - ਨੌਕਰੀ ਕਰਨ ਤੋਂ ਨੌਕਰੀ ਦੇਣ ਤੱਕ ਦਾ ਸਫ਼ਰ

1970 ਤੋਂ ਆਸਟ੍ਰੇਲੀਆ ਦੇ ਵਸਨੀਕ ਡਾ: ਗਰੇਵਾਲ ਨੇ ਆਪਣੇ ਪਰਿਵਾਰ ਦੇ ਡਾਕਟਰੀ ਕਿੱਤੇ ਨੂੰ ਅੱਗੇ ਤੋਰਿਆ ਹੈ।

ਉਨ੍ਹਾਂ ਨੂੰ ਪਿਛਲੇ 50-ਸਾਲ ਦੌਰਾਨ ਦੱਖਣੀ ਆਸਟ੍ਰੇਲੀਆ ਵਿੱਚ ਇੱਕ ਸਿਹਤ ਮਾਹਿਰ (ਜੀ ਪੀ) ਅਤੇ ਹੋਟਲ ਸਨਅਤ ਦੇ ਇੱਕ ਵੱਡੇ ਨੌਕਰੀ ਪ੍ਰਦਾਤਾ ਵਜੋਂ ਮਾਣ ਮਿਲਿਆ ਹੈ।

"ਅਸੀਂ ਡਾਕਟਰੀ ਸਰਜਰੀ ਅਤੇ ਹੋਟਲ ਨੂੰ ਮਿਲਾਕੇ ਤਕਰੀਬਨ 70-80 ਲੋਕਾਂ ਨੂੰ ਰੋਜ਼ਗਾਰ ਦੇ ਰਹੇ ਹਾਂ।

"ਮੈਨੂੰ ਇਸ ਗੱਲ ਦੀ ਖੁਸ਼ੀ ਹੈ ਅਤੇ ਰੱਬ ਦਾ ਸ਼ੁਕਰ ਹੈ ਕਿ ਮੈਂ ਆਸਟ੍ਰੇਲੀਆ ਦੇ ਦਿੱਤੇ ਪਿਆਰ-ਸਤਿਕਾਰ ਨੂੰ ਕਿਸੇ ਢੰਗ ਨਾਲ਼ ਵਾਪਿਸ ਮੋੜਨ ਦੇ ਕਾਬਿਲ ਬਣਿਆ ਹਾਂ," ਉਨ੍ਹਾਂ ਕਿਹਾ।

standpipe.jpg
ਗਰੇਵਾਲ ਪਰਿਵਾਰ ਵੱਲੋਂ ਚਲਾਏ ਜਾਂਦੇ ਸਟੈਂਡਪਾਈਪ ਹੋਟਲ, ਪੋਰਟ ਔਗਸਟਾ ਦੀ ਤਸਵੀਰ Credit: Matthew Burns/Supplied by Dr Grewal

ਗਰੇਵਾਲ ਪਰਿਵਾਰ ਵੱਲੋਂ ਚਲਾਏ ਜਾਂਦੇ ਸਟੈਂਡਪਾਈਪ ਹੋਟਲ, ਪੋਰਟ ਔਗਸਟਾ ਦੀ ਕੰਧ 'ਤੇ ਲਿਖੀ ਇੱਕ ਇਬਾਰਤ ਉਨ੍ਹਾਂ ਦੀ ਜ਼ਿੰਦਗੀ ਦੇ ਫ਼ਲਸਫ਼ੇ ਦੀ ਦੱਸ ਪਾਉਂਦੀ ਹੈ - "ਇੱਥੇ ਕੋਈ ਅਜਨਬੀ ਨਹੀਂ ਹੈ, ਸਿਰਫ ਉਹ ਦੋਸਤ ਹਨ ਜਿਨ੍ਹਾਂ ਨੂੰ ਅਸੀਂ ਅਜੇ ਮਿਲੇ ਨਹੀਂ ਹਾਂ।"

"ਇਹਨਾਂ ਦੋਨੋਂ ਪੇਸ਼ਿਆਂ ਦਾ ਕੋਈ ਸੁਮੇਲ ਤਾਂ ਨਹੀਂ ਪਰ ਮੈਂ ਮਹਿਸੂਸ ਕਰਦਾਂ ਕਿ ਦੋਨਾਂ ਵਿੱਚ ਸੇਵਾ ਭਾਵ ਦਾ ਹੋਣਾ ਲਾਜ਼ਮੀ ਹੈ," ਉਨ੍ਹਾਂ ਕਿਹਾ।

"ਜ਼ਿੰਦਗੀ ਚਲਦੇ ਰਹਿਣ ਦਾ ਨਾਂ ਹੈ। ਮੈਂ ਇਸ ਉਮਰੇ ਵੀ ਜਿੰਨਾ ਕੰਮ ਹੋ ਸਕੇ ਕਰਦਾ ਰਹਿਨਾ ਹਾਂ।

"ਮੈਂ ਹੁਣ ਚਾਰ ਡਾਕਟਰਾਂ ਦੀ ਸਰਜਰੀ ਨੂੰ ਚਲਾਉਂਦਾ ਹਾਂ ਅਤੇ ਮਹਿਸੂਸ ਕਰਦਾਂ ਕਿ ਕਈ ਜਗਾਹ ਤੁਹਾਡੇ ਨਾਲੋਂ ਤੁਹਾਡੀ ਸਲਾਹ ਤੇ ਮਸ਼ਵਰੇ ਦੀ ਜ਼ਿਆਦਾ ਲੋੜ ਹੁੰਦੀ ਹੈ," ਉਨ੍ਹਾਂ ਕਿਹਾ।

Dr Ghautra.jpg
ਡਾ: ਦਵਿੰਦਰ ਗਰੇਵਾਲ ਅਤੇ ਉਨ੍ਹਾਂ ਦੇ ਮਿੱਤਰ ਡਾ: ਗੁਰਪ੍ਰੀਤ ਸਿੰਘ ਘਟੌਰਾ।

'ਪੱਗ ਵਾਲ਼ੇ ਡਾਕਟਰ' ਦੀ ਪੇਂਡੂ ਆਸਟ੍ਰੇਲੀਆ ਨਾਲ਼ ਮੁੱਢਲੀ ਸਾਂਝ

ਪੋਰਟ ਔਗਸਟਾ ਇਲਾਕੇ ਵਿੱਚ ਪੱਗ ਵਾਲ਼ੇ ਡਾਕਟਰ ਵਜੋਂ ਜਾਣੇ ਜਾਂਦੇ ਦਵਿੰਦਰ ਗਰੇਵਾਲ ਨੇ ਦੱਸਿਆ ਕਿ ਉਹ 1972 ਵਿੱਚ ਐਡੀਲੇਡ ਆਏ ਸਨ।

"ਆਪਣੀ ਪੱਗ ਕਾਰਣ ਮੈਨੂੰ ਆਸਟ੍ਰੇਲੀਆ ਕੋਈ ਸਮੱਸਿਆ ਨਹੀਂ ਆਈ ਸਗੋਂ ਇੱਥੇ ਬਹੁਤ ਸਤਿਕਾਰ ਮਿਲਿਆ।

"ਮੈਨਚੇਸਟਰ, ਯੂ ਕੇ ਵਿੱਚ ਮਾਈਕ੍ਰੋਬੀਓਲੋਜੀ ਦੀ ਪੜ੍ਹਾਈ ਕਰਨ ਪਿੱਛੋਂ ਜਦ ਮੇਰੀ ਆਸਟ੍ਰੇਲੀਆ ਲਈ ਇੰਟਰਵਿਊ ਹੋਈ ਤਾਂ ਮੈਂ ਉਨ੍ਹਾਂ ਨੂੰ ਇਹੀ ਦੱਸਿਆ ਸੀ ਕਿ ਮੈਂ ਆਪਣੀ ਪੱਗ ਵਾਲ਼ੀ ਪਹਿਚਾਣ ਨੂੰ ਜਿਓਂ ਦੀ ਤਿਓਂ ਰੱਖਣਾ ਚਾਹੁੰਦਾ ਹਾਂ," ਉਨ੍ਹਾਂ ਕਿਹਾ।

ਉਨ੍ਹਾਂ ਮੈਨੂੰ ਦੱਸਿਆ ਕਿ ਸਿੱਖਾਂ ਨੂੰ ਆਪਣੇ ਵਿਸ਼ਵ ਯੁੱਧ ਦੌਰਾਨ ਪਾਏ ਯੋਗਦਾਨ ਲਈ ਸਭ ਜਾਣਦੇ ਹਨ, ਇਸ ਲਈ ਆਸਟ੍ਰੇਲੀਆ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ - ਇਹ ਜਾਣਕੇ ਮੇਰਾ ਹੌਂਸਲਾ ਵਧਿਆ ਸੀ ਅਤੇ ਮੈਂ ਚਾਈਂ-ਚਾਈਂ ਆਸਟ੍ਰੇਲੀਆ ਆਇਆ ਸੀ।
ਡਾ: ਦਵਿੰਦਰ ਗਰੇਵਾਲ, ਪੋਰਟ ਔਗਸਟਾ

ਜ਼ਿਕਰਯੋਗ ਹੈ ਕਿ ਡਾਕਟਰ ਗਰੇਵਾਲ ਨੇ ਭਾਰਤ, ਸਿੰਗਾਪੁਰ ਅਤੇ ਯੂ ਕੇ ਵਿੱਚ ਡਾਕਟਰੀ ਦੀ ਪੜ੍ਹਾਈ ਕੀਤੀ ਸੀ।

ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਮਲੇਸ਼ੀਆ ਦਾ ਵੀ ਰਿਹਾ ਹੈ ਅਤੇ ਉਹ ਆਪਣੇ ਭਰਾ ਮਹਾਂਵੀਰ ਗਰੇਵਾਲ (ਅੱਜਕਲ ਆਸਟ੍ਰੇਲੀਆ ਦੇ ਵਸਨੀਕ) ਦੀ ਪ੍ਰੇਰਣਾ ਸਦਕੇ ਆਸਟ੍ਰੇਲੀਆ ਆਏ ਸਨ।

grewal Dr.jpg
ਡਾ: ਦਵਿੰਦਰ ਗਰੇਵਾਲ ਅਤੇ ਪੋਰਟ ਔਗਸਟਾ ਤੋਂ ਕੌਂਸਲਰ ਸਨੀ ਸਿੰਘ। Credit: Supplied

ਸਥਾਨਿਕ ਆਸਟ੍ਰੇਲੀਅਨ ਲੋਕਾਂ ਤੋਂ ਮਿਲਿਆ ਖੂਬ ਪਿਆਰ-ਸਤਿਕਾਰ

“ਮੈਂ ਪੋਰਟ ਔਗਸਟਾ ਦੇ ਕਿਓਰਨ ਪੇਂਡੂ ਖੇਤਰ ਵਿੱਚ 1972 ਵਿੱਚ ਇੱਕ ਡਾਕਟਰ ਵਜੋਂ ਆਕੇ ਵਸਿਆ ਸੀ ਅਤੇ ਇਹਨਾਂ ਲੋਕਾਂ ਦੇ ਦਿੱਤੇ ਪਿਆਰ-ਸਤਿਕਾਰ ਸਦਕਾ ਸਦਾ ਲਈ ਇਹਨਾਂ ਦਾ ਹੀ ਹੋਕੇ ਰਹਿ ਗਿਆ।

“ਜਦ ਆਏ ਸੀ ਤਾਂ ਲੋਕਾਂ ਨੇ ਰਹਿਣ ਵਿੱਚ, ਸਥਾਪਿਤ ਹੋਣ ਵਿੱਚ, ਕੋਈ ਔਖਿਆਈ ਨਾ ਆਉਣ ਦਿੱਤੀ," ਉਨ੍ਹਾਂ ਕਿਹਾ।

"ਸਾਰੇ ਬਹੁਤ ਖਿਆਲ ਰੱਖਦੇ ਸਨ ਅਤੇ ਕਦੇ ਕਿਸੇ ਚੀਜ਼ ਦੀ ਤੋਟ ਨਾ ਆਈ - ਉਹ ਪਿਛਲੇ ਵਾੜੇ ਵਿੱਚ ਦੁੱਧ, ਦਾਣੇ, ਸਬਜ਼ੀਆਂ, ਆਂਡੇ ਆਦਿ ਵੀ ਰੱਖ ਜਾਂਦੇ ਸਨ।“

NAIDOC.JPG
ਡਾ: ਗਰੇਵਾਲ ਨੂੰ ਐਬੋਰੀਜਨਲ ਭਾਈਚਾਰੇ ਨੂੰ ਦਿੱਤੀਆਂ ਸੇਵਾਵਾਂ ਦੇ ਚਲਦਿਆਂ 2023 ਦਾ ਨਾਇਡੋਕ 'ਅਨਸੰਗ ਹੀਰੋ ਆਫ਼ ਦੀ ਈਅਰ' ਸਨਮਾਨ ਵੀ ਮਿਲਿਆ। Credit: Supplied

ਫਰਸਟ ਨੇਸ਼ਨਜ਼ ਲੋਕਾਂ ਨਾਲ਼ ਖ਼ਾਸ ਸਾਂਝ-ਭਿਆਲੀ

ਡਾ: ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਐਬੋਰੀਜਨਲ ਲੋਕਾਂ ਨਾਲ਼ ਖਾਸ ਲਗਾਅ ਰਿਹਾ ਅਤੇ ਉਨ੍ਹਾਂ ਨੂੰ ਇਸ ਭਾਈਚਾਰੇ ਨੂੰ ਦਿੱਤੀਆਂ ਸੇਵਾਵਾਂ ਦੇ ਚਲਦਿਆਂ 2023 ਦਾ ਨਾਇਡੋਕ 'ਅਨਸੰਗ ਹੀਰੋ ਆਫ਼ ਦੀ ਈਅਰ' ਸਨਮਾਨ ਵੀ ਮਿਲਿਆ।

“ਮੈਂ ਤਮਾਮ ਉਮਰ ਇਹਨਾਂ ਲੋਕਾਂ ਦੀ ਡਾਕਟਰੀ ਦੇਖਭਾਲ ਕਰਦਿਆਂ ਉਨ੍ਹਾਂ ਦੇ ਦਿੱਤੇ ਇਸ ਪਿਆਰ ਦਾ ਮੁੱਲ ਮੋੜਨ ਦਾ ਯਤਨ ਕਰਦਾ ਰਿਹਾ ਹਾਂ।

"ਕੁੱਲ -ਮਿਲ਼ਾਕੇ ਮੈਨੂੰ ਆਸਟ੍ਰੇਲੀਆ ਦੀ ਜ਼ਿੰਦਗੀ ਬਹੁਤ ਰਾਸ ਆਈ ਹੈ। ਮੈਨੂੰ ਤੇ ਮੇਰੇ ਪਰਿਵਾਰ ਨੂੰ ਆਸਟ੍ਰੇਲੀਆ ਨੇ, ਇਥੋਂ ਦੇ ਲੋਕਾਂ ਨੇ ਸਭ ਕੁਝ ਦਿੱਤਾ ਹੈ ਜਿਸਦਾ ਮੈਂ ਵਾਰ-ਵਾਰ ਸ਼ੁਕਰ ਕਰਦਾ ਹਾਂ।"

Australian Book.JPG
ਡਾ: ਗਰੇਵਾਲ ਨੂੰ 2001 ਵਿੱਚ ਕਾਮਨਵੈਲਥ ਦੇ 100 ਸਾਲ ਪੂਰੇ ਹੋਣ 'ਤੇ ਛਪੀ 'ਔਸਟ੍ਰੇਲਿਅਨਜ਼' ਕਿਤਾਬ ਦੇ 100 ਚੋਣਵੇਂ ਲੋਕਾਂ ਵਿੱਚ ਵੀ ਸ਼ੁਮਾਰ ਕੀਤਾ ਗਿਆ ਸੀ। Credit: Supplied by Dr Grewal

ਜ਼ਿਕਰਯੋਗ ਹੈ ਕਿ ਡਾ: ਗਰੇਵਾਲ ਨੂੰ ਸਨ 2000 ਵਿੱਚ 'ਔਸਟ੍ਰੇਲਿਅਨਜ਼' ਕਿਤਾਬ ਤਹਿਤ ਆਸਟ੍ਰੇਲੀਆ ਦੇ 100 ਚੋਣਵੇਂ ਲੋਕਾਂ ਵਜੋਂ ਵੀ ਮਾਣ ਮਿਲਿਆ ਸੀ।

ਇਸ ਇੰਟਰਵਿਊ ਦੌਰਾਨ ਡਾ: ਗਰੇਵਾਲ ਨੇ 'ਆਸਟ੍ਰੇਲੀਅਨ ਸਿਟੀਜ਼ਨ ਆਫ਼ ਦੀ ਈਅਰ' ਸਨਮਾਨ ਲਈ ਸਥਾਨਿਕ ਲੋਕਾਂ ਅਤੇ ਕੌਂਸਲ ਦਾ ਧੰਨਵਾਦ ਵੀ ਕੀਤਾ।

ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ.....


Share

Follow SBS Punjabi

Download our apps

Watch on SBS

Punjabi News

Watch now